ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਪਹਿਲੀ ਵਾਰ ਮੋਹਾਲੀ ਨਗਰ ਨਿਗਮ ਦੇ ਸਟੋਰ ਦਾ ਦੌਰਾ ਕੀਤਾ ਅਤੇ ਇੱਥੇ ਪਏ ਕਬਾੜ ਅਤੇ ਜੰਗ ਖਾ ਰਹੀ ਮਸ਼ੀਨਰੀ ਹਟਾ ਕੇ ਸਫ਼ਾਈ ਕਰਵਾਉਣ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ ਤੇ ਐਸਈ ਸੰਜੇ ਕੰਵਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇੱਥੇ ਤਹਿਬਾਜ਼ਾਰੀ ਦਾ ਬਹੁਤ ਸਾਰਾ ਸਾਮਾਨ ਪਿਆ ਹੈ ਜਿਸ ਵਿਚ ਬੋਰਡ, ਫਲੈਕਸਾਂ ਤੇ ਹੋਰ ਸਾਮਾਨ ਇੱਥੇ ਕਬਾੜ ਦੇ ਰੂਪ ਵਿੱਚ ਹੀ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਇਥੇ ਪੁਰਾਣੀ ਮਸ਼ੀਨਰੀ ਖੜੀ ਜੰਗ ਖਾ ਰਹੀ ਹੈ ਅਤੇ ਖਰਾਬ ਹੋ ਕੇ ਕਬਾੜ ਹੋ ਚੁੱਕੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਪੂਰੇ ਥਾਂ ਦੀ ਸਫ਼ਾਈ ਕੀਤੀ ਜਾਵੇ ਅਤੇ ਤਹਿ ਬਾਜ਼ਾਰੀ ਵਿਭਾਗ ਵੱਲੋਂ ਵੀ ਜ਼ਬਤ ਕੀਤੇ ਜਾਂਦੇ ਸਾਮਾਨ ਵਾਸਤੇ ਕੋਈ ਹੋਰ ਥਾਂ ਰਾਖਵੀਂ ਰੱਖੀ ਜਾਵੇ ਅਤੇ ਇਸ ਨੂੰ ਵੀ ਇੱਥੋਂ ਸ਼ਿਫਟ ਕੀਤਾ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਇੱਥੇ ਉੱਗੀ ਜੰਗਲੀ ਬੂਟੀ ਦੀ ਪੂਰੀ ਸਫਾਈ ਕਰਵਾਈ ਜਾਵੇ ਅਤੇ ਅੱਗੇ ਤੋਂ ਇਸਨੂੰ ਸਿਰਫ਼ ਚਾਲੂ ਮਸ਼ੀਨਰੀ ਹੀ ਖੜ੍ਹੀ ਕੀਤੇ ਜਾਣ ਵਾਲਾ ਸਟੋਰ ਕਾਇਮ ਕੀਤਾ ਜਾਵੇ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇੱਥੇ ਨਾਲ ਹੀ ਗਊਸ਼ਾਲਾ ਵੀ ਹੈ ਤੇ ਇੱਥੇ ਕੁੱਤਿਆਂ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ ਇਸ ਲਈ ਇਸ ਪੂਰੀ ਥਾਂ ਵਿਚ ਸਾਫ ਸਫਾਈ ਬਹੁਤ ਜ਼ਰੂਰੀ ਹੈ।ਇੱਥੇ ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਮੇਅਰ ਨੇ ਮੁਹਾਲੀ ਨਗਰ ਨਿਗਮ ਦੇ ਸਟੋਰ ਦਾ ਦੌਰਾ ਕੀਤਾ ਹੈ। ਇਸ ਸਟੋਰ ਵਿਚ ਵਰ੍ਹਿਆਂ ਤੋਂ ਮੋਹਾਲੀ ਨਗਰ ਨਿਗਮ ਵੱਲੋਂ ਵੱਖ ਵੱਖ ਸਮਿਆਂ ਤੇ ਖਰੀਦ ਕੀਤੀ ਗਈ ਮਸ਼ੀਨਰੀ ਖੜ੍ਹੀ ਖੜ੍ਹੀ ਹੀ ਜੰਗ ਖਾ ਗਈ ਹੈ ਅਤੇ ਪੂਰੀ ਤਰ੍ਹਾਂ ਕਬਾੜ ਹੋ ਚੁੱਕੀ ਹੈ। ਇਥੇ ਹੋਰ ਵੀ ਬਹੁਤ ਕੂੜਾ ਕਬਾੜ ਪਿਆ ਹੈ ਜਿਸ ਵਿੱਚ ਲੋਹੇ ਦੇ ਕਬਾੜ ਜ਼ਿਆਦਾ ਹੈ। ਇਹ ਬਹੁਤ ਵੱਡੀ ਜਗ੍ਹਾ ਹੈ ਅਤੇ ਜੇਕਰ ਇਥੇ ਸਾਫ ਸਫਾਈ ਹੋ ਜਾਂਦੀ ਹੈ ਇਸ ਦੀ ਵਧੀਆ ਵਰਤੋਂ ਹੋ ਸਕਦੀ ਹੈ।ਇਸ ਮੌਕੇ ਮੇਅਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਤਹਿ ਬਾਜ਼ਾਰੀ ਵਿਭਾਗ ਵੱਲੋਂ ਜ਼ਬਤ ਕੀਤੇ ਜਾਂਦੇ ਸਾਮਾਨ ਵਾਸਤੇ ਹੀ ਅਧਿਕਾਰੀਆਂ ਨੂੰ ਹੋਰ ਜਗ੍ਹਾ ਨੀਯਤ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਜ਼ਬਤ ਕੀਤਾ ਜਾਂਦਾ ਸਾਮਾਨ ਇਥੇ ਪਿਆ ਸੜਦਾ ਨਾ ਰਹੇ ਅਤੇ ਇੱਥੇ ਸਿਰਫ਼ ਸਾਫ਼ ਸਫ਼ਾਈ ਕਰਕੇ ਮੁਹਾਲੀ ਨਗਰ ਨਿਗਮ ਦੀ ਮਸ਼ੀਨਰੀ ਹੀ ਖੜ੍ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਨ੍ਹਾਂ ਹਦਾਇਤਾਂ ਤੇ ਫੌਰੀ ਤੌਰ ਤੇ ਅਮਲ ਕਰਨ ਲਈ ਕਿਹਾ ਗਿਆ ਹੈ।