ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵਿਖੇ ਕਰਵਾਏ ਸਮਾਗਮ ਦੌਰਾਨ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸ.ਆਈ.ਆਰ.)-2026 ਤਹਿਤ ਵੋਟਰਾਂ ਤੋਂ ਪ੍ਰਾਪਤ ਐਨਿਊਮਰੇਸ਼ਨ ਫਾਰਮਾਂ ਦੀ 100 ਫ਼ੀਸਦੀ ਡਿਜੀਟਾਈਜ਼ੇਸ਼ਨ ਕਰਨ ਵਾਲੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਦਾ ਸਨਮਾਨ ਕੀਤਾ। ਇਸ ਮੌਕੇ ਬੀ.ਐਲ.ਓਜ਼ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ 42 ਪੋਲਿੰਗ ਬੂਥਾਂ ਦੀਆਂ ਐਨਿਊਮਰੇਸ਼ਨ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਦਾ ਕੰਮ 100 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ 838 ਪੋਲਿੰਗ ਬੂਥਾਂ 'ਤੇ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਨ੍ਹਾਂ ਬੂਥਾਂ 'ਤੇ ਡਿਜੀਟਾਈਜ਼ੇਸ਼ਨ ਦਾ ਕੰਮ ਮੁਕੰਮਲ ਹੋਣਾ ਬੀ.ਐਲ.ਓਜ਼ ਦੀ ਲਗਨ ਅਤੇ ਸਮਰਪਣ ਦਾ ਪ੍ਰਤੀਕ ਹੈ।ਸ੍ਰੀਮਤੀ ਕੋਮਲ ਮਿੱਤਲ ਨੇ ਬੀ.ਐਲ.ਓਜ਼ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਨਲਾਈਨ ਜਾਂਚ ਦੌਰਾਨ ਸਾਹਮਣੇ ਆਉਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਗੜਬੜੀਆਂ ਨੂੰ ਤੁਰੰਤ ਦੂਰ ਕਰਨ ਲਈ ਸੁਚੇਤ ਰਹਿਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ 100 ਫ਼ੀਸਦੀ ਸਹੀ ਵੋਟਰ ਸੂਚੀ ਤਿਆਰ ਕਰਨਾ ਇਸ ਰੀਵਿਜ਼ਨ ਦਾ ਮੁੱਖ ਉਦੇਸ਼ ਹੈ ਅਤੇ ਹਰ ਤਰ੍ਹਾਂ ਦੀ ਗਲਤੀ ਨੂੰ ਪੂਰੀ ਸਾਵਧਾਨੀ ਨਾਲ ਠੀਕ ਕੀਤਾ ਜਾਣਾ ਲਾਜ਼ਮੀ ਹੈ। ਇਸ ਮੌਕੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਪੀਰ ਮੁੱਛੱਲਾ ਸਥਿਤ ਬੂਥ ਨੰਬਰ 38 ਦੀ ਬੀ.ਐਲ.ਓ. ਸ੍ਰੀਮਤੀ ਸੰਜਨਾ ਗਰਗ ਨੇ ਦੱਸਿਆ ਕਿ ਪਹਿਲਾਂ ਤੋਂ ਕੀਤੀ ਗਈ ਪ੍ਰੀ-ਮੈਪਿੰਗ ਕਾਰਨ ਐਨਿਊਮਰੇਸ਼ਨ ਫਾਰਮ ਇਕੱਤਰ ਕਰਨ ਅਤੇ ਉਨ੍ਹਾਂ ਦੀ ਡਿਜੀਟਾਈਜ਼ੇਸ਼ਨ ਦਾ ਚੁਣੌਤੀਪੂਰਨ ਕੰਮ ਕਾਫ਼ੀ ਆਸਾਨ ਹੋ ਗਿਆ।
ਇਸੇ ਤਰ੍ਹਾਂ ਐੱਸ.ਏ.ਐੱਸ. ਨਗਰ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 162 ਦੀ ਬੀ.ਐਲ.ਓ. ਸ੍ਰੀਮਤੀ ਵੈਸ਼ਾਲੀ ਨੇ ਕਿਹਾ ਕਿ ਪ੍ਰੀ-ਮੈਪਿੰਗ ਰਾਹੀਂ ਵੋਟਰਾਂ ਦੇ ਪੁਰਾਣੇ ਵੇਰਵਿਆਂ ਦੀ ਜਾਣਕਾਰੀ ਪਹਿਲਾਂ ਹੀ ਉਪਲਬਧ ਹੋਣ ਕਾਰਨ ਇਹ ਪ੍ਰਕਿਰਿਆ ਵਧੇਰੇ ਸੁਚਾਰੂ ਅਤੇ ਸਟੀਕ ਢੰਗ ਨਾਲ ਨੇਪਰੇ ਚੜ੍ਹੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਦਾ ਸੋਧਿਆ ਹੋਇਆ ਸ਼ਡਿਊਲ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਘਰ-ਘਰ ਜਾ ਕੇ ਤਸਦੀਕ, ਐਨਿਊਮਰੇਸ਼ਨ ਫਾਰਮਾਂ ਦੀ ਪ੍ਰਾਪਤੀ ਅਤੇ ਉਨ੍ਹਾਂ ਦੀ ਡਿਜੀਟਾਈਜ਼ੇਸ਼ਨ ਲਈ ਵਾਧੂ ਸਮਾਂ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੋਧੇ ਹੋਏ ਪ੍ਰੋਗਰਾਮ ਅਨੁਸਾਰ ਬੀ.ਐਲ.ਓਜ਼ ਵੱਲੋਂ ਘਰ-ਘਰ ਜਾ ਕੇ ਸਰਵੇ ਦਾ ਕੰਮ 3 ਅਗਸਤ, 2026 ਤੱਕ ਜਾਰੀ ਰਹੇਗਾ ਅਤੇ ਇਸੇ ਦਿਨ ਪੋਲਿੰਗ ਸਟੇਸ਼ਨਾਂ ਦਾ ਤਰਕਸੰਗਤੀਕਰਨ/ਪੁਨਰ ਵਿਵਸਥਾ ਵੀ ਕੀਤੀ ਜਾਵੇਗੀ। 13 ਅਗਸਤ, 2026 ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ, ਜਦਕਿ 13 ਅਗਸਤ ਤੋਂ 12 ਸਤੰਬਰ, 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।
ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਪ੍ਰਕਿਰਿਆ 8 ਅਕਤੂਬਰ, 2026 ਤੱਕ ਚੱਲੇਗੀ ਅਤੇ 12 ਅਕਤੂਬਰ, 2026 ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨ੍ਹਾਂ ਉਨ੍ਹਾਂ ਬੀ.ਐਲ.ਓਜ਼ ਨੂੰ, ਜੋ ਕਿਸੇ ਨਾ ਕਿਸੇ ਕਾਰਨ ਕਰਕੇ ਪਿੱਛੇ ਹਨ, ਅਪੀਲ ਕੀਤੀ ਕਿ ਉਹ ਵਧਾਏ ਗਏ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹੋਏ ਆਪਣਾ ਕੰਮ ਸਮੇਂ ਸਿਰ ਮੁਕੰਮਲ ਕਰਨ।
ਇਸ ਮੌਕੇ ਸਨਮਾਨਿਤ ਕੀਤੇ ਗਏ ਬੀ.ਐਲ.ਓਜ਼ ਵਿੱਚ ਐੱਸ.ਏ.ਐੱਸ. ਨਗਰ (ਮੋਹਾਲੀ) ਵਿਧਾਨ ਸਭਾ ਹਲਕੇ ਤੋਂ ਸਾਲੀਗ ਰਾਮ (ਬੂਥ ਨੰਬਰ 108), ਰੁਪਿੰਦਰ ਕੌਰ (ਬੂਥ ਨੰਬਰ 109), ਪਰਮਜੀਤ ਕੌਰ (ਬੂਥ ਨੰਬਰ 6), ਨੀਰਜ ਸੈਮਵਾਲ (ਬੂਥ ਨੰਬਰ 107), ਸੁਖਦੇਵ ਸਿੰਘ (ਬੂਥ ਨੰਬਰ 58), ਸੁਖਵੀਰ ਸਿੰਘ (ਬੂਥ ਨੰਬਰ 57), ਦਿਪਿੰਦਰਜੀਤ ਕੌਰ (ਬੂਥ ਨੰਬਰ 90), ਸੀਮਾ ਚੌਧਰੀ (ਬੂਥ ਨੰਬਰ 225), ਵੈਸ਼ਾਲੀ (ਬੂਥ ਨੰਬਰ 162) ਅਤੇ ਗੁਰਬਿੰਦਰ ਸਿੰਘ (ਬੂਥ ਨੰਬਰ 161); ਖਰੜ ਵਿਧਾਨ ਸਭਾ ਹਲਕੇ ਤੋਂ ਅਸ਼ੋਕ ਕੁਮਾਰ (ਬੂਥ ਨੰਬਰ 1), ਗੁਰਪ੍ਰੀਤ ਸਿੰਘ (ਬੂਥ ਨੰਬਰ 13), ਕੁਲਵੀਰ ਸਿੰਘ (ਬੂਥ ਨੰਬਰ 78), ਵਿਜੈ ਕੁਮਾਰ (ਬੂਥ ਨੰਬਰ 79), ਮਨਿੰਦਰ ਪਾਲ ਸਿੰਘ (ਬੂਥ ਨੰਬਰ 105), ਰਵੀ ਕੁਮਾਰ (ਬੂਥ ਨੰਬਰ 109), ਬਲਜਿੰਦਰ ਸਿੰਘ (ਬੂਥ ਨੰਬਰ 146), ਅਜੈ ਗੋਇਲ (ਬੂਥ ਨੰਬਰ 162), ਗੁਰਪ੍ਰੀਤ ਸਿੰਘ (ਬੂਥ ਨੰਬਰ 275), ਹਰੀਸ਼ ਕਪਿਲ (ਬੂਥ ਨੰਬਰ 285) ਅਤੇ ਅਮਰੀਕ ਸਿੰਘ (ਬੂਥ ਨੰਬਰ 286); ਅਤੇ ਡੇਰਾਬੱਸੀ ਵਿਧਾਨ ਸਭਾ ਹਲਕੇ ਤੋਂ ਕਮਲਜੀਤ ਕੌਰ (ਬੂਥ ਨੰਬਰ 212), ਜੋਤੀ (ਬੂਥ ਨੰਬਰ 286), ਧਰਮਿੰਦਰ ਸਿੰਘ (ਬੂਥ ਨੰਬਰ 267), ਬੰਧਨਾ (ਬੂਥ ਨੰਬਰ 282), ਮਨਜੀਤ ਕੌਰ (ਬੂਥ ਨੰਬਰ 265), ਹਰਪ੍ਰੀਤ ਕੌਰ (ਬੂਥ ਨੰਬਰ 276) ਅਤੇ ਸੰਜਨਾ ਗਰਗ (ਬੂਥ ਨੰਬਰ 38) ਸ਼ਾਮਲ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਗੀਤਿਕਾ ਸਿੰਘ, ਚੋਣ ਤਹਿਸੀਲਦਾਰ ਸ੍ਰੀਮਤੀ ਹਰਪ੍ਰੀਤ ਕੌਰ, ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਪ੍ਰੋ. ਗੁਰਬਖ਼ਸ਼ਿਸ਼ ਸਿੰਘ ਅੰਟਾਲ, ਚੋਣ ਕਾਨੂੰਗੋ ਸੁਰਿੰਦਰ ਬੱਤਰਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।