ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਮਨਪ੍ਰੀਤ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਕਾਂਗਰਸ ਦਾ ਮੋਹਰਾ ਸੀ ਅਤੇ ਹੁਣ ਇਹ ਗੱਲ ਜਗ ਜਾਹਰ ਹੋ ਚੁੱਕੀ ਹੈ। ਮਨਪ੍ਰੀਤ ਵੱਲੋਂ ਕਾਂਗਰਸ ਦਾ ਹੱਥ ਫੜ ਲੈਣ ਉੱਤੇ ਉਨ੍ਹਾਂ ਕਿਹਾ ਕਿ ਪੀਪੀਪੀ ਆਗੂ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਿਆ ਅਤੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ। ਉਸ ਨੇ ਖਟਕੜ ਕਲਾਂ ਵਿਖੇ ਸਹੁੰ ਖਾਧੀ ਸੀ ਕਿ ਉਹ ਆਪਣੇ ਆਖਰੀ ਸਾਹ ਤੱਕ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਨੂੰ ਨਹੀਂ ਛੱਡੇਗਾ ਜਦਕਿ ਹੁਣ ਉਸ ਨੇ ਨਿਰਾਸ਼ਾ ਦੇ ਆਲਮ ਤੇ ਸਿਆਸੀ ਮੌਕਾਪ੍ਰਸਤੀ ਤਹਿਤ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ ਹੈ। ਇੱਥੋਂ ਜਾਰੀ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਮਨਪ੍ਰੀਤ ਨੇ 2010 ਵਿਚ ਹੀ ਕਾਂਗਰਸ ਨਾਲ ਹੱਥ ਮਿਲਾ ਲਿਆ ਸੀ ਜਦੋਂ ਉਸਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੂੰ ਹਰਾਉਣ ਲਈ ਕਾਂਗਰਸ ਦੀ ਸ਼ੈਅ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਨੇ ਪੀਪੀਪੀ ਦੀ ਸਥਾਪਨਾ ਵੀ ਕਾਂਗਰਸ ਦੇ ਕਹਿਣ ਉਤੇ ਹੀ ਕੀਤੀ ਸੀ ਤਾਂ ਜੋ ਬਾਦਲ ਪਰਿਵਾਰ ਵਿਚ ਫੁੱਟ ਪਾਈ ਜਾ ਸਕੇ ਅਤੇ ਅਕਾਲੀ ਵਿਧਾਇਕਾਂ ਤੇ ਹੋਰ ਆਗੂਆਂ ਨੂੰ ਨਵੀਂ ਪਾਰਟੀ ਵੱਲ ਆਕਰਸ਼ਿਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਮਨਪ੍ਰੀਤ ਨੇ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਮਨਚਾਹੇ ਨਤੀਜੇ ਪ੍ਰਾਪਤ ਨਹੀਂ ਹੋਏ ਤਾਂ ਉਸ ਨੇ ਆਪਣਾ ਅਸਲੀ ਰੰਗ ਦਿਖਾਉਂਦਿਆਂ ਹੁਣ ਰਸਮੀ ਤੌਰ 'ਤੇ ਕਾਂਗਰਸ ਦਾ ਹੱਥ ਫੜ ਲਿਆ। ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਪੀਪੀਪੀ ਆਗੂ ਨੇ ਕਈ ਮੁੱਦਿਆਂ 'ਤੇ ਆਪਣੇ ਸਵਾਰਥਾਂ ਲਈ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਸ ਦੇ ਕਾਂਗਰਸ ਵਿਚ ਸ਼ਾਮਲ ਹੋਣ ਮੌਕੇ ਕਈ ਨਜ਼ਦੀਕੀਆਂ ਅਤੇ ਜਰਨੈਲਾਂ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਹੈ ਅਤੇ ਉਸ ਤੋਂ ਵੱਖ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਿਰਫ ਮਨਪ੍ਰੀਤ ਹੀ ਕਾਂਗਰਸ ਵਿਚ ਸ਼ਾਮਲ ਹੋਇਆ ਹੈ ਜਦਕਿ ਪੀਪੀਪੀ ਦੇ ਕਿਸੇ ਸੀਨੀਅਰ ਆਗੂ ਨੇ ਕਾਂਗਰਸ ਦਾ ਹੱਥ ਨਹੀਂ ਫੜਿਆ।
ਮਨਪ੍ਰੀਤ ਨੂੰ ਸਭ ਤੋਂ ਵੱਡਾ ਧੋਖੇਬਾਜ਼ ਐਲਾਨਦਿਆਂ ਉਨ੍ਹਾਂ ਕਿਹਾ ਕਿ ਉਸ ਨੇ ਸ਼ਹੀਦ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਦੇ ਨਾਂ ਦੀ ਗਲਤ ਵਰਤੋਂ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਇਹ ਹੀ ਨਹੀਂ ਉਸ ਨੇ ਆਪਣੀ ਕੋਰ ਟੀਮ ਨਾਲ ਵੀ ਧੋਖਾ ਕੀਤਾ ਹੈ। ਉਨ੍ਹਾਂ ਮਨਪ੍ਰੀਤ ਨੂੰ ਦੋਹਰੇ ਕਿਰਦਾਰ ਵਾਲਾ ਵਿਅਕਤੀ ਗਰਦਾਨਦਿਆਂ ਕਿਹਾ ਕਿ ਉਹ ਹਮੇਸ਼ਾਂ ਹਵਾ ਦੇ ਵਹਾਅ ਨਾਲ ਵਹਿਣ ਦੀ ਸੋਚਦਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਮਨਪ੍ਰੀਤ ਨੇ ਆਪਣਾ ਸਿਆਸੀ ਕੈਰੀਅਰ ਬਰਬਾਦ ਕਰ ਲਿਆ ਹੈ ਕਿਉਂ ਕਿ ਪਹਿਲਾਂ ਹੀ ਲੋਕਾਂ ਵੱਲੋਂ ਠੁਕਰਾਏ ਆਗੂ ਨੂੰ ਹੁਣ ਕਾਂਗਰਸ ਵਿਚ ਵੀ ਕੁਝ ਨਹੀਂ ਲੱਭਣਾ ਅਤੇ ਸ਼੍ਰੋਮਣੀ ਅਕਾਲੀ ਦਲ ਤੀਸਰੀ ਵਾਰ ਵੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਵੱਡੀਆਂ ਇੱਛਾਵਾਂ ਰੱਖਣ ਵਾਲਿਆਂ ਨਾਲ ਅਕਸਰ ਅਜਿਹਾ ਹੀ ਹੁੰਦਾ ਹੈ ਅਤੇ ਅਜਿਹੇ ਝੂਠੇ ਵਿਅਕਤੀ ਉੱਤੇ ਤਾਂ ਉਂਝ ਵੀ ਕੋਈ ਵਿਸ਼ਵਾਸ ਨਹੀਂ ਕਰੇਗਾ ਜਿਸ ਨੇ ਸ਼ਹੀਦਾਂ ਦੇ ਨਾਂ 'ਤੇ ਲੋਕਾਂ ਨਾਲ ਧੋਖਾ ਕੀਤਾ ਹੋਵੇ।ਉਨ੍ਹਾਂ ਅੱਗੇ ਕਿਹਾ ਕਿ ਮਨਪ੍ਰੀਤ ਦਾ ਲੋਕਾਂ ਵਿਚ ਕੋਈ ਆਧਾਰ ਨਹੀਂ ਰਿਹਾ ਅਤੇ ਨਾ ਹੀ ਉਸ ਦੀ ਕੋਈ ਵਿਚਾਰਧਾਰਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਮਨਪ੍ਰੀਤ ਅੱਤ ਦਾ ਨਿਰਾਸ਼ ਹੋ ਚੁੱਕਾ ਹੈ ਅਤੇ ਉਸ ਨੇ ਆਪਣੀ ਪਾਰਟੀ ਦੇ ਬੰਦਿਆਂ ਨਾਲ ਵੀ ਧੋਖਾ ਕਮਾਇਆ ਹੈ। ਉਨ੍ਹਾਂ ਕਿਹਾ ਕਿ ਲੋਕ ਗਿਰਗਿਟ ਵਾਂਗੂੰ ਰੰਗ ਬਦਲਣ ਵਾਲੇ ਵਿਅਕਤੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਕਾਂਗਰਸ ਪਾਰਟੀ 'ਤੇ ਵੀ ਹੱਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੰਬਾ ਸਮਾਂ 'ਵੰਡੋ ਅਤੇ ਰਾਜ ਕਰੋ' ਅਤੇ 'ਬੁਰੇ ਸ਼ਾਸ਼ਨ' ਕਰਕੇ ਦੇਸ਼ ਕਈ ਸਮਾਜਿਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਰਗੇ ਨੌਸਿਖੀਆ ਬੰਦੇ ਕਰਕੇ ਕਾਂਗਰਸ ਪਾਰਟੀ ਦਾ ਪਤਨ ਕੋਈ ਨਹੀਂ ਰੋਕ ਸਕਦਾ।