ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਦੀ ਅਗਵਾਈ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਐਨ.ਡੀ.ਆਰ.ਐਫ. (ਰਾਸ਼ਟਰੀ ਆਫ਼ਤ ਪ੍ਰਬੰਧਨ ਬਲ) ਦੇ ਸਹਿਯੋਗ ਨਾਲ ਆਪਦਾ ਮਿੱਤਰਾ, ਕਮਿਊਨਿਟੀ ਵਲੰਟੀਅਰਾਂ ਅਤੇ ਪਟਵਾਰੀਆਂ ਲਈ ਆਫ਼ਤ ਪ੍ਰਬੰਧਨ ਸਬੰਧੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਦਾ ਉਦੇਸ਼ ਕੁਦਰਤੀ ਅਤੇ ਹੋਰ ਆਫ਼ਤਾਂ ਦੌਰਾਨ ਸਥਾਨਕ ਪੱਧਰ 'ਤੇ ਤੁਰੰਤ ਅਤੇ ਪ੍ਰਭਾਵਸ਼ਾਲੀ ਬਚਾਅ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਭਾਗੀਦਾਰਾਂ ਦੀ ਸਮਰੱਥਾ ਵਿੱਚ ਵਾਧਾ ਕਰਨਾ ਸੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਕਿਹਾ ਕਿ ਆਫ਼ਤਾਂ ਦੇ ਸਮੇਂ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਸਥਾਨਕ ਭਾਈਚਾਰੇ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ। ਆਪਦਾ ਮਿੱਤਰ, ਕਮਿਊਨਿਟੀ ਵਲੰਟੀਅਰ ਅਤੇ ਪਟਵਾਰੀ ਅਜਿਹੇ ਸਮੇਂ ਲੋਕਾਂ ਦੀ ਸੁਰੱਖਿਆ, ਰਾਹਤ ਅਤੇ ਬਚਾਅ ਕਾਰਜਾਂ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਹੀ ਸਿਖਲਾਈ ਅਤੇ ਆਪਸੀ ਤਾਲਮੇਲ ਨਾਲ ਕਿਸੇ ਵੀ ਆਫ਼ਤ ਦੌਰਾਨ ਜਾਨ-ਮਾਲ ਦੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਭਾਗੀਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਿਖਲਾਈ ਤੋਂ ਪ੍ਰਾਪਤ ਗਿਆਨ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਵਰਤਣ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਆਫ਼ਤਾਂ ਤੋਂ ਬਚਾਅ ਸਬੰਧੀ ਜਾਗਰੂਕ ਕਰਨ, ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਹਰ ਨਾਗਰਿਕ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾ ਸਕੇ।
ਐਨ.ਡੀ.ਆਰ.ਐਫ. ਦੇ ਮਾਹਿਰਾਂ ਨੇ ਸਿਖਲਾਈ ਦੌਰਾਨ ਹੜ੍ਹ, ਭੂਚਾਲ, ਅੱਗ, ਇਮਾਰਤ ਡਿੱਗਣ, ਸੜਕ ਹਾਦਸਿਆਂ ਅਤੇ ਹੋਰ ਐਮਰਜੈਂਸੀ ਸਥਿਤੀਆਂ ਦੌਰਾਨ ਖੋਜ ਅਤੇ ਬਚਾਅ ਕਾਰਜ, ਮੁੱਢਲੀ ਸਹਾਇਤਾ, ਸੀ.ਪੀ.ਆਰ. ਸੁਰੱਖਿਅਤ ਨਿਕਾਸੀ , ਰੱਸੀ ਰਾਹੀਂ ਬਚਾਅ ਤਕਨੀਕਾਂ, ਐਮਰਜੈਂਸੀ ਸੰਚਾਰ ਪ੍ਰਬੰਧਨ ਅਤੇ ਰਾਹਤ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਟੀਮ ਵੱਲੋਂ ਵੱਖ-ਵੱਖ ਬਚਾਅ ਉਪਕਰਨਾਂ ਦੀ ਵਰਤੋਂ ਸਬੰਧੀ ਪ੍ਰਯੋਗਾਤਮਕ ਡੈਮੋ ਵੀ ਦਿੱਤੇ ਗਏ, ਜਿਸ ਵਿੱਚ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਐਨ.ਡੀ.ਆਰ.ਐਫ. ਦੇ ਅਧਿਕਾਰੀਆਂ ਨੇ ਕਿਹਾ ਕਿ ਆਫ਼ਤ ਦੇ ਸਮੇਂ ਪਹਿਲੇ ਕੁਝ ਮਿੰਟ ਅਤੇ ਘੰਟੇ ਬਹੁਤ ਮਹੱਤਵਪੂਰਨ ਹੁੰਦੇ ਹਨ। ਜੇਕਰ ਸਥਾਨਕ ਪੱਧਰ 'ਤੇ ਸਿਖਲਾਈ ਪ੍ਰਾਪਤ ਟੀਮਾਂ ਤੁਰੰਤ ਕਾਰਵਾਈ ਕਰਨ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਰਾਹਤ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਫ਼ਤ ਪ੍ਰਬੰਧਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਭਵਿੱਖ ਵਿੱਚ ਵੀ ਅਜਿਹੇ ਸਿਖਲਾਈ ਪ੍ਰੋਗਰਾਮ ਲਗਾਤਾਰ ਕਰਵਾਉਂਦਾ ਰਹੇਗਾ, ਤਾਂ ਜੋ ਜ਼ਿਲ੍ਹੇ ਵਿੱਚ ਇੱਕ ਸਮਰੱਥ ਅਤੇ ਤਿਆਰ ਆਫ਼ਤ ਪ੍ਰਤੀਕਿਰਿਆ ਪ੍ਰਣਾਲੀ ਵਿਕਸਿਤ ਕੀਤੀ ਜਾ ਸਕੇ। ਇਸ ਮੌਕੇ ਐਨ.ਡੀ.ਆਰ.ਐਫ. ਦੇ ਅਧਿਕਾਰੀ, ਮਾਲ ਵਿਭਾਗ ਦੇ ਅਧਿਕਾਰੀ, ਆਪਦਾ ਮਿੱਤਰ, ਕਮਿਊਨਿਟੀ ਵਲੰਟੀਅਰ, ਪਟਵਾਰੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਜਿਕਰਯੋਗ ਹੈ ਕਿ ਐਨ.ਡੀ.ਆਰ.ਐਫ. ਵੱਲੋਂ 23 ਜੁਲਾਈ ਨੂੰ ਧਰਮਕੋਟ ਹਲਕੇ ਵਿੱਚ ਧੁੱਸੀ ਬੰਨ੍ਹ ਉੇਪਰ ਆਫਤ ਪ੍ਰਬੰਧਨ ਸਬੰਧੀ ਸਿਖਲਾਈ ਦਿੱਤੀ ਜਾਵੇਗੀ ।