ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸੁਖੇਰਾ ਬੋਦਲਾ ਦੇ ਵਾਸੀ ਅਨੂਸੂਚਿਤ ਜਾਤੀ ਵਰਗ ਨਾਲ ਸਬੰਧਤ ਮਹਿਲਾਵਾਂ ਤੇ ਵਿਅਕਤੀਆਂ ਦੀ ਕੁੱਟ ਮਾਰ ਦੀਆਂ ਖਬਰਾਂ ਦਾ ਸੂ-ਮੋਟੋ ਨੋਟਿਸ ਲੈਂਦਿਆਂ ਏ.ਡੀ.ਜੀ.ਪੀ. ਕਰਾਈਮ ਨੂੰ 15 ਦਿਨਾਂ 'ਚ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਹਲਕੇ ਦੇ ਪਿੰਡ ਸੁਖੇਰਾ ਬੋਦਲਾ ਦੇ ਅਨੂਸੂਚਿਤ ਜਾਤੀ ਲੋਕਾਂ ਦੀ ਕੁੱਟਮਾਰ ਦੀ ਜਾਣਕਾਰੀ ਵੱਖ-ਵੱਖ ਅਖਬਾਰਾਂ 'ਚ ਪ੍ਰਕਾਸ਼ਿਤ ਖਬਰਾਂ ਰਾਹੀਂ ਮਿਲੀ ਹੈ। ਉਨਾਂ ਦੱਸਿਆ ਕਿ ਕਿ ਕਮਿਸ਼ਨ ਨੇ ਇਸ ਘਟਨਾ ਦਾ ਸੂ-ਮੋਟੋ ਨੋਟਿਸ ਲੈਂਦਿਆਂ ਏ.ਡੀ.ਜੀ.ਪੀ. ਕਰਾਈਮ, ਪੰਜਾਬ ਚੰਡੀਗੜ੍ਹ ਨੂੰ ਮਾਮਲੇ ਬਾਬਤ ਰਿਪੋਰਟ 15 ਦਿਨਾਂ 'ਚ ਪੇਸ਼ ਕਰਨ ਲਈ ਕਿਹਾ ਹੈ ਤਾਂ ਜੋ ਮਾਮਲੇ ਦੀ ਸਚਾਈ ਨਿਰਧਾਰਿਤ ਸਮੇਂ 'ਚ ਸਾਹਮਣੇ ਲਿਆ ਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਸਕੇ। ਬਾਘਾ ਨੇ ਅੱਗੇ ਕਿਹਾ ਕਿ ਕਮਿਸ਼ਨ ਅਨੁਸੂਚਿਤ ਜਾਤੀ ਵਰਗ ਦੀਆਂ ਸਮੱਸਿਆਵਾਂ ਕਾਨੂੰਨ ਅਨੁਸਾਰ ਹੱਲ ਕਰਨ ਲਈ ਵਚਨਬੱਧ ਹੈ ਅਤੇ ਇਸ ਮਾਮਲੇ ਦੀ ਜਾਂਚ ਰਿਪੋਰਟ ਪ੍ਰਾਪਤ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਸਿਫਾਰਿਸ਼ ਕੀਤੀ ਜਾਵੇਗੀ।