ਪੰਜਾਬ ਦੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਆਪ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨਾਲ ਉਹ ਮੰਗਤੇ ਬਣਦੇ ਜਾ ਰਹੇ ਹਨ, 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਸੰਬੰਧੀ ਸ੍ਰ. ਢਿੱਲੋਂ ਨੇ ਕਿਹਾ ਹੈ ਕਿ ਇਸ ਬਿਆਨ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਬਿਮਾਰ ਮਾਨਸਿਕਤਾ ਵਾਲੇ ਹਨ।ਅੱਜ ਸਥਾਨਕ ਪਿੰਡ ਮੇਹਰਬਾਨ ਵਿਖੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਟਾ ਦਾਲ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਨੀਲੇ ਕਾਰਡ ਅਤੇ ਕਣਕ ਦੀ ਵੰਡ ਕਰਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਢਿੱਲੋਂ ਨੇ ਕਿਹਾ ਸੰਸਦ ਮੈਂਬਰ ਭਗਵੰਤ ਮਾਨ ਜਾਤ ਪਾਤ ਦੀ ਬਿਮਾਰੀ ਤੋਂ ਪੀੜਤ ਹੈ, ਇਸੇ ਕਰਕੇ ਉਹ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਅਤੇ ਦਲਿਤਾਂ ਦਾ ਮਜ਼ਾਕ ਉਡਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਦੇਣ ਨਾਲ ਭਗਵੰਤ ਮਾਨ ਅਤੇ ਆਪ ਪਾਰਟੀ ਦਾ ਕੁਝ ਨਹੀਂ ਬਣਨਾ, ਸਗੋਂ ਪੰਜਾਬ ਦੇ ਲੋਕ ਇਨ੍ਹਾਂ ਗੱਲਾਂ ਦਾ ਜਵਾਬ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ।ਸ੍ਰ. ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਵਾਲੀ ਪੰਜਾਬ ਸਰਕਾਰ ਨੇ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਪਰ ਸ਼ਾਇਦ ਭਗਵੰਤ ਮਾਨ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਚੁਣੀ ਹੋਈ ਸਰਕਾਰ ਨੂੰ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਲਈ ਉਨ੍ਹਾਂ ਦੇ ਨਾਲ ਖੜਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਲੋਕਾਂ ਦੇ ਆਪਣੇ ਹੀ ਪੈਸੇ ਨਾਲ ਚਾਲੂ ਯੋਜਨਾਵਾਂ ਜਾਂ ਸਹੂਲਤਾਂ ਦਾ ਲਾਭ ਲੈਣ ਨਾਲ ਲੋਕ ਕੋਈ ਮੰਗਤੇ ਨਹੀਂ ਬਣ ਜਾਂਦਾ।
ਸ੍ਰ. ਢਿੱਲੋਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ (ਸ੍ਰ. ਢਿੱਲੋਂ) ਅਤੇ ਉਨ੍ਹਾਂ ਦੀ ਸਰਕਾਰ ਲਈ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਸਰਬਉੱਚ ਹਨ। ਪਰ ਸ਼ਾਇਦ ਭਗਵੰਤ ਮਾਨ ਇਨ੍ਹਾਂ ਗੱਲਾਂ ਨੂੰ ਨਾ ਸਮਝ ਸਕੇ ਕਿਉਂਕਿ ਉਹ ਜਾਤ ਪਾਤ ਦੀ ਭੈੜੀ ਬਿਮਾਰੀ ਤੋਂ ਪੀੜਤ ਹੈ ਅਤੇ ਲੋੜਵੰਦ ਲੋਕਾਂ ਦੀਆਂ ਜ਼ਰੂਰਤਾਂ ਤੋਂ ਅਣਜਾਣ ਹੈ। ਸ੍ਰ. ਢਿੱਲੋਂ ਨੇ ਦੱਸਿਆ ਕਿ ਇਕੱਲੇ ਮੇਹਰਬਾਨ ਸਰਕਲ ਵਿੱਚ ਹੀ 22 ਹਜ਼ਾਰ ਤੋਂ ਵਧੇਰੇ ਲੋਕਾਂ ਦੇ ਨੀਲੇ ਕਾਰਡ ਬਣਾਏ ਗਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੇ ਪਦ ਚਿੰਨਾਂ 'ਤੇ ਚੱਲਣ ਲੱਗੀ ਹੈ। ਦੋਵੇਂ ਪਾਰਟੀਆਂ ਸਿੱਖ ਅਤੇ ਪੰਜਾਬ ਵਿਰੋਧੀ ਹਨ ਅਤੇ ਦੋਵਾਂ ਦਾ ਨੁਕਸਾਨ ਕਰ ਰਹੀਆਂ ਹਨ।ਦੱਸਣਯੋਗ ਹੈ ਕਿ ਅੱਜ ਮੇਹਰਬਾਨ ਖੇਤਰ ਦੇ ਆਟਾ ਦਾਲ ਯੋਜਨਾ ਦੇ ਲਾਭਪਾਤਰੀਆਂ ਨੂੰ 30-30 ਕਿਲੋ ਕਣਕ ਦੀਆਂ 1500 ਬੋਰੀਆਂ ਵੰਡੀਆਂ ਗਈਆਂ। ਇਹ ਕਣਕ ਅਪ੍ਰੈੱਲ 2016 ਤੋਂ ਸਤੰਬਰ 2016 ਮਹੀਨੇ ਦੇ ਕੋਟੇ ਦੀ ਪ੍ਰਤੀ ਕਿੱਲੋ 1 ਰੁਪਏ ਦੇ ਹਿਸਾਬ ਨਾਲ ਵੰਡੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਗੁਰਚਰਨ ਸਿੰਘ ਮੇਹਰਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰ. ਰਣਜੀਤ ਸਿੰਘ ਮੰਗਲੀ, ਸ੍ਰ. ਗੁਰਦੀਪ ਸਿੰਘ ਜੀਵਨਪੁਰ, ਸਰਪੰਚ ਸ੍ਰ. ਮਨਿੰਦਰ ਸਿੰਘ ਕਾਕੋਵਾਲ, ਨਿੱਜੀ ਸਹਾਇਕ ਸ੍ਰ. ਰਛਪਾਲ ਸਿੰਘ ਅਤੇ ਹੋਰ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।