ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਫੇਜ਼ 11 ਦੇ ਬਾਵਾ ਵਾਈਟ ਹਾਊਸ ਤੋਂ ਫੇਜ਼ 10 ਦੀਆਂ ਲਾਈਟਾਂ ਤੱਕ ਸੀਵਰੇਜ ਦਾ ਕੰਮ ਮੁਕੰਮਲ ਹੋਣ ਉਪਰੰਤ ਨਵੀਂ ਬਣਾਈ ਸੜਕ ਨੂੰ ਅੱਜ ਲੋਕ ਅਰਪਣ ਕਰ ਦਿੱਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਇਹ ਕੰਮ ਆਰੰਭ ਕਰਵਾਇਆ ਸੀ ਅਤੇ ਬਾਵਾ ਵਾਈਟ ਹਾਊਸ ਤੋਂ ਫੇਜ਼ 10 ਤਕ ਪਾਏ ਗਏ ਸੀਵਰੇਜ ਦੇ ਉੱਪਰ ਨਵੀਂ ਸੜਕ ਬਣਾ ਕੇ ਮੁਕੰਮਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਭਾਰੀ ਸਹੂਲਤ ਹਾਸਲ ਹੋਈ ਹੈ।ਉਨ੍ਹਾਂ ਕਿਹਾ ਕਿ ਆਉਂਦੇ 10 ਦਿਨਾਂ ਅੰਦਰ ਲਗਾਤਾਰ ਚੱਲ ਰਹੇ ਕੰਮ ਦੌਰਾਨ ਕੁੰਭੜਾ ਚੌਕ ਤੱਕ ਦੀ ਸੜਕ ਨਵੀਂ ਬਣਾ ਕੇ ਲੋਕਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਅਤੇ ਇਸ ਉਪਰੰਤ ਅੱਗੇ ਦਾ ਕੰਮ ਪੂਰਾ ਕਰ ਕੇ ਇਸ ਪੂਰੀ ਸੜਕ ਨੂੰ ਲੋਕਾਂ ਵਾਸਤੇ ਖੋਲ੍ਹ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੁੰਭਡ਼ਾ ਚੌਕ ਤੋਂ ਅੱਗੇ ਫੇਜ਼ 10 ਵਾਲੇ ਪਾਸੇ ਇਹ ਸੜਕ ਪੂਰੀ ਤਰ੍ਹਾਂ ਬੰਦ ਪਈ ਸੀ ਜਦੋਂਕਿ ਕੁੰਭੜਾ ਚੌਕ ਤੋਂ ਬਲੌਂਗੀ ਵਾਲੇ ਪਾਸੇ ਇਸ ਸੜਕ ਦਾ ਇੱਕ ਪਾਸਾ ਸ਼ੁਰੂ ਤੋਂ ਹੀ ਟਰੈਫਿਕ ਵਾਸਤੇ ਖੁਲ੍ਹਿਆ ਰਿਹਾ ਹੈ। ਸੜਕ ਦੇ ਦੂਜੇ ਪਾਸੇ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਠੇਕੇਦਾਰ ਕੰਪਨੀ ਨੂੰ ਕੰਮ ਛੇਤੀ ਹੀ ਮੁਕੰਮਲ ਕਰਨ ਲਈ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ।ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਵਿਚ ਸੀਵਰੇਜ ਵਾਰ ਵਾਰ ਜਾਮ ਹੋਣ ਕਾਰਨ ਸੀਵਰੇਜ ਦੀ ਸਮੱਸਿਆ ਹੱਲ ਕਰਨ ਕਰਕੇ ਇੱਥੇ ਸੀਵਰੇਜ ਦੀ ਵੱਡੀ ਪਾਈਪ ਪਾਈ ਗਈ ਸੀ ਇਸ ਵਾਸਤੇ ਸੜਕ ਨੂੰ ਇੱਕ ਪਾਸੇ ਤੋਂ ਪੁੱਟਣਾ ਪਿਆ ਸੀ। ਉਨ੍ਹਾਂ ਕਿਹਾ ਕਿ ਪੁੱਟੀ ਗਈ ਸੜਕ ਦੇ ਹੇਠਾਂ ਸੀਵਰੇਜ ਦੀ ਪਾਈਪ ਪਾ ਕੇ ਨਵੀਂ ਸਡ਼ਕ ਬਣਾਉਣ ਉਤੇ 10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਸ ਤੋਂ ਇਲਾਵਾ ਮੋਹਾਲੀ ਵਿਚ ਪਾਣੀ ਦੀ ਸਪਲਾਈ ਨੂੰ ਹੋਰ ਵਧੀਆ ਕਰਨ ਲਈ ਆਟੋਮੈਟਿਕ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਅਤੇ ਇਹ ਕੰਮ ਵੀ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਟਰ ਟਰੀਟਮੈਂਟ ਪਲਾਂਟ ਦੀਆਂ ਸਮੁੱਚੀਆਂ ਮਸ਼ੀਨਾਂ ਨੂੰ ਬਦਲ ਕੇ ਇੱਥੇ ਕਲੋਰੀਨ ਮਿਕਸ ਕਰਨ ਲਈ ਵੀ ਆਟੋਮੈਟਿਕ ਮਸ਼ੀਨਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਵੱਖ ਵੱਖ ਇਲਾਕਿਆਂ ਵਿਚ ਪਾਣੀ ਦੀ ਨਿਰੰਤਰ ਸਪਲਾਈ ਰਹੀ ਪੰਜ ਵਾਟਰ ਬੂਸਟਰ ਵੀ ਲਗਾਏ ਜਾ ਰਹੇ ਹਨ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਕਾਰਜ ਪੂਰੀ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਅਤੇ ਨਾਲ ਹੀ ਕੁਆਲਟੀ ਦਾ ਵੀ ਪੂਰਾ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕੰਮ ਦੀ ਕੁਆਲਿਟੀ ਨਾਲ ਕਿਸੇ ਵੀ ਤਰ੍ਹਾਂ ਸਮਝੌਤਾ ਨਹੀਂ ਕੀਤਾ ਜਾਏਗਾ।ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਕੌਂਸਲਰ ਜਸਬੀਰ ਸਿੰਘ ਮਣਕੂ, ਐਸਈ ਸੰਜੇ ਕੰਵਰ, ਐਕਸੀਅਨ ਹਰਪ੍ਰੀਤ ਸਿੰਘ, ਗੁਰਚਰਨ ਸਿੰਘ ਭੰਮਰਾ ਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।