ਰਾਜ ਦੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਨਤੀਜਿਆਂ ਪ੍ਰਤੀ ਜਾਗਰੂਕ ਕਰਨ ਅਤੇ ਨਸ਼ਾ ਤਸਕਰਾਂ/ਨਸ਼ੇੜੀਆਂ ਬਾਰੇ ਪੁਲੀਸ ਨੂੰ ਗੁਪਤ ਸੂਚਨਾ ਦੇਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਡੀ.ਜੀ.ਪੀ.ਪੰਜਾਬ ਸ਼੍ਰੀ ਸੁਰੇਸ਼ ਕੁਮਾਰ ਅਰੋੜਾ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਬਾਬਾ ਫਰੀਦ ਲਾਅ ਕਾਲਜ, ਪਿੰਡ ਚਹਿਲ ਅਤੇ ਪਿੰਡ ਢੁੱਡੀ ਵਿਖੇ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਨਸ਼ਿਆਂ ਦੀ ਮੁਕੰਮਲ ਰੋਕਥਮ ਲਈ ਉਨ੍ਹਾਂ ਦੇ ਵੱਡਮੁੱਲੇ ਸੁਝਾਅ ਵੀ ਲਏ ਗਏ। ਇਨ੍ਹਾਂ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਪੁਲੀਸ ਦੇ ਮੁਖੀ ਸ਼੍ਰੀ ਅਰੋੜਾ ਨੇ ਕਿਹਾ ਕਿ ਨਸ਼ੇ ਜਿੱਥੇ ਸਾਡੀ ਨੌਜਵਾਨ ਪੀੜ੍ਹੀ ਦਾ ਘਾਣ ਕਰ ਰਹੇ ਹਨ ਉੱਥੇ ਇਸ ਦੇ ਸਮਾਜਿਕ ਅਤੇ ਆਰਥਿਕ ਮਾੜੇ ਪ੍ਰਭਾਵ ਵੀ ਪੈਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੁਲੀਸ ਨੂੰ ਸਖ਼ਤ ਆਦੇਸ਼ ਦਿੱਤੇ ਗਏ ਹਨ ਕਿ ਨਸ਼ਿਆਂ ਦੇ ਤਸਕਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ ਇਸ ਦਲਦਲ ਵਿਚੋਂ ਕੱਢ ਕੇ ਨਸ਼ਾ ਛੁਡਾਉ ਅਤੇ ਪੁਨਰਵਾਸ ਕੇਂਦਰਾਂ ਤੋਂ ਇਲਾਜ ਕਰਵਾ ਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਵਰਤਾਰੇ ਨੂੰ ਰੋਕਣ ਲਈ ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਜਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ 181 ਨੰਬਰ ਟੋਲ ਫਰੀ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ ਜਿਸ ਤੇ ਨਸ਼ਿਆਂ ਦੇ ਤਸਕਰਾਂ ਜਾਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਉਨ੍ਹਾਂ ਕਿਹਾ ਕਿ ਅਜਿਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਬਿਲਕੁੱਲ ਗੁਪਤ ਰੱਖਿਆ ਜਾਵੇਗਾ ਅਤੇ ਸ਼ਿਕਾਇਤ ਸਹੀ ਪਾਏ ਜਾਣ ਦੀ ਸੂਰਤ ਵਿਚ ਪੁਲੀਸ ਵੱਲੋਂ ਸ਼ਿਕਾਇਤ ਕਰਤਾ ਨੂੰ 10 ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੱਛਲੇ ਸਮੇਂ ਵਿਚ ਇਸ ਟੋਲ ਫਰੀ ਨੰਬਰ ਰਾਹੀਂ 1800 ਦੇ ਕਰੀਬ ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿੰਨ੍ਹਾਂ ਵਿਚੋਂ 73 ਸ਼ਿਕਾਇਤਾਂ ਸਹੀ ਪਾਈਆਂ ਗਈਆਂ ਅਤੇ ਇੰਨ੍ਹਾਂ ਸੂਚਨਾ ਦੇਣ ਵਾਲਿਆਂ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ।।
ਡੀ.ਜੀ.ਪੀ.ਸ਼੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਜੇਕਰ ਕਿਸੇ ਸ਼ਿਕਾਇਤ ਕਰਤਾ ਨੂੰ ਲੱਗਦਾ ਹੈ ਕਿ ਲੋਕਲ ਪੁਲੀਸ ਨਸ਼ਿਆਂ ਦੇ ਤਸਕਰਾਂ ਵਿਰੁੱਧ ਸਹੀ ਕਾਰਵਾਈ ਨਹੀਂ ਕਰ ਰਹੀ ਤਾਂ ਉਹ ਟੋਲ ਫਰੀ ਨੰਬਰ ਤੋਂ ਇਲਾਵਾ ਡੀ. ਜੀ. ਐਂਟੀ ਡਰੱਗ ਫਲਾਇੰਗ ਸਕਾਡ ਨਾਲ ਵੀ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਸੰਗਰੂਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੋ ਵਿਸ਼ੇਸ਼ ਐਂਟੀ ਡਰੱਗ ਫਲਾਇੰਗ ਸਕਾਡ ਸਥਾਪਿਤ ਕੀਤੇ ਗਏ ਹਨ ਇੰਨ੍ਹਾਂ ਦੇ ਸੰਪਰਕ ਨੰਬਰ ਜਲਦ ਹੀ ਜਨਤਕ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਫਲਾਇੰਗ ਸਕਾਡ ਸ਼ਿਕਾਇਤ ਮਿਲਣ ਤੇ ਸਿੱਧਾ ਸਬੰਧਤ ਜ਼ਿਲ੍ਹੇ ਵਿਚ ਰੇਡ ਕਰਨਗੀਆਂ ਅਤੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨਗੀਆਂ।ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ, ਪਿੰਡ ਚਹਿਲ ਅਤੇ ਢੁੱਡੀ ਵਿਖੇ ਵਿਦਿਆਰਥੀਆਂ ਤੇ ਵੱਖ ਵੱਖ ਲੋਕਾਂ ਦੇ ਸਵਾਲਾਂ ਦੇ ਜਵਾਬ ਵਿਚ ਪੰਜਾਬ ਪੁਲੀਸ ਮੁੱਖੀ ਸ਼੍ਰੀ ਸੁਰੇਸ਼ ਕੁਮਾਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਸ਼ਿਆਂ ਦੀ ਰੋਕਥਾਮ ਲਈ ਗੰਭੀਰ ਹੈ ਅਤੇ ਇਸ ਲਈ ਪੁਲੀਸ ਤੇ ਕਿਸੇ ਤਰ੍ਹਾਂ ਦਾ ਵੀ ਸਿਆਸੀ ਦਬਾਅ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਹੱਦ ਪਾਰ ਤੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਬੀ.ਐਸ.ਐਫ਼ ਤੋਂ ਇਲਾਵਾ ਪੰਜਾਬ ਪੁਲੀਸ ਵੱਲੋਂ ਵੀ ਵਿਸ਼ੇਸ਼ ਚੌਕਸੀ ਵਧਾਈ ਗਈ ਹੈ ਅਤੇ ਪੰਜਾਬ ਪੁਲੀਸ ਵੱਲੋਂ ਨਸ਼ਿਆਂ ਸਬੰਧੀ ਖੁਫ਼ੀਆ ਜਾਣਕਾਰੀ ਲੈਣ ਲਈ 40 ਹੋਰ ਸੂਹੀਆ ਕੁੱਤੇ ਖਰੀਦੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਿੱਥੇ ਪਿੰਡ ਪਿੰਡ ਖੇਡ ਜਿੰਮ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਨੌਜਵਾਨਾਂ ਲਈ ਨੌਕਰੀਆਂ ਅਤੇ ਸਵੈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵਿਚ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਸ ਉਪਰਾਲੇ ਦਾ ਹਿੱਸਾ ਬਣਨ। ਇਸ ਤੋਂ ਪਹਿਲਾਂ ਉਨ੍ਹਾਂ ਬਾਬਾ ਫਰੀਦ ਲਾਅ ਕਾਲਜ ਵਿਖੇ ਨਸ਼ਾ ਛੁਡਾਊ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਸ ਮੌਕੇ ਆਈ.ਜੀ.ਸ਼੍ਰੀ ਈਸ਼ਵਰ ਸਿੰਘ, ਡੀ.ਆਈ.ਜੀ.ਫਿਰੋਜ਼ਪੁਰ ਰੇਜ਼ ਸ਼੍ਰੀ ਯੁਰਿੰਦਰ ਸਿੰਘ ਹੇਅਰ, ਜ਼ਿਲ੍ਹਾ ਪੁਲੀਸ ਮੁਖੀ ਸੁਖਮਿੰਦਰ ਸਿੰਘ ਮਾਨ, ਏ.ਆਈ.ਜੀ. ਸ਼੍ਰੀ ਅਜੈ ਮਲੂਜਾ, ਬਾਬਾ ਫਰੀਦ ਕਾਲਜ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਸੇਖੋਂ, ਮਹੀਪ ਸਿੰਘ ਸੇਖੋਂ ਸਮੇਤ ਵੱਡੀ ਗਿਣਤੀ ਵਿਚ ਪੁਲੀਸ ਅਧਿਕਾਰੀ ਅਤੇ ਇਲਾਕੇ ਦੇ ਪੰਚ ਸਰਪੰਚ ਤੇ ਪਤਵੰਤੇ ਹਾਜਰ ਸਨ।