ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ 'ਚ ਵੱਖ-ਵੱਖ ਯੋਜਨਾਵਾਂ ਬਣਾ ਕੇ ਕੀਤੇ ਜਾ ਰਹੇ ਕੰਮਾਂ ਨਾਲ ਸੂਬੇ ਦੇ ਦੱਖਣੀ ਪੱਛਮੀ ਖੇਤਰ ਵਿੱਚ ਸੇਮ ਰੋਕਣ 'ਚ ਵੱਡੀ ਸਫ਼ਲਤਾ ਮਿਲੇਗੀ। ਸਿੰਚਾਈ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਸੇਮ ਪ੍ਰਭਾਵਿਤ ਇਲਾਕਿਆਂ ਦੀ ਸੇਮ ਤੋਂ ਨਿਜਾਤ ਪਾਉਣ ਲਈ 960 ਕਰੋੜ ਰੁਪਏ ਦੀ ਲਾਗਤ ਨਾਲ ਐਂਟੀ ਵਾਟਰ ਲੌਗਿੰਗ ਸਕੀਮਾਂ ਪ੍ਰਗਤੀ ਅਧੀਨ ਹਨ, ਜਿਨ੍ਹਾਂ ਦੇ ਮੁਕੰਮਲ ਹੋਣ ਨਾਲ 60 ਹਜ਼ਾਰ ਹੈਕਟੇਅਰ ਸੇਮ ਪ੍ਰਭਾਵਿਤ ਰਕਬੇ ਨੂੰ ਵਾਹੀਯੋਗ ਬਣਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਰਾਜਸਥਾਨ ਫੀਡਰ ਅਤੇ ਸਰਹੰਦ ਫੀਡਰ ਕੈਨਾਲ ਦੀ ਰੀਲਾਈਨਿੰਗ ਦਾ ਕੰਮ ਮੁਕੰਮਲ ਹੋਣ ਨਾਲ ਨਹਿਰਾਂ ਵਿੱਚੋਂ ਪਾਣੀ ਦੇ ਰਿਸਾਅ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਸਰਫੇਸ ਡਰੇਨਾਂ, ਸਬ ਸਰਫੇਸ ਡਰੇਨੇਜ਼ ਸਿਸਟਮ, ਲਿਫਟ ਡਰੇਨੇਜ਼ ਸਿਸਟਮ ਅਤੇ ਪੱਕੇ ਖ਼ਾਲਿਆਂ ਦੀ ਉਸਾਰੀ ਵੀ ਸੇਮ ਨੂੰ ਰੋਕਣ 'ਚ ਸਹਾਈ ਹੋਵੇਗੀ।
ਸ. ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਯੋਜਨਾਵਾਂ ਦੇ ਮੁਕੰਮਲ ਹੋਣ ਨਾਲ ਜਿੱਥੇ ਸਬੰਧਤ ਖੇਤਰ ਦੇ ਲੋਕਾਂ ਲਈ ਰੁਜ਼ਗਾਰ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ, ਉੱਥੇ ਨੇੜਲੇ ਖੇਤਰਾਂ ਦੇ ਲੋਕਾਂ ਦੀ ਵਿੱਤੀ ਸਮਰੱਥਾ ਵਧੇਗੀ, ਜਿਸ ਨਾਲ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਆਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਜ਼ਮੀਨ ਦੀ ਕੀਮਤ ਜੋ ਬਹੁਤ ਜ਼ਿਆਦਾ ਘੱਟ ਚੁੱਕੀ ਸੀ, ਉਪਜਾਉ ਸ਼ਕਤੀ ਵਧਣ ਨਾਲ ਜ਼ਮੀਨ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਤਹਿਤ ਸੂਬੇ ਦੇ 313 ਨੰਬਰ ਪਿੰਡਾਂ ਨੂੰ ਲਾਭ ਹੋਵੇਗਾ। ਇਸ ਨਾਲ ਜਿੱਥੇ ਲੋਕਾਂ ਦੀ ਅਤੇ ਪਸ਼ੂਆਂ ਦੀ ਸਿਹਤ ਵਿੱਚ ਵੀ ਸੁਧਾਰ ਹੋਵੇਗਾ, ਉੱਥੇ ਇਲਾਕੇ ਵਿੱਚ ਹਰੇ ਚਾਰੇ ਦੇ ਉਪਲੱਭਧ ਹੋਣ ਨਾਲ ਦੁੱਧਾਰੂ ਪਸ਼ੂਆਂ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ।ਸਿੰਚਾਈ ਮੰਤਰੀ ਨੇ ਦੱਸਿਆ ਕਿ 90ਵਿਆਂ ਦੌਰਾਨ ਵੀ ਸੂਬੇ ਦੇ ਦੱਖਣੀ ਪੱਛਮੀ ਖੇਤਰ ਵਿੱਚ ਪੈਂਦੇ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਅਬੋਹਰ ਖੇਤਰ ਵਿੱਚ ਪਾਣੀ ਦਾ ਪੱਧਰ ਧਰਤੀ ਦੇ ਪੱਧਰ ਤੋਂ 33 ਫੁੱਟ ਨੀਵਾਂ ਸੀ। ਉਨ੍ਹਾਂ ਦੱਸਿਆ ਕਿ ਰਾਜਸਥਾਨ ਫੀਡਰ ਅਤੇ ਸਰਹੰਦ ਫੀਡਰ ਕੈਨਾਲ ਅਤੇ ਇਸ ਤੋਂ ਇਲਾਵਾ ਅਬੋਹਰ ਕੈਨਾਲ ਤੇ ਬੀਕਾਨੇਰ ਕੈਨਾਲ ਦੀ ਉਸਾਰੀ ਤੋਂ ਬਾਅਦ ਹਰ ਸਾਲ 0.2 ਮੀਟਰ ਤੋਂ 1.0 ਮੀਟਰ ਤੱਕ ਹਰ ਸਾਲ ਵਧਣਾ ਸ਼ੁਰੂ ਹੋ ਗਿਆ, ਜਿਸ ਦੇ ਸਿੱਟੇ ਵਜੋਂ ਇਲਾਕੇ ਦਾ 2 ਲੱਖ ਹੈਕਟੇਅਰ ਰਕਬਾ ਸੇਮ ਨਾਲ ਪ੍ਰਭਾਵਤ ਹੋ ਗਿਆ।
ਉਨ੍ਹਾਂ ਦੱਸਿਆ ਕਿ ਸੂਬੇ ਦੇ ਦੱਖਣੀ ਪੱਛਮੀ ਖੇਤਰ ਅਧੀਨ ਆਉਂਦੇ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਕੁੱਝ ਹਿੱਸੇ ਸੇਮ ਦੇ ਵਾਧੂ ਪਾਣੀ ਦੀ ਅਤੇ ਪਾਣੀ ਦੇ ਹੋਰ ਸੋਮਿਆਂ ਵਿੱਚ ਖੜੇ ਪਾਣੀ ਦੀ ਨਿਕਾਸੀ ਇੱਕ ਪ੍ਰਮੁੱਖ ਸਮੱਸਿਆ ਹੈ। ਉਨ੍ਹਾਂ ਦੱਸਿਆ ਕਿ ਇਸ ਖੇਤਰ ਦਾ ਧਰਤੀ ਹੇਠਲਾ ਪਾਣੀ ਖਾਰਾ ਅਤੇ ਕਾਲਾ ਹੈ ਜੋ ਖੇਤੀ ਲਈ ਵਰਤਣਯੋਗ ਨਹੀਂ ਹੈ। ਇਸ ਤੋਂ ਇਲਾਵਾ ਕਣਕ ਦੀ ਖੇਤੀ ਤੋਂ ਝੋਨੇ ਦੀ ਖੇਤੀ ਵਿੱਚ ਬਦਲ ਦੇ ਰੁਝਾਨ ਨੇ ਸੇਮ ਦੀ ਸਮੱਸਿਆ ਦੇ ਵਿੱਚ ਹੋਰ ਵਾਧਾ ਕੀਤਾ ਹੈ।ਉਨ੍ਹਾਂ ਦੱਸਿਆ ਕਿ ਸੇਮ ਦੀ ਸੱਮਸਿਆ ਨਾਲ ਫਸਲਾਂ 'ਤੇ ਬਹੁਤ ਬੁਰਾ ਅਸਰ ਪਿਆ, ਜਿਸ ਨਾਲ ਫਸਲਾਂ ਦਾ ਉਤਪਾਦਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ। ਉਨ੍ਹਾਂ ਦੱਸਿਆ ਕਿ ਸੇਮ ਦੀ ਸਮੱਸਿਆ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬਹੁਤ ਜਿਆਦਾ ਘਾਟਾ ਪਿਆ। ਇਸ ਤੋਂ ਇਲਾਵਾ ਸੇਮ ਨੇ ਇਲਾਕੇ 'ਚ ਬੁਨਿਆਦੀ ਢਾਂਚਾ, ਪੁੱਲਾਂ, ਬਿਲਡਿੰਗਾਂ, ਹਸਪਤਾਲਾਂ ਆਦਿ ਅਤੇ ਲੋਕਾਂ ਦੇ ਘਰਾਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ।