ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰਨਗੇ ਕਿਉਂਕਿ ਅਕਾਲੀ-ਭਾਜਪਾ ਹੀ ਸਿਰਫ਼ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਕੋਈ ਅੰਦਰੂਨੀ ਬਗਾਵਤ ਨਹੀਂ ਹੈ ਜਦਕਿ ਕਾਂਗਰਸ ਪਾਰਟੀ ਵਿੱਚ ਵੱਡੇ ਪੱਧਰ 'ਤੇ ਅੰਦਰੂਨੀ ਬਗਾਵਤ ਭਾਰੂ ਹੈ। ਇਹ ਵਿਚਾਰ ਵਿਧਾਨ ਸਭਾ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਆਪਣੇ ਖਰੜ ਸਥਿਤ ਚੋਣ ਦਫ਼ਤਰ ਵਿਖੇ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਇੱਕ ਵੱਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਅਕਾਲੀ ਅਤੇ ਭਾਜਪਾ ਵਰਕਰਾਂ ਵੱਲੋਂ ਚੋਣ ਪ੍ਰਚਾਰ ਵਿੱਚ ਦਿਖਾਏ ਜਾ ਰਹੇ ਭਾਰੀ ਉਤਸ਼ਾਹ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਬੱਸ ਕੁਝ ਦਿਨ ਬਾਕੀ ਹਨ ਇਸ ਲਈ ਉਹ ਆਪਣੇ ਕੰਮਾਂ ਕਾਰਾਂ ਵਿੱਚੋਂ ਵੱਧ ਤੋਂ ਵੱਧ ਸਮਾਂ ਕੱਢ ਕੇ ਚੋਣ ਪ੍ਰਚਾਰ ਵਿੱਚ ਜੁਟੇ ਰਹਿਣ ਤਾਂ ਜੋ ਇਹ ਸੀਟ ਜਿੱਤ ਕੇ ਅਕਾਲੀ-ਭਾਜਪਾ ਦੀ ਝੋਲੀ ਪਾਈ ਜਾ ਸਕੇ ਅਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕੀਤੇ ਜਾਣ ਅਤੇ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਵਾਲੀ ਸਰਕਾਰ ਬਣਾਈ ਜਾ ਸਕੇ।
ਅਕਾਲੀ ਅਤੇ ਭਾਜਪਾ ਵਰਕਰਾਂ ਦੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬਡਾਲੀ ਨੇ ਕਿਹਾ ਕਿ ਉਹ ਆਪੋ ਆਪਣੇ ਖੇਤਰਾਂ ਵਿੱਚ ਡਟ ਕੇ ਪਹਿਰਾ ਦੇਣ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੇ ਅਧਾਰ 'ਤੇ ਲੋਕਾਂ ਨੂੰ ਵੋਟਾਂ ਪਾਉਣ ਲਈ ਅਪੀਲ ਕਰਨ।ਇਸ ਮੌਕੇ ਜਥੇਦਾਰ ਉਜਾਗਰ ਸਿੰਘ ਬਡਾਲੀ ਦੇ ਕੁੜਮ ਮਾਸਟਰ ਮੱਘਰ ਸਿੰਘ, ਨਗਰ ਪ੍ਰੀਸ਼ਦ ਖਰੜ ਦੇ ਪ੍ਰਧਾਨ ਅਤੇ ਅਕਾਲੀ ਆਗੂ ਸ. ਗੁਰਪ੍ਰੇਮ ਸਿੰਘ ਰੋਮਾਣਾ, ਦਰਸ਼ਨ ਸਿੰਘ ਸ਼ਿਵਜੋਤ, ਭਾਜਪਾ ਆਗੂ ਤਿਲਕ ਰਾਜ ਚੱਢਾ, ਦਰਸ਼ਨ ਸਿੰਘ ਸ਼ਿਵਜੋਤ, ਜਗਜੀਤ ਸਿੰਘ ਲਵਲੀ, ਭਾਜਪਾ ਆਗੂ ਸੰਗੀਤਾ ਅਰੋੜਾ, ਮਾਸਟਰ ਲਖਬੀਰ ਸਿੰਘ ਅਤੇ ਹੋਰ ਬਹੁਤ ਸਾਰੇ ਅਕਾਲੀ ਅਤੇ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ।