ਸਥਾਨਕ ਫੋਰਟਿਸ ਹਸਪਤਾਲ ਦੇ ਆਰਥੋਪੈਡਿਕਸ ਅਤੇ ਜੁਆਂਇੰਟ ਰਿਪਲੇਸਮੈਂਟ ਵਿਭਾਗ ਦੇ ਮੁਖੀ ਅਤੇ ਡਾਇਰੈਕਟਰ ਡਾਕਟਰ ਮਨੁਜ ਵਧਵਾ ਨੇ ਗੋਡਿਆਂ ਦੇ ਜੋੜ ਬਦਲਣ ਦੇ ਖੇਤਰ ਵਿੱਚ ਨਵਾਂ ਇਤਿਹਾਸ ਰਚਦਿਆਂ ਮਾਰਚ 2013 ਦੌਰਾਨ 331 ਮਰੀਜਾਂ ਦੇ ਸਫਲਤਾ ਨਾਲ ਗੋਡੇ ਬਦਲ ਕੇ ਇੱਕ ਨਵਾਂ ਮਾਅਰਕਾ ਮਾਰਿਆ ਹੈ। ਡਾਕਟਰ ਵਧਵਾ ਦੀ ਇਹ ਪ੍ਰਾਪਤੀ ਵਿਸ਼ਵ ਦੀ ਆਪਣੇ ਤਰ੍ਹਾਂ ਦੀ ਨਿਵੇਕਲੀ ਪ੍ਰਾਪਤੀ ਹੈ ਜਦੋਂ ਸਿਰਫ਼ ਇੱਕ ਹੀ ਡਾਕਟਰ ਨੇ ਇੱਕ ਮਹੀਨੇ ਦੌਰਾਨ ਐਨੇ ਜ਼ਿਆਦਾ ਆਪਰੇਸ਼ਨ ਕੀਤੇ ਹੋਣ।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਕਟਰ ਵਧਵਾ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਪ੍ਰਾਪਤੀ ਦਾ ਅਸਲ ਸਿਹਰਾ ਉਨ੍ਹਾਂ ਦੇ ਮਾਪਿਆਂ ਨੂੰ ਜਾਂਦਾ ਹੈ, ਜਿੰਨ੍ਹਾਂ ਨੇ ਉਨ੍ਹਾਂ ਨੂੰ ਵਿਦੇਸ਼ ਵਿੱਚ ਡਾਕਟਰ ਵਜੋਂ ਸੇਵਾ ਨਿਭਾਉਣ ਦੀ ਥਾਂ ਆਪਣੇ ਦੇਸ਼ ਵਿੱਚ ਇਹ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਵਲੋਂ ਆਪਣੀ ਮਾਤ ਭੂਮੀ ਦੇ ਲੋਕਾਂ ਦੀ ਸੇਵਾ ਨੂੰ ਪਹਿਲ ਦੇਣ ਦੀ ਪ੍ਰੇਰਣਾ ਦੇ ਸਦਕਾ ਹੀ ਉਨ੍ਹਾਂ ਆਪਣੀ ਇਸ ਮੁਹਿੰਮ ਨੂੰ ਅੱਗੇ ਤੋਰਿਆ ਅਤੇ ਅੱਜ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਚੱਲਣ ਫਿਰਨ ਤੋਂ ਲਾਚਾਰ ਹੋ ਚੁੱਕੇ ਲੋਕਾਂ ਨੂੰ ਮੁੜ ਉਨ੍ਹਾਂ ਦੇ ਆਪਣੇ ਪੈਰਾਂ 'ਤੇ ਚੱਲਣ ਲਾਉਣ ਯੋਗ ਹੋਏ ਹਨ।ਉਨ੍ਹਾਂ ਕਿਹਾ ਕਿ ਨਵੀਆਂ ਤਕਨੀਕਾਂ ਅਤੇ ਨਵੇਂ ਤਜ਼ਰਬਿਆਂ ਨੇ ਗੋਡੇ ਜੋੜ ਬਦਲਣ ਦੇ ਲੰਬੇ ਆਪਰੇਸ਼ਨਾਂ ਦਾ ਸਮਾਂ ਵੀ ਹੁਣ ਸੀਮਤ ਕਰ ਦਿੱਤਾ ਹੈ ਅਤੇ ਇਹ 20-25 ਮਿੰਟ ਦੌਰਾਨ ਹੀ ਨੇਪਰੇ ਚਾੜ੍ਹ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਵਰਤੀ ਜਾਂਦੀ ਤਕਨੀਕ ਮਰੀਜਾਂ ਨੂੰ ਛੇਤੀ ਤੰਦੁਰਸਤ ਕਰਨ ਦੇ ਨਾਲ-ਨਾਲ ਦਰਦ ਰਹਿਤ ਵੀ ਹੁੰਦੀ ਹੈ।
ਫੋਰਟਿਸ ਹੈਲਥ ਕੇਅਰ ਦੇ ਮੈਡੀਕਲ ਡਾਇਰੈਕਟਰ ਅਤੇ ਰੀਜਨਲ ਮੈਡੀਕਲ ਸਲਾਹਕਾਰ ਡਾਕਟਰ ਗੁਰਬੀਰ ਸਿੰਘ ਨੇ ਦੱਸਿਆ ਕਿ ਯੂ.ਕੇ. ਤੋਂ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਡਾਕਟਰ ਵਧਵਾ ਨੇ ਆਪਣੇ 17 ਸਾਲ ਦੇ ਲੰਬੇ ਕਾਰਜਕਾਲ ਦੌਰਾਨ ਅਨੇਕਾਂ ਹੀ ਅਸੰਭਵ ਕੇਸਾਂ ਨੂੰ ਵੀ ਸਫਲਤਾ ਨਾਲ ਹੱਲ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਡਾਕਟਰ ਵਧਵਾ ਸਮੇਤ ਉਨ੍ਹਾਂ ਦੀ ਪੂਰੀ ਟੀਮ ਆਪਣੇ ਕਿੱਤੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਹਰ ਮਰੀਜ਼ ਨੂੰ ਨਿੱਜੀ ਤੌਰ 'ਤੇ ਲੈ ਕੇ ਉਸ ਦਾ ਇਲਾਜ਼ ਕਰਨ ਨੂੰ ਪਹਿਲ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਡਾਕਟਰ ਵਧਵਾ ਕੌਮਾਂਤਰੀ ਪੱਧਰ 'ਤੇ ਅਜਿਹੀ ਖੋਜ਼ ਕਰਨ ਦੇ ਇੱਛੁਕ ਹਨ, ਜਿਸ ਸਦਕਾ ਆਉਣ ਵਾਲੀ ਪੀੜ੍ਹੀ ਲਈ ਗੋਡਿਆਂ ਦੇ ਜੋੜ ਬਦਲਣ ਦੀ ਵਿਧੀ ਹੋਰ ਵੀ ਸੁਖਾਲੀ ਬਣਾਈ ਜਾ ਸਕੇ। ਹਸਪਤਾਲ ਦੇ ਫੈਕਲਿਟੀ ਡਾਇਰੈਕਟਰ ਅਭਿਜੀਤ ਸਿੰਘ ਨੇ ਕਿਹਾ ਕਿ ਡਾਕਟਰ ਵਧਵਾ ਨੇ ਕੰਪਿਊਟਰ ਅਤੇ ਸੀ.ਟੀ. ਅਧਾਰਤਿ ਆਪਰੇਸ਼ਨ ਕਰਕੇ ਇੱਕ ਨਿਵੇਕਲੀ ਪ੍ਰਾਪਤੀ ਹਾਸਲ ਕੀਤੀ ਹੈ। ਜਿਸ ਦੌਰਾਨ ਉਨ੍ਹਾਂ ਦੱਖਣੀ ਭਾਰਤ ਦੀ ਮੋਹਣੀ ਤਨੇਜਾ, 16 ਸਾਲਾ ਸਿਮਰਨ ਅਤੇ ਦੇਹਰਾਦੂਨ ਦੀ 17 ਸਾਲਾ ਹਰਸ਼ਿਤਾ ਆਦਿ ਦੇ ਆਪਰੇਸ਼ਨ ਸਫ਼ਲਤਾ ਨਾਲ ਕੀਤੇ ਹਨ।ਦੱਸਣਾ ਬਣਦਾ ਹੈ ਕਿ ਕਿ ਡਾਕਟਰ ਵਧਵਾ ਨੂੰ 2008 ਦੌਰਾਨ ਸੀਮਾ ਸੂਦ ਨਾਮਕ ਮਰੀਜ਼ ਦੇ ਗੰਭੀਰ ਹੋ ਚੁੱਕੇ ਗੋਡੇ ਅਤੇ ਕਮਰ ਦੇ ਜੋੜਾਂ ਦਾ ਆਪਰੇਸ਼ਨ ਕਰਨ ਵਿੱਚ ਸਫਲਤਾ ਹਾਸਲ ਕਰਨ ਬਦਲੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਹ ਰਾਸ਼ਟਰੀਆ ਰਤਨ ਐਵਾਰਡ ਅਤੇ ਰਾਜੀਵ ਗਾਂਧੀ ਸ਼੍ਰੋਮਣੀ ਐਵਾਰਡ ਵੀ ਹਾਸਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਅਮਰੀਕਾ ਦੀ ਬਾਇਓਗ੍ਰਾਫ਼ੀਕਲ ਇੰਸਟੀਚਿਊਟ ਵਲੋਂ ਉਨ੍ਹਾਂ ਨੂੰ ਮੈਨ ਆਫ਼ ਦਾ ਈਅਰ ਐਵਾਰਡ ਵੀ ਦਿੱਤਾ ਜਾ ਚੁੱਕਾ ਹੈ। ਹਾਲ ਵਿੱਚ ਹੀ ਉਨ੍ਹਾਂ ਨੂੰ ਕੇਂਦਰੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਵਲੋਂ ਇਲਾਕੇ ਦਾ ਬੇਹਤਰੀਨ ਡਾਕਟਰ ਵੀ ਐਲਾਨਿਆ ਗਿਆ ਹੈ।