ਕਮਾਂਡੋ ਕੰਪਲੈਕਸ ਫੇਜ਼-11, ਐਸ.ਏ.ਐਸ. ਨਗਰ ਵਿਖੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ (ਕਮਾਂਡੋ) ਪੰਜਾਬ ਦੇ ਦਿਸ਼ਾ ਨਿਰਦੇਸ਼ 'ਤੇ ਸ੍ਰੀ ਜਗਵਿੰਦਰ ਸਿੰਘ ਚੀਮਾ, ਪੀ.ਪੀ.ਐਸ, ਕਮਾਂਡੈਂਟ ਤੀਜੀ ਕਮਾਂਡੋ ਬਟਾਲੀਅਨ ਦੀ ਰਹਿਨੁਮਾਈ ਹੇਠ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਸਦਭਾਵਨਾ ਅਤੇ ਸ਼ਾਂਤੀ ਲਈ ਮਨਾਇਆ ਗਿਆ।
ਇਸ ਯੋਗ ਦਿਵਸ 'ਤੇ ਤੀਜੀ ਕਮਾਂਡੋ ਬਟਾਲੀਅਨ ਦੇ ਕਰਮਚਾਰੀਆਂ ਅਤੇ ਅਧਿਆਕਰੀਆਂ ਤੋਂ ਇਲਾਵਾ ਪੁਲਿਸ ਕਰਮਚਾਰੀਆਂ ਦੇ ਬੱਚਿਆਂ ਨੇ ਵੀ ਭਾਗ ਲਿਆ । ਇਸ ਮੌਕੇ ਯੋਗ ਅਚਾਰਿਆ ਏ.ਐਸ.ਆਈ. ਮਹਿੰਦਰ ਪਾਲ ਨੇ ਹਾਜ਼ਰੀਨ ਨੂੰ ਯੋਗ ਦੀ ਸ਼ੁਰੂਆਤ ਗਾਇਤਰੀ ਮੰਤਰ ਦੇ ਉਚਾਰਣ ਨਾਲ ਕਰਵਾਈ ਅਤੇ ਯੋਗ ਪ੍ਰੋਟੋਕਾਲ ਅਨੁਸਾਰ ਆਸਣਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਨਿਰੋਗ ਅਤੇ ਤੰਦਰੁਸਤ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ 45 ਮਿੰਟ ਯੋਗ ਕੀਤਾ ਜਾਵੇ।
ਉਹਨਾਂ ਕਿਹਾ ਕਿ ਯੋਗ ਕੇਵਲ ਸਰੀਰਕ ਜਾਂ ਮਾਨਸਿਕ ਵਿਕਾਸ ਲਈ ਹੀ ਜ਼ਰੂਰੀ ਨਹੀਂ ਹੈ, ਸਗੋਂ ਅਧਿਆਤਮਿਕ ਸਕੂਨ, ਸਥਿਰਤਾ, ਇਕਾਗਰਤਾ ਅਤੇ ਅਨੰਦ ਲਈ ਵੀ ਇਹ ਲਾਜ਼ਮੀ ਹੈ। ਯੋਗ ਕਰਨ ਲਈ ਸਾਫ-ਸੁਥਰੀ, ਸ਼ਾਂਤ ਅਤੇ ਹਵਾਦਾਰ ਥਾਂ ਦੀ ਚੋਣ ਕੀਤੀ ਜਾਵੇ ਅਤੇ ਆਰਾਮਦਾਇਕ ਵਸਤਰ ਪਹਿਨੇ ਜਾਣ।
ਉਹਨਾਂ ਦੱਸਿਆ ਕਿ ਖਾਲੀ ਪੇਟ ਅਤੇ ਸਵੇਰ ਸਮੇਂ ਯੋਗ ਕਰਨ ਨਾਲ ਜ਼ਿਆਦਾ ਲਾਭ ਮਿਲਦਾ ਹੈ ਅਤੇ ਰੋਜ਼ਾਨਾ ਯੋਗ ਐਕਸਰਸਾਇਜ਼ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ, ਯੂਰਿਕ ਐਸਿਡ, ਕਲੈਸਟਰੋਲ, ਮੋਟਾਪਾ, ਸ਼ੂਗਰ, ਸਟਰੈੱਸ ਆਦਿ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅੰਤ ਵਿੱਚ ਡੀਐਸਪੀ ਸ੍ਰੀ ਪ੍ਰੀਤ ਕੰਵਰ ਸਿੰਘ ਵਲੋਂ ਹਾਜ਼ਰ ਜਵਾਨਾਂ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਸਿਹਤ ਤੇ ਧਿਆਨ ਦੇਣ ਦੀ ਪ੍ਰੇਰਨਾ ਵੀ ਦਿੱਤੀ।