ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਲੱਖਣ ਉਪਰਾਲੇ ਵਜੋ ਡਿਪਟੀ ਕਮਿਸ਼ਨਰ ਮੋਗਾ ਮੋਗਾ ਸੰਦੀਪ ਹੰਸ ਨੇ ਅੱਜ ਸੋਮਵਾਰ ਨੂੰ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਤਹਿਤ ਜ਼ਿਲ੍ਹੇ ਦੀਆਂ ਤਿੰਨ ਸਫਲ ਔਰਤਾਂ ਦੀ ਡਾਕੂਮੈਟਰੀ ਫਿਲਮ ਰਿਲੀਜ ਕੀਤੀ । ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੀਤਾ ਦਰਸ਼ੀ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਾਜਿੰਦਰ ਬੱਤਰਾ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਾਕੂਮੈਟਰੀ ਫਿਲਮ ਰਿਲੀਜ਼ ਕਰਦਿਆਂ ਕਿਹਾ ਕਿ ਇਹ ਫਿਲਮ ਜ਼ਿਲ੍ਹਾ ਪ੍ਰਸਾਸਨ ਦੀ ਤਰਫੋ ਔਰਤਾਂ ਦੀ ਸ਼ਸ਼ਕਤੀਕਰਨ ਵਿੱਚ ਵਾਧਾ ਕਰਨ ਲਈ ਬਣਾਈ ਗਈ ਹੈ।ਇਹ 90-ਸਕਿੰਟ ਦੀ ਡੌਕੂਮੈਂਟਰੀ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਮੋਗਾ ਦੀ ਲੜਕੀ ਰਿਤਿਕਾ ਜਿੰਦਲ ਨੇ ਨੇ 22 ਸਾਲ ਦੀ ਉਮਰ ਵਿਚ 88 ਵਾਂ ਰੈਂਕ ਪ੍ਰਾਪਤ ਕਰਕੇ ਭਾਰਤੀ ਸਿਵਲ ਸੇਵਾਵਾਂ (ਆਈਏਐਸ) ਦੀ ਪ੍ਰੀਖਿਆ ਪਾਸ ਕੀਤੀ, ਜਦਕਿ ਮੋਗਾ ਦੇ ਚੜਿੱਕ ਪਿੰਡ ਦੀ 17 ਸਾਲਾ ਲੜਕੀ ਸੁਖਮਨਦੀਪ ਕੌਰ ਜੋ ਕਿ ਬਾਸਕਟਬਾਲ ਦੀ ਗੋਲਡ ਮੈਡਲਿਸਟ ਰਹਿਣ ਤੋ ਇਲਾਵਾ ਦੋ ਵਾਰ ਕੌਮੀ ਬਾਸਕਟਬਾਲ ਟੀਮ ਦੀ ਕੈਪਟਨ ਵੀ ਰਹਿ ਚੁੱਕੀ ਹੈ।ਇਸ ਫਿਲਮ ਵਿਚ 15 ਸਾਲਾ ਲੜਕੀ ਵਿਪਨਪ੍ਰੀਤ ਮਲ੍ਹੀ ਵੀ ਸ਼ਾਮਲ ਹੈ, ਜੋ ਕਿ ਦੋ ਭਾਰਤੀਆਂ ਦੀ ਸੂਚੀ ਵਿੱਚ ਸ਼ਾਮਿਲ ਹੈ ਜਿੰਨ੍ਹਾਂ ਨੇ ਜਪਾਨ ਦੇ ਟੋਕੀਓ ਵਿੱਚ ਆਯੋਜਿਤ ਰੈੱਡ ਕਰਾਸ ਇੰਟਰਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਵਿਚ ਭਾਗ ਲਿਆ ਅਤੇ ਇਸ ਨੇ ਨਵੀਂ ਦਿੱਲੀ ਵਿਚ ਸਾਲਾਨਾ ਕੌਮੀ ਐਨ.ਸੀ.ਸੀ. ਗਣਤੰਤਰ ਦਿਵਸ ਕੈਂਪ ਵਿਚ ਵੀ ਹਿੱਸਾ ਲਿਆ ਸੀ।ਡਿਪਟੀ ਕਮਿਸ਼ਨਰ ਨੇ ਮਹਿਲਾ ਸਸ਼ਕਤੀਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਔਰਤਾਂ ਦੇਸ਼ ਦੀ ਸਭ ਤੋ ਵੱਡੀ ਸੰਪਤੀ ਹਨ ਅਤੇ ਇਨ੍ਹਾਂ ਨੇ ਪਹਿਲਾਂ ਹੀ ਵੱਖ ਵੱਖ ਖੇਤਰਾਂ ਵਿੱਚ ਆਪਣੀ ਯੋਗਤਾ ਸਾਬਤ ਕੀਤੀ ਹੈ। ਪਰ ਸਮੇਂ ਦੀ ਜ਼ਰੂਰਤ ਉਨ੍ਹਾਂ ਨੂੰ ਹੋਰ ਮੌਕੇ ਪ੍ਰਦਾਨ ਕਰਨਾ ਹੈ ਤਾਂ ਕਿ ਉਹ ਆਪਣੇ ਜੀਵਨ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰ ਸਕਣ ਅਤੇ ਸਵੈ ਨਿਰਭਰ ਹੋ ਸਕਣ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਸਿਨੇਮਾ ਅਪਰੇਟਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕਿਸੇ ਵੀ ਫਿਲਮ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਡਾਕੂਮੈਟਰੀ ਫਿਲਮ ਦਾ ਪ੍ਰਸਾਰਨ ਕਰਨ ਤਾਂ ਕਿ ਬੇਟੀਆਂ ਨੂੰ ਪੜ੍ਹਾਉਣ ਦਾ ਸੁਨੇਹਾ ਜਨਤਾ ਵਿੱਚ ਪਹੁੰਚਾਇਆ ਜਾ ਸਕੇ ਤਾਂ ਕਿ ਬੇਟੀਆਂ ਪੜ੍ਹ ਲਿਖ ਕੇ ਸਵੈ ਨਿਰਭਰ ਹੋ ਸਕਣ।ਇਸ ਮੌਕੇ 'ਤੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਗੁਰਵਿੰਦਰ ਸਿੰਘ ਜੋਹਲ , ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ, ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਡਾ ਮਨਦੀਪ ਕੌਰ ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਸਵਰਨਜੀਤ ਕੌਰ ਅਤੇ ਹੋਰ ਅਧਿਕਾਰੀ ਅਤੇ ਮਹਿਲਾ ਕਰਮਚਾਰੀ ਮੌਜੂਦ ਸਨ।