ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ. ਕੁਲਵਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ 'ਬੇਟੀ ਬਚਾਓ ਬੇਟੀ ਪੜ੍ਹਾਓ' ਤਹਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਐਸ.ਡੀ.ਐਮ. ਬਰਨਾਲਾ ਸ੍ਰੀ ਸੰਦੀਪ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਲੜਕੇ ਅਤੇ ਲੜਕੀ ਵਿਚ ਕੋਈ ਫ਼ਰਕ ਨਹੀਂ ਕਿਉਂਕਿ ਲੜਕੀਆਂ ਹਰ ਖੇਤਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਹਮੇਸ਼ਾਂ ਤਰੱਕੀ ਕਰਦਾ ਹੈ ਜੋ ਆਪਣੀ ਬੇਟੀ ਨੂੰ ਅੱਗੇ ਵੱਧਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਲਈ ਸਾਨੂੰ ਲੜਕੀ ਤੇ ਲੜਕੇ ਵਿਚਲੇ ਭੇਦਭਾਵ ਨੂੰ ਖ਼ਤਮ ਕਰਨਾ ਚਾਹੀਦਾ ਹੈ। ਉਨ੍ਹਾਂ ਜਿੱਥੇ ਨਸ਼ਿਆਂ ਖਿਲਾਫ਼ ਲਹਿਰ ਚਲਾਉਣ ਅਤੇ ਪਲਾਸਟਿਕ ਲਿਫਾਫਿਆਂ ਉਪਰ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਉੱਥੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਾਉਣ ਲਈ ਵੀ ਪ੍ਰੇਰਿਆ। ਸਮਾਗਮ ਦੌਰਾਨ ਪ੍ਰਿੰ: ਨੀਲਮ ਸ਼ਰਮਾ, ਪ੍ਰੋ: ਰਾਮ ਸਰੂਪ ਸ਼ਰਮਾ, ਮੈਡਮ ਅਰਚਨਾ ਅਤੇ ਪ੍ਰੋ: ਸ਼ਾਰਦਾ ਅੱਤਰੀ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿਚ ਨਵਜੰਮੀਆਂ ਬੇਟੀਆਂ ਨੂੰ ਬੇਬੀ ਕਿੱਟਾਂ ਤੇ ਮਠਿਆਈਵੀ ਵੰਡੀ ਗਈ ਅਤੇ ਜ਼ਿਲ੍ਹੇ ਨਾਲ ਸਬੰਧਤ ਹੋਣਹਾਰ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੀ.ਡੀ.ਪੀ.ਓ. ਬਰਨਾਲਾ ਸ. ਅਰਵਿੰਦਰ ਸਿੰਘ ਭੱਟੀ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ. ਰਾਜੇਸ਼ ਕੁਮਾਰ ਛਿੱਬਰ, ਈ.ਓ. ਨਗਰ ਕੌਂਸਲ ਪਰਵਿੰਦਰ ਸਿੰਘ ਭੱਟੀ, ਤਹਿਸੀਲਦਾਰ ਬਰਨਾਲਾ ਹਰਬੰਸ ਸਿੰਘ, ਬੀ.ਡੀ.ਪੀ.ਓ. ਬਰਨਾਲਾ ਚਮਨ ਲਾਲ, ਸੀ.ਡੀ.ਪੀ.ਓ. ਮਹਿਲ ਕਲਾਂ ਨੇਹਾ ਸਿੰਘ, ਸੀ.ਡੀ.ਪੀ.ਓ. ਸ਼ਹਿਣਾ ਨਿਕਿਤਾ ਢੀਂਗਰਾ, ਸੀ.ਆਈ.ਡੀ. ਇੰਸੈਪਕਟਰ ਅਵਤਾਰ ਸਿੰਘ ਤੋਂ ਇਲਾਵਾ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਸੀ।