ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਸ਼ਹਿਰ ਵਿੱਚ ਵੱਧ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖਦਿਆਂ ਸਮਗੋਲੀ ਵਿਖੇ ਨਗਰ ਨਿਗਮ ਦੀ ਜ਼ਮੀਨ ਵਿੱਚ ਡੌਗ ਸ਼ੈਲਟਰ ਬਣਾਉਣ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿੱਚ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅਵਾਰਾ ਕੁੱਤਿਆਂ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਖਾਸ ਕਰਕੇ ਸੀਨੀਅਰ ਸਿਟੀਜ਼ਨ, ਸਵੇਰੇ-ਸ਼ਾਮ ਸੈਰ ਕਰਨ ਵਾਲੇ ਲੋਕ, ਸਕੂਲੀ ਬੱਚੇ ਅਤੇ ਮਹਿਲਾਵਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਮਾਣਯੋਗ ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਸਬੰਧੀ ਦਿੱਤੇ ਗਏ ਆਦੇਸ਼ਾਂ ਵਿੱਚ ਜਨਤਕ ਥਾਵਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾ ਕੇ ਉਨ੍ਹਾਂ ਨੂੰ ਸ਼ੈਲਟਰਾਂ ਵਿੱਚ ਭੇਜਣ ਅਤੇ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਸੁਪਰੀਮ ਕੋਰਟ ਨੇ ਲੋਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦੱਸਿਆ ਹੈ। ਬੇਦੀ ਨੇ ਕਿਹਾ ਕਿ ਸਮਗੋਲੀ ਵਿਖੇ ਨਗਰ ਨਿਗਮ ਦੇ ਕਬਜ਼ੇ ਹੇਠ ਲਗਭਗ 39 ਏਕੜ ਜ਼ਮੀਨ ਪਈ ਹੈ, ਜਿਸ ਵਿੱਚੋਂ ਕੁਝ ਹਿੱਸੇ ਨੂੰ ਡੌਗ ਸ਼ੈਲਟਰ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਜਗ੍ਹਾ ਦੇ ਇੱਕ ਪਾਸੇ ਚਾਰਦੀਵਾਰੀ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਡੰਪਿੰਗ ਗਰਾਊਂਡ ਦਾ ਕੰਮ ਵੀ ਅਜੇ ਤੱਕ ਸ਼ੁਰੂ ਨਹੀਂ ਹੋਇਆ।
ਇਸ ਲਈ ਘੱਟ ਖਰਚੇ ਨਾਲ ਉੱਥੇ ਤੁਰੰਤ ਡੌਗ ਸ਼ੈਲਟਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੁੱਲ੍ਹੀ ਜਗ੍ਹਾ ਹੋਣ ਕਾਰਨ ਕੁੱਤਿਆਂ ਨੂੰ ਵੀ ਵਧੀਆ ਮਾਹੌਲ ਮਿਲੇਗਾ ਅਤੇ ਡੌਗ ਲਵਰ ਵੀ ਉੱਥੇ ਜਾ ਕੇ ਉਨ੍ਹਾਂ ਦੀ ਦੇਖਭਾਲ ਕਰ ਸਕਣਗੇ। ਇਸ ਨਾਲ ਸ਼ਹਿਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਡਰ ਦਾ ਮਾਹੌਲ ਘੱਟ ਹੋਵੇਗਾ।
ਕੁਲਜੀਤ ਸਿੰਘ ਬੇਦੀ ਨੇ ਨਗਰ ਨਿਗਮ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ ਗਮਾਡਾ ਵੱਲੋਂ ਹੋਰ ਜ਼ਮੀਨ ਸਬੰਧੀ ਕੋਈ ਫੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਇਸ ਜਗ੍ਹਾ ਨੂੰ ਅਸਥਾਈ ਅਤੇ ਤੁਰੰਤ ਹੱਲ ਵਜੋਂ ਵਰਤਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਮੌਕੇ ਦਾ ਮੁਆਇਨਾ ਕਰਵਾ ਕੇ ਨਕਸ਼ਾ ਤਿਆਰ ਕੀਤਾ ਜਾਵੇ ਅਤੇ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਅਤੇ ਰਾਹਤ ਲਈ ਨਗਰ ਨਿਗਮ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿੰਮੇਵਾਰੀ ਨਾਲ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।