ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਾਝੇ ਦੇ ਲੋਕਾਂ ਵਿੱਚ ਭ੍ਰਿਸ਼ਟਾਰੀ ਸਿਆਸਤਦਾਨਾਂ ਖਿਲਾਫ ਉਤਸ਼ਾਹ ਭਰਨ ਅਤੇ ਹੱਲਾਸ਼ੇਰੀ ਦੇਣ ਲਈ 'ਘਰ ਬਚਾਓ ਮੁਹਿੰਮ' ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਨਾਂ ਸਿਆਸਦਾਨਾਂ ਨੇ ਪੰਜਾਬ ਵਿੱਚ ਨਸ਼ੇ ਦਾ ਵਪਾਰ ਕਰਕੇ ਭੋਲੇ-ਭਾਲੇ ਨੌਜਵਾਨਾਂ ਦਾ ਜੀਵਨ ਬਰਬਾਦ ਕਰ ਦਿੱਤਾ। ਇਸ ਗੱਲ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਪੰਜਾਬ ਲੀਗਲ ਸੈਲ ਦੇ ਮੁਖੀ ਅਤੇ ਹਲਕਾ ਮਜੀਠਾ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਅੰਮ੍ਰਿਤਸਰ (ਸਾਊਥ) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਦੇ ਨਾਲ ਮੌਜੂਦ ਸ਼ੇਰਗਿੱਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ 14 ਜਨਵਰੀ ਤੋਂ 15 ਜਨਵਰੀ ਤੱਕ ਮਾਝਾ ਖੇਤਰ ਵਿੱਚ ਰਹਿਣਗੇ। ਇਸ ਦੌਰਾਨ ਉਹ ਸਰਹੱਦੀ ਇਲਾਕਿਆਂ ਭੋਆ, ਦੀਨਾਨਗਰ, ਡੇਰਾ ਬਾਬਾ ਨਾਨਕ, ਅਜਨਾਲਾ, ਰਾਜਾਸਾਂਸੀ, ਅਟਾਰੀ, ਤਰਨ ਤਾਰਨ ਅਤੇ ਖੇਮਕਰਨ ਦੇ ਪਿੰਡਾਂ ਦਾ ਦੌਰਾ ਕਰਨਗੇ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵਿਗੜੇ ਹੋਏ ਅਤੇ ਭ੍ਰਿਸ਼ਟਾਚਾਰੀ ਸਿਆਸਦਾਨਾਂ ਨੂੰ ਸੱਤਾ ਤੋਂ ਬਾਹਰ ਕਰਨ ਅਤੇ ਅਗਲੀ ਪੀੜੀਆਂ ਦੇ ਸੁਨਹਿਰੇ ਭਵਿੱਖ ਲਈ ਲੋਕਾਂ ਨੂੰ ਲਾਮਬੱਧ ਹੋਣ ਦਾ ਸੱਦਾ ਦੇਣਗੇ। ਸ਼ੇਰਗਿੱਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਪੰਜਾਬ ਆਪਣੇ ਛੋਟੇ ਭੂਗੌਲਿਕ ਖੇਤਰ ਦੇ ਬਾਵਜੂਦ ਕੌਮੀ ਅਨਾਜ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ, ਭਾਰਤੀ ਫੌਜ ਵਿੱਚ ਸਭ ਤੋਂ ਜਿਆਦਾ ਪੰਜਾਬੀ ਹਨ, ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਚੰਗੀਆਂ ਮੱਲਾਂ ਮਾਰੀਆਂ ਹਨ, ਪਰ ਅਖੌਤੀ ਸਿਆਸਤਦਾਨਾਂ ਦੇ ਕਾਰਨ ਉਨਾਂ ਨੂੰ ਨਿਰਾਸ਼ ਪੈਣਾ ਹੋ ਰਿਹਾ ਹੈ, ਕਿਉਂਕਿ ਇਹ ਸਿਆਸਦਾਨ ਪੰਜਾਬ ਦਾ ਭਵਿੱਖ ਸੁਧਾਰਨ ਦੀ ਬਜਾਏ ਆਪਣੀਆਂ ਤਿਜੋਰੀਆਂ ਭਰਨ ਵਿੱਚ ਲੱਗੇ ਹੋਏ ਹਨ।
ਇਸ ਮੌਕੇ 'ਤੇ ਬੋਲਦੇ ਹੋਏ ਡਾ. ਇੰਦਰਬੀਰ ਸਿੰਘ ਨਿਜ਼ਰ ਨੇ ਕਿਹਾ ਕਿ ਦੇਸ਼ ਦੀ ਰਾਖੀ ਲਈ ਪੰਜਾਬੀ ਹਮੇਸ਼ਾਂ ਹਿੱਕਾਂ ਤਾਣ ਕੇ ਅੱਗੇ ਆਏ ਹਨ ਅਤੇ ਆਪਣੇ ਮਿਸਾਲੀ ਹਿੰਮਤ, ਇਮਾਨਦਾਰੀ ਅਤੇ ਮਿਹਨਤ ਦੇ ਕਾਰਨ ਪੂਰੀ ਦੁਨੀਆਂ ਵਿੱਚ ਨਾਂਅ ਚਮਕਾਇਆ ਹੈ, ਪਰ ਦੁਸ਼ਟ ਸਿਆਸਤਦਾਨਾਂ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਕੇ ਉਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਬਾਰੇ ਨੀਤੀ ਸਪਸ਼ਟ ਹੈ ਅਤੇ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਮਾਮਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਹੋਣ ਤੋਂ ਬਾਅਦ ਅਜਿਹੇ ਮਾਮਲਿਆਂ ਨੂੰ ਸਖਤੀ ਨਾਲ ਨਜਿੱਠਿਆ ਜਾਵੇਗਾ। ਇਸ ਮੌਕੇ 'ਘਰ ਬਚਾਓ ਮੁਹਿੰਮ' ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਲੋਕਾਂ ਨੂੰ ਨਸ਼ਿਆਂ ਵਿੱਚੋਂ ਕੱਢਣ ਲਈ ਇੱਕ ਵਚਨ ਹੈ। ਉਨਾਂ ਕਿਹਾ ਕਿ ਇਹ ਮੁਹਿੰਮ ਉਨਾਂ ਲੋਕਾਂ ਲਈ ਹੈ ਜੋ ਨਸ਼ੇ ਦੇ ਸੌਦਾਗਰਾਂ ਦੇ ਚੁੰਗਲ ਵਿੱਚ ਫਸ ਗਏ ਹਨ ਅਤੇ ਇਹ ਪੂਰੇ ਪੰਜਾਬੀਆਂ ਲਈ ਨਾਪਾਕ ਯੋਜਨਾਵਾਂ ਦੇ ਖਿਲਾਫ ਉਠ ਖੜੇ ਹੋਣ ਦਾ ਸੱਦਾ ਹੈ, ਜਿਵੇਂ ਕਿ ਸਾਡੇ ਵੱਡੇ-ਵਡੇਰੇ ਸੱਚਾਈ ਵਾਸਤੇ ਲੜਦੇ ਆਏ ਹਨ। ਇਸ ਮੌਕੇ ਗੁਰਭੇਜ ਸਿੰਘ ਸੰਧੂ ਮੀਡੀਆ ਇੰਚਾਰਜ (ਮਾਝਾ ਜ਼ੋਨ) ਅਤੇ ਵਿਜੇ ਮਹਿਤਾ ਜਨਰਲ ਸਕੱਤਰ(ਅੰਮ੍ਰਿਤਸਰ ਜ਼ੋਨ) ਵੀ ਮੌਜੂਦ ਸਨ।