ਆਮ ਆਦਮੀ ਪਾਰਟੀ (ਆਪ) ਨੇ ਅੱਜ ਕਿਹਾ ਹੈ ਕਿ ਪੰਜਾਬ ਵਿੱਚ 10 ਹਜਾਰ ਕਰੋੜ ਰੁਪਏ ਦੇ ਚਿਟ-ਫੰਡ ਘੋਟਾਲੇ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਅਪਰਾਧੀਆਂ ਅਤੇ ਠੱਗਾਂ ਨੂੰ ਬਾਦਲ ਸਰਕਾਰ ਦੀ ਸਰਪ੍ਰਸਤੀ ਰਹੀ ਹੈ ਅਤੇ ਬਾਦਲ ਸਰਕਾਰ ਦੀ ਛਤਰ-ਛਾਇਆ ਹੇਠ ਇਨਾਂ ਅਪਰਾਧੀਆਂ ਅਤੇ ਠੱਗਾਂ ਵੱਲੋਂ ਪੰਜਾਬ ਦੀ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ।ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਮੁਖੀ ਅਤੇ ਮਜੀਠਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਅਜਿਹਾ ਚਿਟ-ਫੰਡ ਘੋਟਾਲਾ, ਜਿਸ ਵਿੱਚ 3 ਲੱਖ ਲੋਕਾਂ ਨੇ ਆਪਣੇ ਖੂਨ-ਪਸੀਨੇ ਦੀ ਕਮਾਈ ਨਿਵੇਸ਼ ਕੀਤੀ ਸੀ, ਅਜਿਹੇ ਘੋਟਾਲੇ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ ਅਤੇ ਇਸਦੀ ਪੜਤਾਲ ਲਈ ਜਿਹੜੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ, ਉਸ ਵੱਲੋਂ ਸ਼ਰੇਆਮ ਝੂਠ ਬੋਲਿਆ ਜਾ ਰਿਹਾ ਹੈ।ਐਸਐਸਪੀ ਪਟਿਆਲਾ ਗੁਰਮੀਤ ਸਿੰਘ ਚੌਹਾਨ ਦੀ ਸਟੇਟਮੈਂਟ ਨੂੰ ਆਧਾਰ ਬਣਾਉਂਦਿਆਂ ਸ਼ੇਰਗਿੱਲ ਨੇ ਕਿਹਾ ਕਿ ਨਾਭਾ ਜੇਲ ਕਾਂਡ ਵਿੱਚ ਸ਼ਾਮਿਲ ਗੈਂਗਸਟਰ ਸੁਲੱਖਣ ਪਿੰਡ ਮੱਤੇਵਾਲ ਦਾ ਰਹਿਣ ਵਾਲਾ ਹੈ, ਜੋ ਮਜੀਠਾ ਵਿਧਾਨਸਭਾ ਹਲਕੇ ਵਿੱਚ ਪੈਂਦਾ ਹੈ। ਸ਼ੇਰਗਿੱਲ ਨੇ ਕਿਹਾ ਕਿ ਛਾਣਬੀਣ ਨੇ ਇਹ ਸਾਬਿਤ ਕੀਤਾ ਹੈ ਕਿ ਅਪਰਾਧੀਆਂ ਨੂੰ ਕੈਬਿਨੇਟ ਬਿਕਰਮ ਸਿੰਘ ਮਜੀਠੀਆ ਵੱਲੋਂ ਸਰਪ੍ਰਸਤੀ ਦਿੱਤੀ ਗਈ ਸੀ।
ਇਸ ਬਾਰੇ ਨਿਆਇਕ ਜਾਂਚ ਦੀ ਮੰਗ ਕਰਦਿਆਂ ਸ਼ੇਰਗਿੱਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਅਪਰਾਧੀਆਂ ਅਤੇ ਗੈਂਗਸਟਰਾਂ ਦਾ ਇਸਤੇਮਾਲ ਲੋਕਾਂ ਨੂੰ ਡਰਾਉਣ ਲਈ ਕੀਤਾ ਜਾਂਦਾ ਹੈ। ਸ਼ੇਰਗਿੱਲ ਨੇ ਕਿਹਾ ਕਿ ਇਨਾਂ ਦਾ ਇਸਤੇਮਾਲ ਅਕਾਲੀਆਂ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਮੌਕੇ ਭੈਅ ਦਾ ਮਾਹੌਲ ਪੈਦਾ ਕਰਨ ਅਤੇ ਬੂਥਾਂ ਉਪਰ ਕਬਜਾ ਕਰਨ ਲਈ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਡੀਜੀਪੀ ਪੰਜਾਬ ਅਨੁਸਾਰ ਪੰਜਾਬ ਵਿੱਚ ਇਸ ਸਮੇਂ 57 ਗੈਂਗਸਟਰ ਸਰਗਰਮ ਹਨ। ਜਿਸ ਤੋਂ ਸਾਫ ਹੈ ਕਿ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਗ੍ਰਹਿ ਮੰਤਰਾਲਾ ਪੂਰੀ ਤਰਾਂ ਅਸਫਲ ਹੋਇਆ ਹੈ।ਇਸ ਤੋਂ ਇਲਾਵਾ ਕਾਂਗਰਸ ਉਤੇ ਵਰਦਿਆਂ ਸ਼ੇਰਗਿੱਲ ਨੇ ਕਿਹਾ ਕਿ ਕਾਂਗਰਸ ਇੱਕ ਵੰਡਿਆ ਹੋਇਆ ਘਰ ਅਤੇ ਡੁੱਬ ਰਹੀ ਕਿਸ਼ਤੀ ਹੈ।ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਦਲਿਤ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂੰਢ ਨੂੰ ਇਸ ਕਰਕੇ ਟਿਕਟ ਦੇਣ ਤੋਂ ਮਨਾ ਕਰ ਦਿੱਤਾ ਕਿਉਂਕਿ ਉਸਨੇ ਪੰਜਾਬ ਵਿਧਾਨ ਸਭਾ ਅੰਦਰ ਬਿਕਰਮ ਮਜੀਠੀਆ ਵੱਲ ਜੁੱਤੀ ਸੁੱਟੀ ਸੀ।ਸ਼ੇਰਗਿੱਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਦੇ ਸਾਥੀ ਨੂੰ ਵਾਪਿਸ ਲਿਆਉਣ ਦੀ ਜਗਾ ਜੁੱਤਾ ਕਾਂਡ ਵਿੱਚ ਆਪਣੇ ਭਤੀਜੇ ਮਜੀਠੀਆ ਨੂੰ ਹਮਾਇਤ ਦਿੱਤੀ ਗਈ। ਇਸ ਤੋਂ ਇਲਾਵਾ ਹੋਰਨਾਂ ਕਾਂਗਰਸੀ ਆਗੂਆਂ ਐਸਐਸ ਦੂਲੋਂ ਅਤੇ ਮਹਿੰਦਰ ਸਿੰਘ ਕੇਪੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਉਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਗਾਇਆ ਹੈ।
ਸ਼ੇਰਗਿੱਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਨੂੰ ਸੀਬੀਆਈ ਜਾਂਚ ਤੋਂ ਵੀ ਬਚਾਇਆ ਸੀ, ਜਦੋਂ ਡਰੱਗ ਸਰਗਨਾ ਭੋਲਾ ਨੇ 6 ਹਜਾਰ ਕਰੋੜ ਦੇ ਸਿੰਥੈਟਿਕ ਡਰੱਗ ਰੈਕੇਟ ਵਿੱਚ ਮਜੀਠੀਆ ਦਾ ਨਾਂਅ ਲਿਆ ਸੀ।ਸ਼ੇਰਗਿੱਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਟਿਕਟਾਂ ਦੀ ਵੰਡ ਤੋਂ ਬਾਅਦ ਪਾਰਟੀ ਵਿੱਚ ਫੁੱਟ ਪੈ ਗਈ ਹੈ। ਉਨਾਂ ਕਿਹਾ ਕਿ ਸੁਰਜੀਤ ਸਿੰਘ ਧੀਮਾਨ ਵੱਲੋਂ ਅਮਰਗੜ੍ਹ ਹਲਕੇ ਤੋਂ ਚੋਣ ਲੜਨ ਤੋਂ ਪਹਿਲਾਂ ਮਨਾਂ ਕਰ ਦਿੱਤਾ ਗਿਆ ਸੀ, ਅਤੇ ਹੁਣ ਦਬਾਅ ਪਾ ਕੇ ਉਸਦੇ ਫੈਸਲੇ ਨੂੰ ਬਦਲ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਇੱਕ ਹੋਰ ਕਾਂਗਰਸੀ ਆਗੂ ਗੁਰਬਿੰਦਰ ਸਿੰਘ ਅਟਵਾਲ ਨੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਤੋਂ ਪਹਿਲਾਂ ਹੀ ਮਨਾ ਕਰ ਦਿੱਤਾ ਹੈ। ਇਸੇ ਤਰਾਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਰਾਜਿੰਦਰ ਦੀਪਾ ਨੇ ਦੋਸ਼ ਲਗਾਇਆ ਗਿਆ ਹੈ ਕਿ ਕਾਂਗਰਸੀ ਉਮੀਦਵਾਰ ਦਮਨ ਕੌਰ ਬਾਜਵਾ ਦੇ ਘਰਵਾਲੇ ਦੇ ਨਸ਼ਿਆਂ ਦੇ ਸਰਗਨਾ ਰਾਜਾ ਕੰਧੋਲਾ ਨਾਲ ਸਬੰਧ ਸਨ।ਸ਼ੇਰਗਿੱਲ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਗੁਪਤ ਮੀਟਿੰਗ ਕੀਤੀ ਗਈ ਹੈ। ਦਿੱਲੀ ਵਿੱਚ ਕੁੱਝ ਦਿਨ ਪਹਿਲਾਂ ਲਗਭਗ ਇੱਕ ਘੰਟੇ ਚੱਲੀ ਇਸ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਐਲਾਨਣ ਤੋਂ ਪਾਸਾ ਵੱਟ ਲਿਆ ਗਿਆ।