70 ਵਿਦਿਆਰਥਣਾਂ ਦੇ ਪਹਿਲੇ ਬੈਚ ਨੂੰ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਸਥਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਵੱਲੋਂ ਮੁਫ਼ਤ ਕਿਤਾਬਾਂ ਵੰਡ ਕੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਤਹਿਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਾਰ ਮਹੀਨੇ ਲਈ ਕਰਵਾਈ ਜਾਣ ਵਾਲੀ ਇਸ ਤਿਆਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਪ੍ਰਾਇਵੇਟ ਕੋਚਿੰਗ ਸੰਸਥਾ ਨਾਲ ਸਮਝੌਤਾ ਕੀਤਾ ਗਿਆ ਹੈ ਜੋ ਲੜਕੀਆਂ ਦੀ ਮੁਕਾਬਲੇ ਦੀਆਂ ਵੱਖ-ਵੱਖ ਪ੍ਰੀਖਿਆਵਾਂ ਲਈ ਚੋਣ ਕਰਵਾਉਣ ਵਿਚ ਮਦਦ ਕਰਨਗੇ। ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿਚ ਇਸ ਕੋਰਸ ਲਈ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਤੋਂ ਤਕਰੀਬਨ 17,000 ਰੁਪਏ ਫੀਸ ਲਈ ਜਾਂਦੀ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੀਆਂ ਨੂੰ ਇਹ ਕੋਰਸ ਮੁਫ਼ਤ ਕਰਵਾਉਣ ਦੇ ਨਾਲ ਨਾਲ ਤਿਆਰੀ ਲਈ ਕਿਤਾਬਾਂ ਤੇ ਹੋਰ ਸਮੱਗਰੀ ਵੀ ਦਿੱਤੀ ਜਾਵੇਗੀ।ਇਸ ਮੌਕੇ ਪਹਿਲੇ ਬੈਚ ਵਿਚ ਭਾਗ ਲੈ ਰਹੀਆਂ ਲੜਕੀਆਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਇਸ ਕੋਚਿੰਗ ਦੀ ਸ਼ੁਰੂਆਤ ਕਰਨ ਦਾ ਮੁੱਖ ਮਕਸਦ ਧੀਆਂ ਨੂੰ ਸਮਾਜ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਮਦਦ ਕਰਨਾ ਹੈ। ਉਨ੍ਹਾਂ ਕਿਹਾ ਕਿ ਅਕਸਰ ਹੀ ਲੜਕੀਆਂ ਨੂੰ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਦੇ ਨਾਂ ਲੈ ਕੇ ਹੀ ਪਛਾਣਿਆ ਜਾਂਦਾ ਹੈ ਪਰ ਜੇਕਰ ਧੀਆਂ ਪੜ੍ਹ ਲਿਖ ਕੇ ਚੰਗੇ ਰੋਜ਼ਗਾਰ 'ਤੇ ਲੱਗ ਜਾਣਗੀਆਂ ਤਾਂ ਸਮਾਜ ਵਿਚ ਉਨ੍ਹਾਂ ਦੀ ਪਛਾਣ ਉਨ੍ਹਾਂ ਦੇ ਆਪਣੇ ਨਾਂ ਤੋਂ ਹੀ ਬਣੇਗੀ। ਉਨ੍ਹਾਂ ਲੜਕੀਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਚਾਰ ਮਹੀਨੇ ਦੇ ਇਸ ਕੋਰਸ ਤੋਂ ਬਾਅਦ ਵੀ ਜੇਕਰ ਕਿਸੇ ਮਸਲੇ 'ਤੇ ਕੋਚਿੰਗ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਜ਼ਰੂਰ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ 'ਸੁਪੋਰਟ ਕਾਰਡ' ਤਿਆਰ ਕਰਕੇ ਦਿੱਤੇ ਜਾਣਗੇ ਜਿਨ੍ਹਾਂ ਦੀ ਮਦਦ ਨਾਲ ਭਵਿੱਖ ਵਿਚ ਕਦੇ ਵੀ ਉਹ ਮਦਦ ਹਾਸਲ ਕਰ ਸਕਣਗੀਆਂ।ਘਨਸ਼ਿਆਮ ਥੋਰੀ ਨੇ ਦੱਸਿਆ ਕਿ ਧੀਆਂ ਨੂੰ ਸਮਾਜ ਵਿਚ ਬਣਦਾ ਮਾਣ-ਸਨਮਾਨ ਦਿਵਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਮੁੰਡੇ ਅਤੇ ਕੁੜੀ ਵਿਚਲੇ ਪਾੜੇ ਨੂੰ ਖ਼ਤਮ ਕਰਕੇ ਆਪਣੀਆਂ ਧੀਆਂ ਦਾ ਵੀ ਚੰਗਾ ਪਾਲਣ-ਪੋਸ਼ਣ ਕਰਨ ਤਾਂ ਜੋ ਅੱਗੇ ਜਾ ਕੇ ਉਹ ਵੀ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਵਿਚ ਕਾਮਯਾਬ ਹੋ ਸਕਣ।ਇਸ ਮੌਕੇ ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜਰ ਸਨ।