ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਪੰਜਾਬ ਸਰਕਾਰ ਵੱਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਆਦਿ ਮਹਾਨ ਸ਼ਹੀਦਾਂ ਦੀ ਅਮਰ ਸ਼ਹਾਦਤ ਨੂੰ ਸਮਰਪਿਤ 11 ਨਵੰਬਰ, ਮੰਗਲਵਾਰ ਨੂੰ ਸ਼ਾਮ 5.30 ਵਜੇ ਸਰਸ ਮੇਲਾ ਗਰਾਊਂਡ, ਮੋਹਾਲੀ ਵਿਖੇ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਸ਼ਹਿਰ ਵਾਸੀਆਂ ਨੂੰ ਪਰਿਵਾਰ ਸਮੇਤ ਆਉਣ ਦਾ ਸੱਦਾ ਦਿੱਤਾ ਹੈ। ਸੋਮਵਾਰ ਸ਼ਾਮ ਪ੍ਰਬੰਧਾਂ ਨੂੰ ਲੈ ਕੇ ਸਰਸ ਮੇਲਾ ਗਰਾਊਂਡ, ਸੈਕਟਰ 88, ਮੋਹਾਲੀ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ, ਨਾਲ ਮੀਟਿੰਗ ਕਰਦਿਆਂ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਗੀਤਿਕਾ ਸਿੰਘ ਨੇ ਦੱਸਿਆ ਕਿ ਲਾਈਟ ਐਂਡ ਸਾਊਂਡ ਸਮਾਗਮ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਅਦੁੱਤੀ ਸਮਾਗਮ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਸਮੂਹ ਜ਼ਿਲ੍ਹਾ ਵਾਸੀ ਵੱਧ ਚੜ੍ਹ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਆਦਿ ਮਹਾਨ ਸ਼ਹੀਦਾਂ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਆ ਕੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਅਤੇ ਆਪਣੇ ਸ਼ਹਾਦਤਾਂ ਨਾਲ ਭਰਪੂਰ ਮਹਾਨ ਵਿਰਸੇ ਤੋਂ ਜਾਣੂ ਹੋਣ।
ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਵਾਰ-ਵਾਰ ਨਹੀਂ ਆਉਂਦੇ ਅਤੇ ਸਾਡੇ ਗੁਰੂਆਂ ਅਤੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸਮਾਗਮ ਵਿੱਚ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਸ਼ਿਰਕਤ ਕਰਨ। ਇਸ ਮੌਕੇ ਮਸ਼ੂਹਰ ਢਾਡੀ ਜੱਥੇ ਲਾਈਟ ਐਂਡ ਸਾਊਂਡ ਸ਼ੋਅ ਤੋਂ ਪਹਿਲਾਂ ਸੰਗਤਾਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਨਿਹਾਲ ਕਰਨਗੇ।
ਉਨ੍ਹਾਂ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ ਬਹੁਤ ਵੱਡਾ ਮਾਣ ਮਿਲ ਰਿਹਾ ਹੈ ਕਿ ਲਾਈਟ ਐਂਡ ਸਾਊਂਡ ਸਮਾਗਮ ਤੋਂ ਇਲਾਵਾ 20 ਨਵੰਬਰ ਨੂੰ ਮਾਲਵਾ ਜ਼ੋਨ 2 ਦਾ ਨਗਰ ਕੀਰਤਨ ਜੋਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ, ਉਸ ਦਾ 21 ਨਵੰਬਰ ਸ਼ਾਮ ਨੂੰ ਮੋਹਾਲੀ ਵਿਖੇ ਭਰਵਾਂ ਸਵਾਗਤ ਹੋਵੇਗਾ ਤੇ ਰਾਤ ਦਾ ਪੜਾਅ ਮੋਹਾਲੀ ਵਿਖੇ ਕਰਨ ਉਪਰੰਤ 22 ਨਵੰਬਰ ਨੂੰ ਮੋਹਾਲੀ ਤੋਂ ਸ਼੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ।
ਵਧੀਕ ਡਿਪਟੀ ਕਮਿਸ਼ਨਰ ਗੀਤਿਕਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲੀਦਾਨ, ਸਿੱਖ ਧਰਮ ਦੇ ਤਿਆਗ ਅਤੇ ਅਸੂਲਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ ਜਿਸ ਨੂੰ ਜਿੰਨਾ ਸਿਜਦਾ ਕੀਤਾ ਜਾਵੇ ਥੋੜ੍ਹਾ ਹੈ। ਇਸ ਲਈ ਸੰਗਤਾਂ ਨੂੰ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜਣ ਦੀ ਬੇਨਤੀ ਕੀਤੀ ਜਾਂਦੀ ਹੈ।
ਇਸ ਮੌਕੇ ਐਸ ਡੀ ਐਮ ਮੋਹਾਲੀ ਦਮਨਦੀਪ ਕੌਰ, ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ, ਡੀ ਐਸ ਪੀ ਹਰਸਿਮਰਨ ਸਿੰਘ ਬੱਲ, ਨਾਇਬ ਤਹਿਸੀਲਦਾਰ ਹਰਸ਼ ਗਰਗ, ਹਰਮਨਪ੍ਰੀਤ ਸਿੰਘ ਚੀਮਾ, ਹਰਜੋਤ ਸਿੰਘ ਤੇ ਕਸ਼ਿਸ਼ ਗਰਗ, ਨਗਰ ਨਿਗਮ ਤੋਂ ਸਹਾਇਕ ਕਮਿਸ਼ਨਰ ਰੰਜੀਵ ਕੁਮਾਰ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਤੋਂ ਅਭਿਸ਼ੇਕ ਪੁਰੀ ਤੇ ਹੋਰ ਅਧਿਕਾਰੀ ਮੌਜੂਦ ਸਨ।