ਉਸਾਰੀ ਕਿਰਤੀਆਂ ਨੂੰ ਬਿਲਡਿੰਗ ਐਂਡ ਅਦਰ ਕੰਸਟਰੱਸ਼ਕਨ ਵਰਕਸ ਵੈਲਫੇਅਰ ਬੋਰਡ ਦੀਆਂ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਤੌਰ 'ਤੇ ਸੈਮੀਨਾਰ ਕਰਵਾਏ ਜਾਣਗੇ ਤਾਂ ਜੋ ਉਸਾਰੀ ਕਿਰਤੀ ਬੋਰਡ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ ਮੋਹਾਲੀ ਜਗਦੀਪ ਸਹਿਗਲ ਨੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਸ਼ਕਨ ਵਰਕਸ ਵੈਲਫੇਅਰ ਬੋਰਡ ਸਬੰਧੀ ਗਠਿਤ ਸਬ ਡਵੀਜਨਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।ਮੀਟਿੰਗ ਦੌਰਾਨ ਐਸ.ਡੀ.ਐਮ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਸਾਰੀ ਕਿਰਤੀਆਂ ਨੂੰ ਬੋਰਡ ਦੀਆਂ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਦੀ ਰਜ਼ਿਸਟਰੇਸ਼ਨ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਵਿਭਾਗਾਂ ਵਲੋ ਉਸਾਰੀ ਕਿਰਤੀਆਂ ਦੀ ਰਜ਼ਿਸਟਰੇਸ਼ਨ ਸਬੰਧੀ ਚੁੱਕੇ ਜਾਣ ਵਾਲੇ ਕਦਮਾਂ ਦਾ ਨਿਯਮਿਤ ਤੌਰ 'ਤੇ ਮੁਲਾਂਕਣ ਕੀਤਾ ਜਾਵੇਗਾ।ਐਸ.ਡੀ.ਐਮ ਨੇ ਦੱਸਿਆ ਕਿ ਬੋਰਡ ਵਲੋਂ ਚਲਾਈ ਜਾ ਰਹੀ ਵਜੀਫਾ ਸਕੀਮ ਤਹਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਪਹਿਲੀ ਤੋਂ 5ਵੀਂ ਕਲਾਸ ਤੱਕ 04 ਹਜ਼ਾਰ ਰੁਪਏ (ਲੜਕੀਆਂ) ਅਤੇ 03 ਹਜ਼ਾਰ ਰੁਪਏ (ਲੜਕੇ), 6ਵੀਂ ਤੋਂ 8ਵੀਂ ਕਲਾਸ ਤੱਕ 07 ਹਜ਼ਾਰ ਰੁਪਏ (ਲੜਕੀਆਂ) ਅਤੇ 05 ਹਜ਼ਾਰ ਰੁਪਏ (ਲੜਕੇ), 11ਵੀਂ ਤੋਂ 12ਵੀਂ ਕਲਾਸ ਤੱਕ 13 ਹਜ਼ਾਰ ਰੁਪਏ (ਲੜਕੀਆਂ) ਅਤੇ 10 ਹਜ਼ਾਰ ਰੁਪਏ (ਲੜਕੇ) ਵਜੀਫੇ ਵਜੋਂ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਉਸਾਰੀ ਕਿਰਤੀਆਂ ਦੇ ਕਾਲਜਾਂ ਵਿਚ ਪੜ੍ਹਦੇ ਬੱਚਿਆਂ ਨੂੰ ਵੀ ਵਜੀਫੇ ਦਿੱਤੇ ਜਾਂਦੇ ਹਨ। ਐਸ.ਡੀ.ਐਮ ਨੇ ਦੱਸਿਆ ਕਿ ਉਸਾਰੀ ਕਿਰਤੀਆਂ ਦੀਆਂ ਲੜਕੀਆਂ ਦੇ ਵਿਆਹ ਲਈ ਬੋਰਡ ਦੀ ਸ਼ਗਨ ਸਕੀਮ ਤਹਿਤ 31 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।ਇਹਨਾਂ ਤੋਂ ਇਲਾਵਾ ਐਕਸ਼ਗਰੇਸ਼ੀਆ, ਐਲ.ਟੀ.ਸੀ., ਪੈਨਸ਼ਨ ਸਕੀਮ, ਬਾਲੜੀ ਤੋਹਫਾ ਸਕੀਮ ਵਰਗੀਆਂ ਵੱਡੀ ਗਿਣਤੀ ਸਕੀਮਾਂ ਬੋਰਡ ਵਲੋ ਚਲਾਈਆਂ ਜਾ ਰਹੀਆਂ ਹਨ ਜਿਹਨਾਂ ਦਾ ਲਾਭ ਉਸਾਰੀ ਕਿਰਤੀ ਲੈ ਸਕਦੇ ਹਨ। ਮੀਟਿੰਗ ਵਿਚ ਸਹਾਇਕ ਲੇਬਰ ਕਮਿਸ਼ਨਰ ਜਤਿੰਦਰਪਾਲ ਸਿੰਘ, ਲੇਬਰ ਇੰਸਪੈਕਟਰ ਜਗਪ੍ਰੀਤ ਸਿੰਘ, ਜੇ.ਈ ਸੁਖਵੀਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।