ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਲੁਧਿਆਣਾ ਨੂੰ ਵਧੀਆ ਸੇਵਾਵਾਂ ਬਦਲੇ ਰਾਜ ਪੱਧਰੀ ਸਨਮਾਨ (ਸਟੇਟ ਲੈਵਲ ਐਵਾਰਡ) ਨਾਲ ਨਿਵਾਜਿਆ ਗਿਆ ਹੈ। ਇਹ ਐਵਾਰਡ ਪੰਜਾਬ ਦੇ ਰਾਜਪਾਲ ਸ੍ਰੀ ਕਪਤਾਨ ਸਿੰਘ ਸੋਲੰਕੀ ਨੇ ਅੱਜ ਚੰਡੀਗੜ੍ਹ ਵਿਖੇ ਹੋਏ ਇੱਕ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਰਵੀ ਭਗਤ ਅਤੇ ਸਮੁੱਚੀ ਰੈੱਡ ਕਰਾਸ ਦੀ ਟੀਮ (ਕਾਰਜਕਾਰੀ ਸਕੱਤਰ ਸ਼੍ਰੀਮਤੀ ਸਰਬਜੀਤ ਕੌਰ ਗਰੇਵਾਲ ਅਤੇ ਅਕਾਂਊਟੈਂਟ ਸ੍ਰੀ ਲੋਕੇਸ਼ ਅਗਰਵਾਲ) ਨੂੰ ਭੇਂਟ ਕੀਤਾ। ਦੱਸਣਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਛੇ ਅਵਾਰਡ ਲੈ ਕੇ ਪਹਿਲੇ ਸਥਾਨ 'ਤੇ ਰਿਹਾ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੇ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਪੰਜਾਬ ਰਾਜ ਰੈੱਡ ਕਰਾਸ ਸੁਸਾਇਟੀ ਵੱਲੋਂ ਇਹ ਐਵਾਰਡ ਦਿੱਤੇ ਗਏ ਹਨ। ਵੱਖ-ਵੱਖ ਵਰਗਾਂ (ਕੈਟੇਗਰੀਆਂ) ਵਿੱਚ ਜ਼ਿਲ੍ਹਾ ਲੁਧਿਆਣਾ ਬਰਾਂਚ ਨੂੰ 6 ਐਵਾਰਡ ਦਿੱਤੇ ਗਏ। ਉਨ੍ਹਾਂ ਵੇਰਵੇ ਸਹਿਤ ਦੱਸਿਆ ਕਿ ਲੁਧਿਆਣਾ ਬਰਾਂਚ ਨੂੰ ਫਸਟ ਏਡ ਵਰਗ ਵਿੱਚ ਸਾਲ 2012-13 ਲਈ ਪਹਿਲਾ ਅਤੇ ਸਾਲ 2013-14 ਲਈ ਦੂਜਾ ਸਥਾਨ ਮਿਲਿਆ ਹੈ। ਇਸੇ ਤਰ੍ਹਾਂ ਮੈਂਬਰਸ਼ਿਪ ਵਰਗ ਲਈ ਸਾਲ 2014-15 ਲਈ ਤੀਜਾ, ਖੂਨਦਾਨ ਮੁਹਿੰਮ ਵਰਗ ਵਿੱਚ ਸਾਲ 2013-14 ਲਈ ਦੂਜਾ ਅਤੇ ਸਾਲ 2014-15 ਲਈ ਤੀਜਾ। ਇਸ ਤੋਂ ਇਲਾਵਾ ਹੋਮ ਨਰਸਿੰਗ ਟਰੇਨਿੰਗ ਵਰਗ ਵਿੱਚ ਸਾਲ 2014-15 ਲਈ ਤੀਜਾ ਸਥਾਨ ਦਿੱਤਾ ਗਿਆ ਹੈ।ਸ੍ਰੀ ਭਗਤ ਨੇ ਇਸ ਪ੍ਰਾਪਤੀ ਲਈ ਜ਼ਿਲ੍ਹਾ ਲੁਧਿਆਣਾ ਬਰਾਂਚ ਦੀ ਸਮੁੱਚੀ ਪ੍ਰਬੰਧਕੀ ਟੀਮ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਮਾਨਵਤਾ ਭਲਾਈ ਲਈ ਕੀਤੇ ਜਾ ਰਹੇ ਅਣਥੱਕ ਉਪਰਾਲਿਆਂ ਲਈ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਲੁਧਿਆਣਾ ਬਰਾਂਚ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਕੰਮ ਕਰਦੀ ਰਹੇਗੀ।