ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕਮਲਜੀਤ ਚਾਵਲਾ ਨੇ ਅੱਜ ਇਥੇ ਕਿਹਾ ਕਿ ਬੇਸਹਾਰਾ ਗਊਆਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਲਈ ਪੰਜਾਬ ਗਊ ਸੇਵਾ ਕਮਿਸ਼ਨ ਵਚਨਬੱਧ ਹੈ ਅਤੇ ਇਸ ਖੇਤਰ ਵਿਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।ਉਹ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਵੀ ਮੌਜੂਦ ਸਨ। ਵਾਈਸ ਚੇਅਰਮੈਨ ਕਮਲਜੀਤ ਚਾਵਲਾ ਨੇ ਸਰਕਾਰੀ ਕੈਟਲ ਪੌਂਡ ਫਲਾਹੀ, ਨਗਰ ਨਿਗਮ ਦੀ ਗਊਸ਼ਾਲਾ ਅਤੇ ਹੋਰ ਗਊਸ਼ਾਲਾ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਸੜਕਾਂ ’ਤੇ ਬੇਸਹਾਰਾ ਗਊ ਧੰਨ ਨਹੀਂ ਮਿਲੇਗਾ ਕਿਉਂਕਿ ਕਮਿਸ਼ਨ ਵਲੋਂ ਇਸ ਸਬੰਧ ਵਿਚ ਜ਼ਰੂਰੀ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਬੇਸਹਾਰਾ ਗਊਆਂ ਦੀ ਸਾਂਭ-ਸੰਭਾਲ ਲਈ ਕਮਿਸ਼ਨ ਵਲੋਂ ਸਰਕਾਰ ਨੂੰ ਸਮਾਰਟ ਗਊਸ਼ਾਲਾਵਾਂ ਬਨਾਉਣ ਦੀ ਤਜਵੀਜ਼ ਭੇਜੀ ਗਈ ਸੀ ਜਿਸ ਲਈ ਮੁੱਖ ਮੰਤਰੀ ਵਲੋਂ ਕੈਬਨਿਟ ਮੰਤਰੀਆਂ ਦੀ ਇਕ ਕਮੇਟੀ ਬਣਾਈ ਗਈ ਜਿਸ ਨੇ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੀ ਪਹਿਲੀ ਸਮਾਰਟ ਗਊਸ਼ਾਲਾ ਪਟਿਆਲਾ ਵਿਖੇ ਬਣੇਗੀ ਜਿਸ ਵਿਚ 4000 ਗਊਧਨ ਰੱਖਿਆ ਜਾਵੇਗਾ ਅਤੇ ਗਊਸ਼ਾਲਾ ਵਿਚ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਸਰਕਾਰ ’ਤੇ ਚਾਰੇ ਆਦਿ ਦਾ ਬੋਝ ਨਾ ਪੈ ਸਕੇ।ਕਮਲਜੀਤ ਚਾਵਲਾ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ 22 ਸਮਾਰਟ ਗਊਸ਼ਾਲਾਵਾਂ ਬਨਣਗੀਆਂ ਜਿਥੇ 75 ਹਜ਼ਾਰ ਬੇਸਹਾਰਾ ਗਊਆਂ ਦੀ ਸਾਂਭ-ਸੰਭਾਲ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੂਬੇ ਵਿਚ 426 ਗੈਰ ਸਰਕਾਰੀ ਅਤੇ 18 ਸਰਕਾਰੀ ਗਊਸ਼ਾਲਾਵਾਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਿੱਚ 35 ਹਜ਼ਾਰ ਦੇ ਕਰੀਬ ਗਊਆਂ ਹਨ।ਵੈਟਰਨਰੀ ਇੰਸਪੈਕਟਰਾਂ ਦੀ ਘਾਟ ਸਬੰਧੀ ਕਮਲਜੀਤ ਚਾਵਲਾ ਨੇ ਕਿਹਾ ਕਿ ਇਹ ਘਾਟ ਜਲਦ ਪੂਰੀ ਹੋ ਜਾਵੇਗੀ ਕਿਉਂਕਿ ਪੰਜਾਬ ਸਰਕਾਰ ਵਲੋਂ 866 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਸ ਦੀ ਪ੍ਰਕਿਰਿਆ 30 ਅਗਸਤ ਤੱਕ ਪੂਰੀ ਕਰ ਲਈ ਜਾਵੇਗੀ ਅਤੇ ਸਤੰਬਰ ਦੇ ਪਹਿਲੇ ਹਫਤੇ ਤਾਇਨਾਤੀਆਂ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਗਊਸ਼ਾਲਾਵਾਂ ਵਿਚ ਚੈਕਅਪ ਕੈਂਪ ਲਗਾਏ ਗਏ ਸਨ ਅਤੇ ਬਾਕੀ ਰਹਿੰਦੀਆਂ ਗਊਸ਼ਾਲਾਵਾਂ ਵਿਚ ਵੀ ਜਲਦ ਅਜਿਹੇ ਕੈਂਪ ਲੱਗਣਗੇ। ਉਨ੍ਹਾਂ ਨੇ ਗਊਸ਼ਾਲਾਵਾਂ ਪ੍ਰਬੰਧਕਾਂ ਦੀਆਂ ਸਮੱਸਿਆਵਾਂ ਸੁਣ ਕੇ ਜਲਦ ਢੁਕਵੇਂ ਹੱਲ ਦਾ ਭਰੋਸਾ ਦਿੱਤਾ।ਇਸ ਮੌਕੇ ਡੀ.ਡੀ.ਪੀ.ਓ. ਸਰਬਜੀਤ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਹਰਜੀਤ ਸਿੰਘ, ਸਹਾਇਕ ਡਾਇਰੈਕਟਰ ਰੰਜੀਵ ਬਾਲੀ, ਡਾ. ਮਨਮੋਹਨ ਸਿੰਘ ਦਰਦੀ, ਡਾ. ਕਰਨੈਲ ਸਿੰਘ, ਡਾ. ਦੀਪਕ ਕੁਮਾਰ, ਐਡਵੋਕੇਟ ਸੰਦੀਪ ਰਾਜਪੂਤ, ਅਸ਼ਵਨੀ ਗੈਂਦ, ਦੇਵ ਸ਼ਰਮਾ ਆਦਿ ਮੌਜੂਦ ਸਨ।