ਆਮ ਆਦਮੀ ਪਾਰਟੀ (ਆਪ) ਵੱਲੋਂ ਇੱਥੇ ਦਲਿਤਾਂ ਨਾਲ ਗੱਲਬਾਤ ਦੌਰਾਨ ਸਸਤੇ ਮਕਾਨਾਂ ਦੀ ਵੱਡੀ ਘਾਟ, ਅਨੁਸੂਚਿਤ ਜਾਤਾਂ ਦੇ ਸਰਟੀਫ਼ਿਕੇਟ ਜਾਰੀ ਕੀਤੇ ਜਾਣ ਵਿੱਚ ਅਸੁਵਿਧਾ ਅਤੇ ਕਲਿਆਣ ਯੋਜਨਾਵਾਂ ਨੂੰ ਗ਼ੈਰ-ਵਾਜਬ ਢੰਗ ਨਾਲ ਲਾਗੂ ਕਰਨ ਜਿਹੇ ਪ੍ਰਮੁੱਖ ਮੁੱਦੇ ਉੱਭਰੇ। ਇਹ ਗੱਲਬਾਤ ਦਲਿਤਾਂ ਲਈ ਵਿਸ਼ੇਸ਼ ਚੋਣ ਮੈਨੀਫ਼ੈਸਟੋ ਨੂੰ ਅੰਤਿਮ ਰੂਪ ਦੇਣ ਹਿਤ ਕੀਤੀ ਜਾ ਰਹੀ ਹੈ।'ਪੰਜਾਬ ਸੰਵਾਦ' (ਪੰਜਾਬ ਡਾਇਲਾੱਗ) ਦੇ ਮੁਖੀ ਕੰਵਰ ਸੰਧੂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੰਦਰ ਸੁਤਾ ਡੋਗਰਾ, ਆਮ ਆਦਮੀ ਪਾਰਟੀ ਦੇ ਅਨੁਸੂਚਿਤ ਵਿੰਗ ਦੇ ਪ੍ਰਧਾਨ ਦੇਵ ਮਾਨ, ਸੰਤੋਖ ਸਿੰਘ ਸਲਾਣਾ (ਬੱਸੀ ਪਠਾਨਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ) ਅਤੇ ਗੁਰਪ੍ਰੀਤ ਸਿੰਘ ਲਾਪਰਾ (ਪਾਇਲ ਤੋਂ ਉਮੀਦਵਾਰ) ਨਾਲ ਮਿਲ ਕੇ ਇੱਥੋਂ ਦੇ ਸੈਂਚੁਰੀ ਪੈਲੇਸ 'ਚ ਦਲਿਤਾਂ ਨਾਲ ਗੱਲਬਾਤ ਸ਼ੁਰੂ ਕੀਤੀ।ਇਕੱਠ ਨੂੰ ਸੰਬੋਧਨ ਕਰਦਿਆਂ ਕੰਵਰ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਇੱਕੋ-ਇੱਕ ਅਜਿਹੀ ਸਿਆਸੀ ਪਾਰਟੀ ਹੈ, ਜੋ ਸਾਰੀਆਂ ਸਬੰਧਤ ਧਿਰਾਂ ਨਾਲ ਗੱਲਬਾਤ ਕਰ ਰਹੀ ਹੈ, ਤਾਂ ਜੋ ਉਨ੍ਹਾਂ ਨਾਲ ਸਬੰਧਤ ਸਾਰੇ ਮੁੱਦਿਆਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਚੋਣ ਮੈਨੀਫ਼ੈਸਟੋ ਵਿੱਚ ਸ਼ਾਮਲ ਕੀਤਾ ਜਾ ਸਕੇ ਅਤੇ ਸੂਬੇ 'ਚ ਸਥਾਪਤ ਹੋਣ ਵਾਲੀ ਸਰਕਾਰ ਦਾ ਏਜੰਡਾ ਤੈਅ ਕੀਤਾ ਜਾ ਸਕੇ।ਚੰਦਰ ਸੁਤਾ ਡੋਗਰਾ ਨੇ ਪੰਜਾਬ ਦੇ ਬਿਜਲੀ ਦ੍ਰਿਸ਼ ਬਾਰੇ ਇੱਕ ਪੇਸ਼ਕਾਰੀ ਵਿਖਾਈ ਅਤੇ ਦੱਸਿਆ ਕਿ ਕਿਵੇਂ 'ਪੰਜਾਬ ਨੂੰ ਇੱਕ ਵਾਧੂ ਬਿਜਲੀ ਵਾਲਾ ਰਾਜ' ਬਣਾਉਣ ਦੇ ਨਾਂਅ ਹੇਠ ਸੂਬੇ ਦੇ ਲੋਕਾਂ ਨੂੰ ਅਕਾਲੀਆਂ ਵੱਲੋਂ ਠੱਗਿਆ ਜਾ ਰਿਹਾ ਹੈ।ਕੰਵਰ ਸੰਧੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਹ ਗੱਲਬਾਤ ਸਮਾਜ ਦੇ ਵੱਖੋ-ਵੱਖਰੇ ਵਰਗਾਂ ਨਾਲ ਕੀਤੀ ਗਈ ਸੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਏਜੰਡਾ ਤੈਅ ਕਰਨ ਤੋਂ ਪਹਿਲਾਂ ਹੁਣ ਇਹ ਗੱਲਬਾਤ ਦਾ ਦੂਜਾ ਗੇੜ ਹੈ। ਉਨ੍ਹਾਂ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਇਮ ਹੋਣ ਦੇ ਤਿੰਨ ਮਹੀਨਿਆਂ ਦੇ ਅੰਦਰ ਪੰਜਾਬ ਵਿੱਚ ਹੱਥੀਂ ਮੈਲਾ ਢੋਣ ਉੱਤੇ ਪਾਬੰਦੀ ਲਾ ਦਿੱਤੀ ਜਾਵੇਗੀ।
ਕੰਵਰ ਸੰਧੂ ਨੇ ਕਿਹਾ,''ਮੁੱਦਿਆਂ ਦੀ ਸ਼ਨਾਖ਼ਤ ਕਰਨ ਲਈ ਦਲਿਤਾਂ ਨਾਲ ਗੱਲਬਾਤ ਕਰਨੀ ਬਹੁਤ ਅਹਿਮ ਹੈ ਕਿਉਂਕਿ ਬਹੁਤੀਆਂ ਸਿਆਸੀ ਪਾਰਟੀਆਂ ਦੱਬੇ-ਕੁਚਲੇ ਵਰਗ ਨੂੰ ਕੇਵਲ ਵੋਟ ਬੈਂਕ ਵਜੋਂ ਵਰਤਣ ਤੋਂ ਇਲਾਵਾ ਉਨ੍ਹਾਂ ਦੀ ਭਲਾਈ ਲਈ ਕੁੱਝ ਨਹੀਂ ਕਰਦੀਆਂ।'' ਕੰਵਰ ਸੰਧੂ ਨੇ ਕਿਹਾ ਕਿ ਆਜ਼ਾਦੀ ਦੇ 70 ਵਰ੍ਹਿਆਂ ਬਾਅਦ ਸਿਆਸੀ ਆਗੂਆਂ ਵੱਲੋਂ ਦਲਿਤਾਂ ਨੂੰ ਹਾਲੇ ਵੀ ਦਬਾਇਆ ਜਾ ਰਿਹਾ ਹੈ।ਇਸ ਗੱਲਬਾਤ ਵਿੱਚ ਭਾਗ ਲੈਣ ਪੁੱਜੇ ਪਰਮਜੀਤ ਸਿੰਘ ਸੇਖਾ ਨੇ ਸਰਕਾਰੀ ਸਕੂਲਾਂ ਦੇ ਮਾੜੇ ਮਿਆਰ ਦੀ ਸ਼ਿਕਾਇਤ ਕੀਤੀ; ਜਿੱਥੇ ਬੁਨਿਆਦੀ ਢਾਂਚੇ ਦੀ ਤਾਂ ਗੱਲ ਹੀ ਛੱਡੋ, ਉਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਤੱਕ ਨਿਯੁਕਤ ਨਹੀਂ ਕੀਤੇ ਜਾਂਦੇ। ਇਨ੍ਹਾਂ ਸਕੂਲਾਂ ਵਿੱਚ ਜ਼ਿਆਦਾਤਰ ਦਲਿਤ ਪਰਿਵਾਰਾਂ ਦੇ ਬੱਚੇ ਹੀ ਪੜ੍ਹਦੇ ਹਨ।ਕੰਵਰ ਸੰਧੂ ਨੇ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਦਿੱਲੀ ਦੀ ਪੱਧਤੀ ਲਾਗੂ ਕੀਤੀ ਜਾਵੇਗੀ, ਜਿੱਥੇ ਸਰਕਾਰੀ ਸਕੂਲਾਂ ਨੂੰ ਕੁੱਝ ਇਸ ਢੰਗ ਨਾਲ ਅਪਗ੍ਰੇਡ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਮਿਆਰ ਨਿਜੀ ਸਕੂਲਾਂ ਨਾਲ ਮੇਲ ਖਾਣ ਲੱਗ ਪਿਆ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦਿੱਤੀ ਜਾਇਆ ਕਰੇਗੀ।
ਕੰਵਰ ਸੰਧੂ ਨੇ ਕਿਹਾ,''ਆਮ ਆਦਮੀ ਪਾਰਟੀ ਦੀ ਹਕੂਮਤ ਦੌਰਾਨ ਸਿੱਖਿਆ ਦਾ ਨਿਜੀਕਰਨ ਬੰਦ ਕਰ ਦਿੱਤਾ ਜਾਵੇਗਾ, ਗ਼ਰੀਬਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ, ਸਮੁੱਚੇ ਪੰਜਾਬ ਦੇ ਮੁਹੱਲਿਆਂ/ਪਿੰਡਾਂ ਵਿੱਚ ਕਲੀਨਿਕ ਖੋਲ੍ਹੇ ਜਾਣਗੇ।''ਇੱਕ ਦਲਿਤ ਗੁਰਮੁਖ ਸਿੰਘ ਨੇ ਕਿਹਾ ਕਿ ਭਾਵੇਂ ਸਰਕਾਰੀ ਵਿਭਾਗਾਂ ਵਿੱਚ ਅਨੇਕਾਂ ਰਾਖਵੀਂਆਂ ਆਸਾਮੀਆਂ ਖ਼ਾਲੀ ਪਈਆਂ ਹਨ ਪਰ ਸੂਬਾ ਸਰਕਾਰ ਜਾਣਬੁੱਝ ਕੇ ਬੈਕਲਾੱਗ ਖ਼ਤਮ ਕਰਨ ਵਿੱਚ ਦੇਰੀ ਕਰ ਰਹੀ ਹੈ, ਤਾਂ ਜੋ ਦਲਿਤਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਨਾ ਮਿਲ ਸਕਣ।ਇਸ ਬਾਰੇ ਕੰਵਰ ਸੰਧੂ ਨੇ ਹਿਕਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਬੈਕਲਾੱਗ ਖ਼ਤਮ ਕਰਨ ਨੂੰ ਤਰਜੀਹ ਦੇਵੇਗੀ ਅਤੇ ਇਹ ਵੇਖਿਆ ਗਿਆ ਹੈ ਕਿ ਪੰਜਾਬ 'ਚ ਹੋਣ ਵਾਲੇ ਹਰੇਕ ਗ਼ਲਤ ਕੰਮ ਪਿੱਛੇ ਮੁੱਖ ਕਾਰਨ ਵੱਡੇ ਪੱਧਰ 'ਤੇ ਹੋਣ ਵਾਲਾ ਭ੍ਰਿਸ਼ਟਾਚਾਰ ਹੈ ਅਤੇ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ।ਦਲਿਤਾਂ ਨੇ ਸ਼ਗਨ ਸਕੀਮ ਤਹਿਤ ਮਿਲਣ ਵਾਲੀਆਂ ਰਕਮਾਂ ਦੀ ਵੰਡ ਵਿੱਚ ਬੇਲੋੜੀ ਦੇਰੀ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਅਤੇ ਸ਼ਗਨ ਦੀ 15,000 ਰੁਪਏ ਦੀ ਰਕਮ ਵਧਾਉਣ ਦੀ ਮੰਗ ਵੀ ਉੱਠੀ। ਸਸਤੇ ਮਕਾਨਾਂ ਦੀ ਘਾਟ, ਸਫ਼ਾਈ ਕਰਮਚਾਰੀਆਂ ਦੀ ਮਾੜੀ ਹਾਲਤ ਕੁੱਝ ਹੋਰ ਮੁੱਦੇ ਸਨ, ਜੋ ਦਲਿਤਾਂ ਦੇ ਇਸ ਇਕੱਠ ਦੌਰਾਨ ਉਜਾਗਰ ਹੋਏ।ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਇਸ ਸੈਸ਼ਨ ਦੀ ਸਮਾਪਤੀ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਵੀ, ਆਮ ਆਦਮੀ ਪਾਰਟੀ ਨੇ ਦਿੱਲੀ ਸਰਕਾਰ ਦਾ ਏਜੰਡਾ ਤੈਅ ਕਰਨ ਲਈ ਆਮ ਲੋਕਾਂ ਨਾਲ ਗੱਲਬਾਤ ਕੀਤੀ ਸੀ ਅਤੇ ਉਸੇ ਗੱਲਬਾਤ ਦੇ ਆਧਾਰ 'ਤੇ ਚੋਣ ਮੈਨੀਫ਼ੈਸਟੋ ਵਿੱਚ ਸਾਰੇ ਵਾਅਦੇ ਕੀਤੇ ਗਏ ਸਨ, ਜੋ ਇੱਕ-ਇੱਕ ਕਰ ਕੇ ਪੂਰੇ ਕੀਤੇ ਜਾ ਰਹੇ ਹਨ।ਗੱਲਬਾਤ ਦੀ ਇਸ ਸਮੁੱਚੀ ਪ੍ਰਕਿਰਿਆ ਦਾ 27,000 ਤੋਂ ਵੱਧ ਵਿਅਕਤੀਆਂ ਨੇ ਫ਼ੇਸਬੁੱਕ 'ਤੇ ਸਿੱਧਾ ਪ੍ਰਸਾਰਨ ਵੇਖਿਆ।