ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਸੁਮੀਤ ਜਾਰੰਗਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ: ਹਰਿੰਦਰ ਕੌਰ ਸਿਵਲ ਸਰਜਨ, ਰੂਪਨਗਰ ਦੀ ਅਗਵਾਈ ਹੇਠ ਜਿਲ੍ਹੇ ਵਿੱਚ ਪੇਟ ਦੇ ਕੀੜਿਆਂ ਤੋਂ ਮੁਕਤੀ ਰਾਸ਼ਟਰੀ ਦਿਵਸ (ਨੈਸ਼ਨਲ ਡੀਵਾਰਮਿੰਗ ਡੇਅ) ਦਾ ਰਸਮੀ ਉਦਘਾਟਨ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨਿਧੀ ਸ਼੍ਰੀਵਾਸਤਵਾ ਵੱਲੋਂ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਵਿਦਿਆਰਥੀਆਂ ਨੂੰ ਐਲਬੈਂਡਾਜੋਲ ਦੀ ਗੋਲੀ ਖੁਆ ਕੇ ਕੀਤਾ ਗਿਆ। ਇਸ ਮੌਕੇ ਤੇ ਡਾ. ਨਿਧੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਨੂੰ ਆਪਣੀ ਅਤੇ ਆਪਣੇ ਆਸ-ਪਾਸ ਦੀ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਜਿਵੇਂ ਕਿ ਕਿਹਾ ਜਾਂਦਾ ਹੈ ਕਿ ''ਜਿਸ ਘਰ ਸਫਾਈ ਵੱਸੇ, ਉਸ ਘਰ ਤੋਂ ਬਿਮਾਰੀ ਨੱਸੇ'' ਅਨੁਸਾਰ ਸਫਾਈ ਰੱਖਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਸਾਰਿਆਂ ਨੂੰ ਸਫਾਈ ਰੱਖਣ ਪ੍ਰਤੀ ਜਾਗਰੂਕ ਕਰੀਏ। ਡਾ. ਦਿਨੇਸ਼ ਕੁਮਾਰ, ਮੈਡੀਕਲ ਅਫਸਰ ਰਾਸ਼ਟਰੀ ਬਾਲ ਸਵਸਥ ਕਾਰਯਕ੍ਰਮ ਨੇ ਦੱਸਿਆ ਕਿ ਪੇਟ ਦੇ ਕੀੜੇ ਨੂੰ ਖਤਮ ਕਰਨ ਲਈ ਅੱਜ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਕੌਮੀ ਡੀਵਾਰਮਿੰਗ ਡੇਅ (ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ) ਤਹਿਤ ਐਲਬੈਂਡਾਜੋਲ ਦੀ ਗੋਲੀ ਖੁਆਈ ਜਾ ਰਹੀ ਹੈ।
ਸਰੀਰ ਵਿੱਚ ਖੂਨ ਦੀ ਕਮੀ ਦੇ ਮੁੱਖ ਕਾਰਣਾਂ ਵਿੱਚੋ ਇੱਕ ਕਾਰਣ ਪੇਟ ਵਿੱਚ ਕੀੜਿਆਂ ਦਾ ਹੋਣਾ ਹੋ ਸਕਦਾ ਹੈ, ਇਸ ਤੋਂ ਇਲਾਵਾਂ ਪੇਟ ਵਿੱਚ ਕੀੜਿਆਂ ਦੀ ਇੰਨਫੈਕਸਨ ਕਾਰਣ ਬੱਚਿਆਂ ਵਿੱਚ ਕੁਪੋਸ਼ਣ, ਭੁੱਖ ਨਾ ਲੱਗਣਾ, ਥਕਾਵਟ ਅਤੇ ਬੇਚੈਨੀ, ਜੀਅ ਮਤਲਾਣਾ, ਉਲਟੀ ਅਤੇ ਦਸਤ ਆਉਣਾ ਹੋ ਸਕਦੇ ਹਨ।ਸਰੀਰ ਵਿੱਚ ਖੂਨ ਦੀ ਕਮੀ ਨਾਲ ਕਾਰਜਕੁਸ਼ਲਤਾ, ਸਰੀਰਿਕ ਤੇ ਮਾਨਸਿਕ ਵਾਧੇ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨ ਤੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ। ਪੇਟ ਵਿੱਚ ਕੀੜੇ ਮਾਰਨ ਦੀ ਦਵਾਈ ਦੇ ਨਾਲ-ਨਾਲ ਇਹਨਾਂ ਕੀੜਿਆਂ ਦੀ ਰੋਕਥਾਮ ਲਈ ਨਹੁੰ ਸਾਫ ਅਤੇ ਛੋਟੇ ਰੱਖੋ, ਆਸ- ਪਾਸ ਸਫਾਈ ਰੱਖੋ, ਖਾਣੇ ਨੂੰ ਢੱਕ ਕੇ ਰੱਖੋ, ਜੁਤੀਆਂ ਜਾਂ ਚੱਪਲਾਂ ਪਾ ਕੇ ਰੱਖੋ, ਫਲਾਂ ਤੇ ਸਬਜੀਆਂ ਨੂੰ ਸਾਫ ਪਾਣੀ ਨਾਲ ਧੋਵੋ। ਉਹਨਾਂ ਦੱਸਿਆ ਕਿ ਕਿਸੇ ਵੀ ਮੈਡੀਕਲ ਸਹਾਇਤਾ ਲਈ ਆਰ.ਬੀ.ਐਸ.ਕੇ. ਦੀਆਂ ਮੋਬਾਈਲ ਟੀਮਾਂ ਡਿਊਟੀ ਤੇ ਹਾਜ਼ਰ ਰਹਿਣਗੀਆਂ। ਇਸ ਤੋਂ ਇਲਾਵਾ ਆਂਗਣਵਾੜੀ ਸੈਂਟਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਸਕੂਲ ਵਿੱਚ ਨਾ ਪੜ੍ਹਦੀਆਂ ਆਂਗਣਵਾੜੀਆਂ ਵਿੱਚ ਰਜਿਸਟਰਡ ਕਿਸ਼ੋਰ, ਕਿਸ਼ੋਰੀਆਂ ਨੂੰ ਵੀ ਇਹ ਗੋਲੀ ਜ਼ਰੂਰ ਖਵਾਈ ਜਾਵੇ।ਇਸ ਸਬੰਧ ਵਿੱਚ 17.08.2018 ਨੂੰ ਮੌਪ-ਅੱਪ ਡੇਅ ਹੋਵੇਗਾ। ਇਸ ਮੌਕੇ ਪ੍ਰਿੰਸੀਪਲ ਮੈਡਮ ਸੰਗੀਤਾ ਰਾਣੀ, ਸਕੂਲ ਸਿਹਤ ਅਫਸਰ ਡਾ. ਜਤਿੰਦਰ ਕੌਰ, ਡਾ. ਰਿੰਪਲ ਗਰਗ, ਸਕੂਲ ਹੈਲਥ ਕੁਆਰਡੀਨੇਟਰ ਕਿਰਨਦੀਪ ਕੌਰ, ਜਿਲ੍ਹਾ ਬੀ.ਸੀ.ਸੀ ਫੈਸਲੀਟੇਟਰ ਸੁਖਜੀਤ ਕੰਬੋਜ, ਸਕੂਲ ਸਟਾਫ ਅਤੇ ਸਕੂਲੀ ਬੱਚੇ ਹਾਜਰ ਸਨ।