ਸਾਨੂੰ ਮਹਾਰਾਜਾ ਅਗਰਸੈਨ ਜੀ ਦੇ ਦਰਸਾਏ ਮਾਰਗਾਂ ਤੇ ਚਲਕੇ ਸੂਬੇ ਦੀ ਖੁਸ਼ਹਾਲੀ, ਅਮਨ ਅਤੇ ਭਾਈ ਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਇਕਜੂਟ ਹੋ ਕੇ ਕੰਮ ਕਰਨ ਦੀ ਲੋੜ ਹੈ ਤਾਂ ਹੀ ਸਾਡਾ ਸਮਾਜ ਤਰੱਕੀ ਦੀਆਂ ਬੁਲੰਦੀਆਂ ਛੂਹ ਸਕੇਗਾ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਮਦਨ ਮੋਹਨ ਮਿੱਤਲ ਨੇ ਅਗਰਵਾਲ ਸੇਵਾ ਸੰਮਤੀ (ਰਜਿ) ਮੁਹਾਲੀ ਵੱਲੋਂ ਕਮਨਿਊਟੀ ਸੈਂਟਰ ਫੇਜ਼-5 ਵਿਖੇ ਮਹਾਰਾਜਾ ਅਗਰਸੈਨ ਜੈਯੰਤੀ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਸ੍ਰੀ ਮਦਨ ਮੋਹਨ ਮਿੱਤਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਹਾਰਾਜਾ ਅਗਰਸੈਨ ਇਕ ਕੁਸ਼ਲ ਪ੍ਰਸ਼ਾਸਕ ਸਨ ਜਿਨਾਂ ਨੇ ਰਾਸ਼ਟਰੀਅਤਾ, ਸਮਾਜਿਕ ਸਮਾਨਤਾ ਅਤੇ ਅਹਿੰਸਾ ਨੂੰ ਆਪਣੇ ਸਮਰਾਜ ਦਾ ਸਿਧਾਂਤ ਬਣਾਇਆ ਉਨਾਂ ਦਾ ਜੀਵਨ ਮਨੁੱਖਤਾ ਲਈ ਇਕ ਚਾਨਣ ਮੁਨਾਰਾ ਹੈ ਸਾਨੂੰ ਅੱਜ ਦੇ ਦਿਨ ਉਨਾਂ ਦੀਆਂ ਸਿੱਖਿਆਵਾਂ ਤੇ ਚਲਣ ਦਾ ਪ੍ਰਣ ਕਰਨਾ ਚਾਹੀਦਾ ਹੈ। ਸ੍ਰੀ ਮਿੱਤਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਅੱਜ ਸਮਾਜਿਕ ਬੁਰਾਈਆਂ ਦੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਮਾਜ ਨੂੰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਅਗੇ ਆਉਣ ਦੇ ਨਾਲ ਨਾਲ ਇਕ ਨਿਰੋਏ ਸਮਾਜ ਦੀ ਸਿਰਜਣਾ ਲਈ ਆਪਣੀ ਬਣਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਉਦਯੋਗ ਅਤੇ ਵਣਜ ਮੰਤਰੀ ਪੰਜਾਬ ਨੇ ਇਸ ਮੌਕੇ ਅਗਰਵਾਲ ਸੇਵਾ ਸੰਮਤੀ ਮੁਹਾਲੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸੰਸਥਾ ਸਮਾਜ ਸੇਵੀ ਕੰਮਾ ਵਿਚ ਵੀ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ। ਉਨਾਂ੍ਹ ਇਸ ਮੌਕੇ ਸੰਮਤੀ ਵੱਲੋਂ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾ ਵੀ ਵੰਡੀਆਂ । ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਓਮਾ ਸ਼ੰਕਰ ਗੁਪਤਾ , ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਕੌਸਲਰ ਰਜਿੰਦਰ ਪ੍ਰਸ਼ਾਦ ਸ਼ਰਮਾ, ਅਸ਼ੋਕ ਝਾ, ਅਤੇ ਅਗਰਵਾਲ ਸੇਵਾ ਸੰਮਤੀ ਦੇ ਅਹੁਦੇਦਾਰ ਅਤੇ ਮੈਂਬਰ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।