ਰਾਜ ਵਿੱਚ ਉਦਯੋਗਿਕ ਖੇਤਰ ਨੂੰ ਬੜਾਵਾ ਦੇ ਕੇ ਰਾਜ ਦੇ ਲੋਕਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਦੀ ਮੌਜੂਦਾ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੱਲੋਂ ਨਵੀਂ ਉਦਯੋਗਿਕ ਨੀਤੀ ਤਿਆਰ ਕਾਰਕੇ ਸੂਬੇ ਵਿੱਚ ਉਦਯੋਗਪਤੀਆਂ ਨੂੰ ਉਦਯੋਗਾਂ ਤੇ ਵੱਡੀਆਂ ਰਿਆਇਤਾਂ ਦਿੱਤੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਦਯੌਗ ਅਤੇ ਵਣਜ, ਤਕਨੀਕੀ ਸਿੱਖਿਆ ਮੰਤਰੀ ਪੰਜਾਬ ਮਦਨ ਮੋਹਨ ਮਿੱਤਲ ਨੇ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਐਮ.ਆਈ.ਏ ਭਵਨ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਮਿੱਤਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਵੇ ਕੇਂਦਰ ਵਿਚਲੀ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਗੁਆਂਢੀ ਰਾਜਾਂ ਨੂੰ ਉਦਯੋਗਿਕ ਖੇਤਰ ਵਿੱਚ ਵੱਡੀਆਂ-ਵੱਡੀਆਂ ਰਿਆਇਤਾਂ ਦੇ ਕੇ ਪੰਜਾਬ ਦੀ ਇੰਡਸਟਰੀ ਨੂੰ ਬਰਬਾਦ ਕਰਨ ਦੀ ਕੋਸ਼ਿਸ ਕੀਤੀ ਪਰੰਤੂ ਸੂਬੇ ਦੇ ਉਦਯੋਗਪਤੀ ਬੜੀ ਹਿੰਮਤ ਨਾਲ ਆਪਣੇ ਉਦਯੋਗ ਚਲਾਉਂਦੇ ਰਹੇਂ ਅਤੇ ਰਾਜ ਵਿੱਚ ਇੰਡਸਟਰੀ ਦੀ ਗਰੋਥ ਵਿੱਚ ਅੱਗੇ ਨਾਲੋਂ ਵਾਧਾ ਹੋਇਆ ਹੈ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਨਵੀਂ ਲਾਗੂ ਕੀਤੀ ਗਈ ਉਦਯੋਗਿਕ ਨੀਤੀ ਨਾਲ ਉਦਯੋਗਪਤੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਨਵੇਂ ਉਦਯੋਗ ਸਥਾਪਿਤ ਕਰਨ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ।
ਮਿੱਤਲ ਨੇ ਕਿਹਾ ਕਿ ਉਦਯੋਗ ਵਿਭਾਗ ਵਿੱਚ ਸਾਰੇ ਕੰਮ ਕਾਜ ਨੂੰ ਆਨ ਲਾਈਨ ਕੀਤਾ ਗਿਆ ਹੈ ਜਿਸ ਨਾਲ ਕਿਸੇ ਵੀ ਉਦਯੋਗਪਤੀ ਨੂੰ ਦਫ਼ਤਰਾਂ ਦੇ ਵਾਧੂ ਚੱਕਰ ਨਹੀਂ ਕੱਟਣੇ ਪੈਣਗੇ । ਸ੍ਰੀ ਮਿੱਤਲ ਨੇ ਕਿਹਾ ਕਿ ਉਦਯੋਗ ਵਿਭਾਗ ਵਿੱਚ ਕਿਸੇ ਵੀ ਕਿਸਮ ਦਾ ਭ੍ਰਿਸਟਾਚਾਰ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਵਿਭਾਗ ਵਿੱਚ ਪੁਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਾਤਾਵਰਣ ਇੰਡਸਟਰੀ ਵਾਸਤੇ ਦੇਸ਼ ਦੇ ਦੂਜੇ ਰਾਜਾਂ ਤੋਂ ਵੱਧ ਅਨੁਕੁਲ ਹੈ ਅਤੇ ਹੁਣ ਪੰਜਾਬ ਵਿੱਚ ਵੱਡੇ ਵੱਡੇ ਉਦਯੋਗਿਕ ਘਰਾਣੇ ਉਦਯੋਗ ਸਥਾਪਿਤ ਕਰਨ ਲਈ ਉਤਸਾਹ ਦਿਖਾ ਰਹੇ ਹਨ। ਮਦਨ ਮੋਹਨ ਮਿੱਤਲ ਨੇ ਇਸ ਮੌਕੇ ਮੋਹਾਲੀ ਇੰਡਸਟਰੀਜ਼ ਐਸੋਸੀਏਸਨ ਦੀਆਂ ਮੰਗਾਂ ਨੂੰ ਜਾਇਜ ਠਹਿਰਾਉਦੀਆਂ ਕਿਹਾ ਕਿ ਇਨ੍ਹਾਂ ਨੂੰ ਜਲਦੀ ਹੀ ਪੁਰਾ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਪੀ.ਐਸ.ਆਈ.ਈ. ਸੀ ਅਤੇ ਪੰਜਾਬ ਇਨਫੋਟੈਕ ਦੇ ਬੋਰਡ ਆਫ ਗਵਰਨਰ ਵਿੱਚ ਮੋਹਾਲੀ ਇੰਡਸਟਰੀ ਐਸੋਸੀਏਸਨ ਨੂੰ ਪ੍ਰਤੀਨਿਧਤਾ ਦਿੱਤੀ ਜਾਵੇਗੀ। ਉਨ੍ਹਾਂ ਇਸ ਮੌਕੇ ਮੋਹਾਲੀ ਇੰਡਸਟਰੀ ਐਸੋਸੀਏਸਨ ਦੀ ਟੈਲੀਫੋਨ ਡਾਇਰੈਕਟਰੀ ਵੀ ਜਾਰੀ ਕੀਤੀ ਅਤੇ ਮੈਂਬਰਾਂ ਨੂੰ 12 ਲੱਖ ਰੁਪਏ ਦੇ ਸਬਸਿਡੀ ਦੇ ਚੈੱਕ ਵੀ ਵੰਡੇ। ਸਮਾਗਮ ਨੂੰ ਸੰਬੋਧਨ ਕਰਦਿਆ ਚੇਅਰਪਰਸ਼ਨ ਜ਼ਿਲ੍ਹਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਕੋਈ ਵੀ ਦੇਸ਼ ਜਾਂ ਸੂਬਾ ਉਦਯੋਗ ਤੋਂ ਬਿਨ੍ਹਾਂ ਤਰੱਕੀ ਨਹੀਂ ਕਰ ਸਕਦਾ । ਪੰਜਾਬ ਸਰਕਾਰ ਰਾਜ ਵਿੱਚ ਉਦਯੋਗਿਕ ਪ੍ਰਫੂਲਤਾ ਲਈ ਸੁਹਿਰਦਤਾ ਨਾਲ ਕੰਮ ਕਰ ਰਹੀਂ ਹੈ ਅਤੇ ਵੱਡੇ ਵੱਡੇ ਸਨਅਤ ਘਰਾਣੀਆਂ ਨੂੰ ਰਾਜ ਵਿੱਚ ਉਦਯੋਗ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਐਮ.ਆਈ.ਏ ਦੇ ਪ੍ਰਧਾਨ ਸ੍ਰ: ਗੁਰਕ੍ਰਿਪਾਲ ਸਿੰਘ ਨੇ ਪੁੱਜੀਆਂ ਸਖ਼ਸੀਅਤਾਂ ਨੂੰ ਜੀ ਆਇਆ ਆਖਿਆ। ਸਮਾਗਮ ਨੂੰ ਇਨਫੋਟੈਕ ਦੇ ਵਾਇਸ ਚੇਅਰਮੈਨ ਸ੍ਰੀ ਖੁਸਵੰਤ ਰਾਏ ਗੀਗਾ, ਸ੍ਰੀ ਅਨੁਰਾਗ ਅੱਗਰਵਾਲ, ਸ੍ਰੀ ਸੰਜੀਵ ਵਸੀਸ਼ਟ, ਸ੍ਰੀ ਐਸ.ਐਸ. ਸੰਧੂ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਸ੍ਰੀ ਸੁਖਵਿੰਦਰ ਗੋਲਡੀ, ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਅਡੀਸਨਲ ਡਾਇਰੈਕਟਰ ਇੰਡਸਟਰੀ ਸ੍ਰੀ ਕੁਲਦੀਪ ਸਿੰਘ ਬਰਾੜ, ਜੀ.ਐਮ ਇੰਡਸਟਰੀ ਸ੍ਰੀ ਟੈਹਿਲ ਸਿੰਘ ਸੇਖੋ, ਸ੍ਰੀ ਗਗਨ ਛਾਬੜਾ ਸਮੇਤ ਐਮ.ਆਈ.ਏ ਦੇ ਹੋਰ ਆਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ।