ਮੋਹਾਲੀ ਨਗਰ ਨਿਗਮ ਦੇ ਨਵੇਂ ਚੁਣੇ ਗਏ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਚੁਣੇ ਜਾਣ ਤੋਂ ਬਾਅਦ ਹੀ ਲਗਾਤਾਰ ਮੋਹਾਲੀ ਵਿਚ ਵਿਕਾਸ ਕਾਰਜਾਂ ਦੀ ਝੜੀ ਲਗਾ ਰਹੇ ਹਨ। ਇਸ ਦੇ ਤਹਿਤ ਅੱਜ ਮੇਅਰ ਨੇ ਵਾਰਡ ਨੰਬਰ 1 (ਫੇਜ਼ 2) ਮੋਹਾਲੀ ਵਿਚ 22 ਲੱਖ ਰੁਪਏ ਦੀ ਲਾਗਤ ਨਾਲ ਮੋਹਾਲੀ ਦੀ ਐਂਟ੍ਰੈਂਸ ਤੇ ਸਥਿਤ ਗ੍ਰੀਨ ਬੈਲਟ ਨੂੰ ਵਿਕਸਤ ਕਰਨ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਵਾਰਡ ਨੰਬਰ 1 ਦੇ ਕੌਂਸਲਰ ਜਸਪ੍ਰੀਤ ਕੌਰ ਮੋਹਾਲੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਾ ਕੰਵਰਜੋਤ ਸਿੰਘ ਮੋਹਾਲੀ ਹਾਜ਼ਰ ਰਹੇ।ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਵਾਲੇ ਪਾਸਿਓਂ ਇਹ ਮੁਹਾਲੀ ਦੀ ਮੁੱਖ ਐਂਟਰੈਂਸ ਹੈ ਜਿਸ ਦਾ ਬਹੁਤ ਬੁਰਾ ਹਾਲ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਗਰੀਨ ਬੈਲਟ ਦੇ ਆਲੇ ਦੁਆਲੇ ਨਵੀਂ ਗਰਿੱਲ ਲਗਾਈ ਜਾਏਗੀ, ਲੋਕਾਂ ਦੇ ਤੁਰਨ ਫਿਰਨ ਵਾਸਤੇ ਫੁਟਪਾਥ ਬਣਾਇਆ ਜਾਵੇਗਾ ਅਤੇ ਇਸ ਗਰੀਨ ਬੈਲਟ ਵਿੱਚ ਹਰਿਆਲੀ ਅਤੇ ਸੁੰਦਰਤਾ ਵਧਾਉਣ ਦੇ ਨਾਲ ਨਾਲ ਬੈਠਣ ਵਾਸਤੇ ਬੈਂਚ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਾਲੇ ਪਾਸਿਓਂ ਮੋਹਾਲੀ ਆਉਂਦੇ ਲੋਕਾਂ ਨੂੰ ਕੰਮ ਪੂਰਾ ਹੋ ਜਾਣ ਤੇ ਇਹ ਗਰੀਨ ਬੈਲਟ ਪੂਰੀ ਤਰ੍ਹਾਂ ਵਿਕਸਿਤ ਅਤੇ ਸੁੰਦਰ ਦਿਖਾਈ ਦੇਵੇਗੀ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਵਾਰਡ ਨੰਬਰ ਇੱਕ ਤੋਂ ਸ਼ੁਰੂ ਕਰਵਾਏ ਗਏ ਇਹ ਵਿਕਾਸ ਕਾਰਜ ਹਰੇਕ ਵਾਰਡ ਵਿਚ ਪੂਰੀ ਨਿਰੰਤਰਤਾ ਨਾਲ ਜਾਰੀ ਰਹਿਣਗੇ ਅਤੇ ਵਿਕਾਸ ਪੱਖੋਂ ਮੁਹਾਲੀ ਦੇ ਕਿਸੇ ਵੀ ਵਾਰਡ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਫੰਡਾਂ ਦੀ ਘਾਟ ਆਉਣ ਦਿੱਤੀ ਜਾਵੇਗੀ।
ਮੇਅਰ ਜੀਤੀ ਸਿੱਧੂ ਨੇ ਇਸ ਮੌਕੇ ਬੋਲਦਿਆਂ ਇਹ ਵੀ ਕਿਹਾ ਕਿ ਬੀਤੇ ਕੱਲ੍ਹ ਹੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਾਊਸਿੰਗ ਮੰਤਰੀ ਸੁੱਖ ਸਰਕਾਰੀਆ ਨਾਲ ਮੀਟਿੰਗ ਕਰ ਕੇ ਮੋਹਾਲੀ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਪੰਜਾਹ ਕਰੋੜ ਰੁਪਏ ਤੁਰੰਤ ਦੇਣ ਲਈ ਕਿਹਾ ਹੈ ਜਿਸ ਦਾ ਵੱਡਾ ਹਿੱਸਾ ਪਾਰਕਾਂ ਅਤੇ ਗ੍ਰੀਨ ਬੈਲਟਾਂ ਦੇ ਰੱਖ ਰਖਾਅ ਤੇ ਵੀ ਲੱਗਣਾ ਹੈ। ਇਸ ਮੌਕੇ ਵਾਰਡ ਦੀ ਕੌਂਸਲਰ ਜਸਪ੍ਰੀਤ ਕੌਰ ਮੋਹਾਲੀ ਨੇ ਵਿਸ਼ੇਸ਼ ਤੌਰ ਤੇ ਮੇਅਰ ਦਾ ਇੱਥੇ ਆ ਕੇ ਗ੍ਰੀਨ ਬੈਲਟ ਨੂੰ ਵਿਕਸਤ ਕਰਨ ਦੇ ਕੰਮ ਦਾ ਉਦਘਾਟਨ ਕਰਨ ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਗਰੀਨ ਬੈਲਟ ਲੋਕਾਂ ਦੇ ਸੈਰ ਵਾਸਤੇ ਇਸਤੇਮਾਲ ਹੋਵੇਗੀ ਅਤੇ ਇਸ ਦੇ ਸੁੰਦਰੀਕਰਨ ਨਾਲ ਮੋਹਾਲੀ ਵਿੱਚ ਘਟ ਰਹੀ ਹਰਿਆਵਲ ਨੂੰ ਵੀ ਬੜ੍ਹਾਵਾ ਮਿਲੇਗਾ। ਉਨ੍ਹਾਂ ਕਿਹਾ ਕਿ ਮੋਹਾਲੀ ਵਿਚ ਵਿਕਾਸ ਦੇ ਨਾਲ ਨਾਲ ਹਰਿਆਵਲ ਵੀ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੇ ਇਸ ਗਰੀਨ ਬੈਲਟ ਦੇ ਵਿਕਾਸ ਲਈ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਵਿਕਟਰ ਨਿਹੋਲਕਾ, ਨਗਰ ਨਿਗਮ ਮੋਹਾਲੀ ਦੇ ਐੱਸਈ ਸੰਜੇ ਕੰਵਰ, ਐਕਸੀਅਨ ਰਾਜਬੀਰ ਸਿੰਘ, ਐਸਡੀਈ ਸੰਦੀਪ ਸੈਣੀ, ਜੇਈ ਪਵਨਪ੍ਰੀਤ, ਸ਼ਵੇਤਾ ਗੋਇਲ, ਮਨਜੋਤ ਭੁੱਲਰ, ਓਂਕਾਰ ਕੌਰ, ਕਾਂਤਾ ਰਾਣੀ, ਰਾਜਦੀਪ ਸਿੰਘ, ਪਰਵਿੰਦਰ ਸਿੰਘ, ਧਰਮਿੰਦਰ ਸਿੰਘ, ਦਲਬੀਰ ਸਿੰਘ, ਰਘਬੀਰ ਸਿੰਘ, ਗੁਰਪ੍ਰੀਤ ਸਿੰਘ, ਅਮਰਦੀਪ ਰੰਧਾਵਾ, ਗੁਰਪਾਲ ਮਦਨਪੁਰ ਅਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।