ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ, ਜਿਹਨਾਂ ਦੀ ਕੱਲ੍ਹ ਸੰਸਦ ਤੱਕ ਮਾਰਚ ਦੌਰਾਨ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਦੇ ਮਸਲੇ ਜਲਦ ਹੱਲ ਕਰਨ ਅਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੀਖਿਆਵਾਂ ਦੇ ਪੇਪਰ ਲੀਕ ਕਰਨ ਦੇ ਮਾਮਲੇ ਵਿਚ ਦੋਗਲਾਪਨ ਵਿਖਾਉਣ ਦੀ ਨਿਖੇਧੀ ਕੀਤੀ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਇਹ ਸਾਡੇ ਬੱਚੇ ਹਨ। ਇਹਨਾਂ ਦਾ ਮੁੱਦਾ ਭਾਵੁਕ ਹੈ ਤੇ ਸਾਰਾ ਦੇਸ਼ ਇਸ ਤੋਂ ਪ੍ਰਭਾਵਤ ਹੈ। ਬਜਾਏ ਵਿਦਿਆਰਥੀਆਂ ਨਾਲ ਟਕਰਾਅ ਦੀ ਨੀਤੀ ਅਪਣਾਉਣ ਦੇ ਸਾਨੂੰ ਉਹਨਾਂ ਪ੍ਰਤੀ ਪਿਆਰ ਤੇ ਉਹਨਾਂ ਦਾ ਖਿਆਲ ਰੱਖਣ ਦੀ ਨੀਤੀ ਅਪਣਾਉਣੀ ਚਾਹੀਦੀਹੈ। ਜਦੋਂ ਇਕ ਵਾਰ ਡਾਂਗਾਂ ਦੀ ਥਾਂ ਪਿਆਰ ਨੇ ਲੈ ਲਈ ਤਾਂ ਮਸਲਾ ਤੁਰੰਤ ਹੱਲ ਹੋ ਜਾਵੇਗਾ।
ਸਰਦਾਰ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਵੱਲੋਂ ਵਿਖਾਏ ਦੋਗਲੇਪਨ ਦਾ ਵੀ ਗੰਭੀਰ ਨੋਟਿਸ ਲਿਆ। ਉਹਨਾਂ ਕਿਹਾ ਕਿ ਇਸ ਨਾਲੋਂ ਵੱਡਾ ਧੋਖਾ ਤੇ ਜਾਅਲਸਾਜ਼ੀ ਹੋਰ ਕੋਈ ਨਹੀਂ ਹੋ ਸਕਦੀ ਕਿ ਇਕ ਪਾਸੇ ਤਾਂ ਉਹ ਜੰਤਰ ਮੰਤਰ ਵਿਖੇ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟ ਕਰ ਰਹੇ ਹਨ ਜਦੋਂ ਕਿ ਪੰਜਾਬ ਵਿਚ ਭਰਤੀ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਸਮੇਤ ਹੋਰ ਬੇਨਿਯਮੀਆਂ ਦੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਰਹੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਜਿਥੇ ਕੋਈ ਵੀ ਠੋਸ ਕਾਰਵਾਈ ਕਰਨ ਵਿਚ ਨਾਕਾਮ ਰਹੇ ਹਨ, ਉਥੇ ਹੀ ਇਹ ਵੀ ਨਹੀਂ ਦੱਸ ਸਕੇ ਕਿ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀ ਐਸ ਐਸ ਬੀ) ਜੋ ਸਿੱਧਾ ਉਹਨਾਂ ਨੂੰ ਰਿਪੋਰਟ ਕਰਦਾ ਹੈ, ਵੱਲੋਂ ਲਈ ਗਈ ਭਰਤੀ ਪ੍ਰੀਖਿਆ ਵਿਚ ਇੰਨੇ ਵੱਡੇ ਪੱਧਰ ’ਤੇ ਬੇਨਿਯਮੀਆਂ ਕਿਉਂ ਹੋਈਆਂ। ਉਹਨਾਂ ਕਿਹਾ ਕਿ ਫਾਰਮੇਸੀ ਅਫਸਰ ਪ੍ਰੀਖਿਆ ਪੇਪਰ ਵਿਚ ਨਕਲ ਘੁਟਾਲੇ ਤੋਂ ਲੈ ਕੇ ਪੀ ਐਸ ਐਸ ਐਸ ਬੀ ਦੀਆਂ ਬੇਨਿਯਮੀਆਂ ਸਮੇਤ ਭਰਤੀ ਦੇ ਬਹੁ ਘੁਟਾਲੇ ਸਾਰੇ ਭਗਵੰਤ ਮਾਨ ਦੇ ਜ਼ੀਰੋ ਲੀਕ ਤੇ ਮੈਰਿਟ ਆਧਾਰਿਤ ਭਰਤੀ ਦੇ ਦਾਅਵੇ ਨੂੰ ਝੂਠਾ ਸਾਬਤ ਕਰਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਾਰੇ ਪ੍ਰਦਰਸ਼ਨਕਾਰੀਆਂ ਭਾਵੇਂ ਉਹ ਬਿਜਲੀ ਬੋਰਡ ਮੁਲਾਜ਼ਮ ਹੋਣ ਜਾਂ ਫਿਰ ਮਨਰੇਗਾ ਵਰਕਰ ਸਭ ’ਤੇ ਤਸ਼ੱਦਦ ਢਾਹੁਣ ਸਮੇਤ ਬੇਰੁਖੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਦੀ ਆਵਾਜ਼ ਵੀ ਕੁਚਲੀ ਨਹੀਂ ਜਾਣੀ ਚਾਹੀਦੀ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਬਾਰੇ ਭਾਰਤ-ਅਮਰੀਕਾ ਸਮਝੌਤੇ ਬਾਰੇ ਕਿਸਾਨਾਂ ਨਾਲ ਗੱਲਬਾਤ ਕਰਨ।
ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖਦਸ਼ਾ ਹੈ ਕਿ ਇਸ ਵਪਾਰ ਸੌਦੇ ਦਾ ਦੇਸ਼ ਦੇ ਖੇਤੀਬਾੜੀ ਅਰਥਚਾਰੇ ’ਤੇ ਮਾੜਾ ਅਸਰ ਪਵੇਗਾ ਕਿਉਂਕਿ ਇਸ ਨਾਲ ਅਮਰੀਕਾ ਤੋਂ ਸਸਤੇ ਖੇਤੀਬਾੜੀ ਤੇ ਡੇਅਰੀ ਪਦਾਰਥਾਂ ਦੀ ਦਰਾਮਦ ਵਧੇਗੀ। ਉਨਾਂ ਕਿਹਾ ਕਿ ਸਰਕਾਰ ਨੂੰ ਇਹ ਸੌਦਾ ਜਨਤਕ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਵੀ ਪਤਾ ਲੱਗ ਸਕੇ ਕਿ ਇਹ ਸੌਦਾ ਉਹਨਾਂ ਲਈ ਚੰਗਾ ਹੈ ਜਾਂ ਮਾੜਾ ਹੈ।ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ 24 ਜੁਲਾਈ ਨੂੰ ਮੀਰੀ-ਪੀਰੀ ਦਿਵਸ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼ੁਰੂ ਹੋ ਰਹੇ ਖਾਲਸਾ ਮਾਰਚ ਵਿਚ ਵੱਧ ਚੜ੍ਹ ਕੇ ਭਾਗ ਲਵੇਗਾ।
ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਅੱਜ ਮੀਟਿੰਗ ਕੀਤੀ ਹੈ ਤੇ ਸਾਰੀ ਪਾਰਟੀ ਇਸ ਮਾਮਲੇ ’ਤੇ ਇਕ ਰਾਇ ਰੱਖਦੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮਹਿੰਗਾਈ ਭੱਤਾ ਮੁਲਾਜ਼ਮਾਂ ਦਾ ਹੱਕ ਹੈ ਤੇ ਆਪ ਸਰਕਾਰ ਅਦਾਲਤੀ ਹੁਕਮਾਂ ਦੇ ਬਾਵਜੂਦ ਮੁਲਾਜ਼ਮਾਂ ਦਾ ਇਹ ਹੱਕ ਰੋਕ ਕੇ ਬੈਠੀ ਹੈ ਤੇ ਉਸਨੂੰ ਤੁਰੰਤ ਮਹਿੰਗਾਈ ਭੱਤਾ ਜਾਰੀ ਕਰਨਾ ਚਾਹੀਦਾ ਹੈ। ਉਹਨਾਂ ਨੇ ਸ੍ਰੀ ਮੁਕਤਸਰ ਸਾਹਿਬ ਵਿਚ ਵਾਪਰੀ ਬੇਅਦਬੀ ਘਟਨਾ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਹੈਰਾਨੀ ਵਾਲੀਗੱਲ ਹੈ ਕਿ ਪ੍ਰਸ਼ਾਸਨ ਨੇ ਮਾਮਲੇ ਵਿਚ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਜਦੋਂ ਗੁਰੂ ਦੋਖੀ ਮੁੱਖ ਮੰਤਰੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਵੇ ਤਾਂ ਅਜਿਹਾ ਹੋਣਾ ਸੁਭਾਵਕ ਹੈ।