ਪੰਜਾਬ ਦੇ ਸਿੰਚਾਈ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਪੰਜਾਬ 'ਚ ਨਿੱਤ ਦਿਨ ਅਮਨ ਦਾ ਮਾਹੌਲ ਖ਼ਤਮ ਕਰਨ ਦੀਆਂ ਕਾਰਵਾਈਆਂ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ 'ਆਪ' ਦਿੱਲੀ, ਉਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ ਤੋਂ ਪੰਜਾਬ 'ਚ ਅਪਰਾਧਿਕ ਬਿਰਤੀ ਵਾਲੇ ਵਿਅਕਤੀ ਭੇਜ ਕੇ ਸਿਰਫ ਤੇ ਸਿਰਫ ਵੋਟਾਂ ਹਾਸਲ ਕਰਨ ਲਈ ਪੰਜਾਬ ਦਾ ਮਾਹੌਲ ਖਰਾਬ ਕਰਨ 'ਤੇ ਤੁਲੀ ਹੈ। ਉਨ੍ਹਾਂ ਕਿਹਾ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਸੁਬੇ ਦੇ ਲੋਕਾਂ ਨੂੰ ਦਿੱਲੀ ਦੇ ਇਨ੍ਹਾਂ ਧਾੜਵੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਪੰਜਾਬ ਦੇ ਅਮਨ-ਚੈਨ ਨੂੰ ਕੋਈ ਢਾਹ ਨਾ ਲੱਗੇ । ਢਿੱਲੋਂ ਨੇ ਅੱਗੇ ਕਿਹਾ ਕਿ ਦਿੱਲੀ ਤੋਂ ਅਬਜ਼ਰਬਰਾਂ ਦੇ ਰੂਪ 'ਚ ਲੁੱਟਾਂ-ਖੋਹਾਂ ਕਰਨ ਲਈ ਪੰਜਾਬ 'ਚ ਭੇਜੇ ਅਨਸਰਾਂ ਦਾ ਪਰਦਾ ਲੋਕਾਂ ਵਲੋਂ ਪਹਿਲਾਂ ਹੀ ਫਾਸ਼ ਕੀਤਾ ਜਾ ਚੁੱਕਾ ਹੈ, ਜਿਸ ਕਰਕੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਅਬਜ਼ਰਬਰਾਂ ਰੂਪੀ ਅਪਰਾਧੀ ਅਨਸਰਾਂ ਨੂੰ ਵਾਪਸ ਸੱਦਣਾ ਪਿਆ।ਉਨ੍ਹਾਂ ਕਿਹਾ 'ਆਪ' ਪਾਰਟੀ ਦੇ ਆਗੂਆਂ ਵਲੋਂ ਟਿਕਟਾਂ ਲਈ ਪੈਸੇ ਲੈਣ ਦੇ ਮਾਮਲੇ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਪੈਸੇ ਦੇ ਲੇਣ-ਦੇਣ ਦੇ ਸ਼ਟਿੰਗ ਆਪਰੇਸ਼ਨ ਸਭ ਦੇ ਸਾਹਮਣੇ ਹਨ।
ਸ. ਢਿੱਲੋਂ ਨੇ 32 ਲੱਖ ਦੀ ਲਾਗਤ ਨਾਲ ਬਣਨ ਵਾਲੀ ਮੇਨ ਰੋਡ ਤੋਂ ਨੱਤ ਸੜਕ, 8 ਲੱਖ ਦੀ ਲਾਗ ਨਾਲ ਪਵਾ ਤੋਂ ਧਰੌੜ ਨੱਤ ਰੋਡ ਅਤੇ 30 ਲੱਖ ਦੀ ਲਾਗਤ ਨਾਲ ਕੌਮੀ ਸ਼ਾਹ ਮਾਰਗ-1 ਤੋਂ ਅਪਰੋਚ ਰੋਡ ਖਾਕਟ ਸੜਕ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਮਗਰੋਂ ਕਿਹਾ ਕਿ ਸ਼ੋਮਣੀ ਅਕਾਲੀ ਦਲ-ਭਾਜਪਾ ਸਰਕਾਰ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਰਖਵਾਲੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਵਿਧਾਇਕ ਅਤੇ ਮੰਤਰੀ ਹਮੇਸ਼ਾ ਲੋਕਾਂ 'ਚ ਵਿਚਰਦੇ ਹਨ, ਜਦਕਿ ਸਾਡੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਸੂਬੇ ਦੇ ਹਰੇਕ ਹਿੱਸੇ 'ਚ ਸੰਗਤ ਦਰਸ਼ਨ ਕਰਦੇ ਹਨ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਨਾਲ-ਨਾਲ ਕਰੋੜਾਂ ਰੁਪਏ ਦੀਆਂ ਗਰਾਂਟਾਂ ਵਿਕਾਸ ਕਾਰਜਾਂ ਲਈ ਲੋਕਾਂ ਦੇ ਦੁਆਰ ਜਾ ਕੇ ਦਿੰਦੇ ਹਨ।ਸਿੰਚਾਈ ਮੰਤਰੀ ਨੇ ਅੱਗੇ ਕਿਹਾ ਕਿ ਇਲਾਕੇ ਦੇ ਸਰਬਪੱਖੀ ਵਿਕਾਸ 'ਚ ਕੋਈ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੱਥੇ ਵਿਕਾਸ ਕਾਰਜ ਲਗਾਤਾਰ ਜਾਰੀ ਹਨ, ਬਿਜਲੀ ਦੇ ਗਰਿੱਡ ਉਸਾਰੀ ਅਧੀਨ ਹਨ, ਸੀਵਰੇਜ ਦਾ ਕੰਮ ਪ੍ਰਗਤੀ ਅਧੀਨ ਹੈ, ਜਿਸਨੂੰ ਨਿਰਧਾਰਿਤ ਸਮੇਂ 'ਚ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।ਇਸ ਮੌਕੇ ਸ. ਸਿਮਰਨਜੀਤ ਸਿੰਘ, ਵਾਈਸ ਪ੍ਰਧਾਨ, ਯੂਥ ਅਕਾਲੀ ਦਲ, ਲੁਧਿਆਣਾ, ਸ. ਸਹਿਜਪ੍ਰੀਤ ਸਿੰਘ ਮਾਂਗਟ, ਵਿਸ਼ੇਸ਼ ਕਾਰਜ ਸਾਧਕ ਅਧਿਕਾਰੀ/ਸਿੰਚਾਈ ਮੰਤਰੀ, ਸ੍ਰੀਮਤੀ ਦਲਜੀਤ ਕੌਰ ਪਵਾ, ਪ੍ਰਧਾਨ, ਇਸਤਰੀ ਅਕਾਲੀ ਦਲ, ਲੁਧਿਆਣਾ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪੰਚ-ਸਰਪੰਚ ਤੇ ਮੋਹਤਬਰ ਵਿਅਕਤੀ ਮੌਜੂਦ ਸਨ।