ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਵਲੋਂ ਅੱਜ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਕੋਵਿਡ-19 ਵੈਕਸੀਨ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਐਡਵੋਕੈਟ ਬਲਜੀਤ ਸਿੰਘ ਪਾਹੜਾ ਚੇਅਰਮੈਨ ਮਿਲਕ ਪਲਾਂਟ ਗੁਰਦਾਸਪੁਰ ਅਤੇ ਸਿਹਤ ਅਧਿਕਾਰੀ ਮੋਜੂਦ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਪਾਹੜਾ ਨੇ ਦੱਸਿਆ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਭਰ ਅੰਦਰ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਅੱਜ ਸਥਾਨਕ ਸਿਵਲ ਹਸਪਾਤਲ ਵਿਖੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਵਲੋ ਕੋਵਿਡ-19 ਮਹਾਂਮਾਰੀ ਵਿਰੁੱਧ ਠੋਸ ਉਪਰਾਲੇ ਕੀਤੇ ਗਏ ਸਨ ਅਤੇ ਸਮੂਹਿਕ ਸਹਿਯੋਗ ਨਾਲ ਇਸ ਦੇ ਫੈਲਾਅ ਨੂੰ ਰੋਕਣ ਵਿਚ ਮਦਦ ਮਿਲੀ ਹੈ। ਉਨਾਂ ਕੋਵਿਡ-19 ਦੋਰਾਨ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕੋਵਿਡ ਵਿਰੁੱਧ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਵਲੋਂ ਲੋਕਾਂ ਨੂੰ ਕੋਰੋਨਾ ਵਿਰੁੱਧ ਜਾਗਰੂਕ ਕਰਨ ਵਿਚ ਵਿਸ਼ੇਸ਼ ਯਤਨ ਕੀਤੇ ਗਏ ਸਨ ਅਤੇ ਜਿਲੇ ਅੰਦਰ ਇਸ ਬਿਮਾਰੀ ਉੱਪਰ ਕਾਫੀ ਹੱਦ ਤਕ ਕੰਟਰੋਲ ਰਿਹਾ। ਉਨਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਪਹਿਲੇ ਪੜਾਅ ਤਹਿਤ ਹੈਲਥ ਵਰਕਰਾਂ ਨੂੰ ਕੋਵਿਡ-19 ਵਿਰੁੱਧ ਟੀਕੇ ਲਗਾਏ ਜਾਣਗੇ ਅਤੇ ਲੋੜਵੰਦ ਲੋਕਾਂ ਨੂੰ ਮੁਫਤ ਟੀਕੇ ਲਗਾਏ ਜਾਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਟੀਕਾਕਰਣ ਦੀ ਸ਼ੁਰੂਆਤ ਲਈ ਜ਼ਿਲ੍ਹੇ ਵਿੱਚ 4 ਸਥਾਨਾਂ ਜਿਵੇਂ ਜ਼ਿਲਾ ਹਸਪਤਾਲ ਗੁਰਦਾਸਪੁਰ, ਸਿਵਲ ਹਸਪਤਾਲ ਬਟਾਲਾ, ਸੀ.ਐਚਸੀ ਕਲਾਨੌਰ ਅਤੇ ਤਿੱਬੜੀ ਕੈਂ ਦੀ ਚੋਣ ਕੀਤੀ ਗਈ ਹੈ। ਉਨਾਂ ਦੱਸਿਆ ਕਿ ਜਿਲੇ ਅੰਦਰ ਪਹਿਲੇ ਪੜਾਅ ਤਹਿਤ ਰਜਿਸਟਰਡ ਹੋਏ ਕਰੀਬ 9 ਹਜ਼ਾਰ ਸਰਕਾਰੀ ਅਤੇ ਪ੍ਰਾਈਵੇਟ ਹੈਲਥ ਵਰਕਰਾਂ ਦਾ ਟੀਕਾਕਰਨ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਫਰੰਟ ਲਾਈਨ ਵਰਕਰ ਆਦਿ ਦਾ ਟੀਕਾਕਰਨ ਕੀਤਾ ਜਾਵੇਗਾ।ਉਨਾਂ ਅੱਗੇ ਦੱਸਿਆ ਕਿ ਹਰੇਕ ਟੀਕਾਕਰਣ ਸੈਸ਼ਨ ਦੇ ਪ੍ਰਬੰਧਨ ਲਈ 5 ਮੈਂਬਰੀ ਟੀਮ ਬਣਾਈ ਗਈ ਅਤੇ ਟੀਮ ਦੀਆਂ ਨਿਰਧਾਰਤ ਜਿੰਮੇਵਾਰੀਆਂ ਮੁਤਾਬਿਕ ਪਹਿਲਾ ਵੈਕਸੀਨੇਸ਼ਨ ਅਧਿਕਾਰੀ ਐਂਟਰਸ ‘ਤੇ ਇਹ ਯਕੀਨੀ ਬਣਾਏਗਾ ਕਿ ਸਿਰਫ ਯੋਗ ਵੈਕਸੀਨੇਟਰ ਹੀ ਦਾਖਲ ਹੋਣ, ਦੂਜਾ ਵੈਕਸੀਨੇਸ਼ਨ ਅਧਿਕਾਰੀ ਕੋਵਿਨ ਐਪ ‘ਤੇ ਲਾਭਪਾਤਰੀਆਂ ਦੀ ਤਸਦੀਕ ਕਰੇਗਾ, ਤੀਜਾ ਵੈਕਸੀਨੇਸ਼ਨ ਅਧਿਕਾਰੀ ਇੰਟ੍ਰਾ ਮਸਕੁਲਰ ਵਜੋਂ ਟੀਕਾ ਲਗਾਏਗਾ, ਚੌਥਾ ਵੈਕਸੀਨੇਸ਼ਨ ਅਧਿਕਾਰੀ ਏਈਐਫਆਈ (ਟੀਕਾਕਰਣ ਤੋਂ ਬਾਅਦ ਐਡਵਰਸ ਈਫੈਕਟ) ਦੀ ਨਿਗਰਾਨੀ ਲਈ ਓਬਜ਼ਰਵੇਸ਼ਨ ਰੂਮ ਵਿਖੇ ਤਾਇਨਾਤ ਹੋਵੇਗਾ ਅਤੇ ਪੰਜਵਾਂ ਵੈਕਸੀਨੇਸ਼ਨ ਅਧਿਕਾਰੀ ਲਾਭਪਾਤਰੀਆਂ ਦੀ ਆਮਦ ਨੂੰ ਨਿਯੰਤਰਣ ਕਰਨ ਵਿਚ ਸਹਾਇਤਾ ਕਰੇਗਾ।ਇਸ ਮੌਕੇ ਡਾ. ਵਿਜੇ ਕੁਮਾਰ ਜਿਲਾ ਪਰਿਵਾਰ ਤੇ ਭਲਾਈ ਅਫਸਰ, ਡਾ ਮਨਚੰਦਾ ਜੀ, ਡਾ. ਭਾਰਤ ਭੂਸ਼ਣ ਐਸ.ਐਮ.ਓ, ਡਾ. ਚੇਤਨਾ ਐਸ.ਐਮ.ਓ ਗੁਰਦਾਸਪੁਰ. ਡਾ. ਅੰਕੁਰ ਅਤੇ ਸਮੂਹ ਸਟਾਫ ਹਾਜਰ ਸੀ।