ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਰਾਜ ਦੇ ਲੋਕਾਂ ਨੂੰ ਨਿਕਸ਼ੈ ਮਿੱਤਰ ਬਣ ਕੇ ਹਰਿਆਣਾ ਨੂੰ ਟੀਬੀ ਮੁਕਤ ਬਣਾਉਣ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ 'ਟੀਬੀ ਮੁਕਤ ਭਾਰਤ ਐਪ' ਦੀ ਵਰਤੋਂ ਵੀ ਵੱਡੇ ਪੱਧਰ 'ਤੇ ਕਰਨ ਦੀ ਅਪੀਲ ਕੀਤੀ ਹੈ।
ਸਿਹਤ ਮੰਤਰੀ ਨੇ ਅੱਜ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਦੇ 'ਟੀਬੀ ਮੁਕਤ ਭਾਰਤ' ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਹਰਿਆਣਾ ਨੇ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਰਾਜ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਨਵੇਂ ਲਾਂਚ ਕੀਤੇ ਗਏ 'ਟੀਬੀ ਮੁਕਤ ਭਾਰਤ ਐਪ' ਦੀ ਵਰਤੋਂ ਵੱਡੇ ਪੱਧਰ 'ਤੇ ਵਧਾਉਣ ਲਈ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ ਤਹਿਤ ਇਹ ਐਪ ਮਰੀਜ਼ਾਂ, ਨਿਕਸ਼ੈ ਮਿੱਤਰਾਂ, ਵਲੰਟੀਅਰਾਂ ਅਤੇ ਸਿਹਤ ਅਧਿਕਾਰੀਆਂ ਨੂੰ ਇੱਕ ਸਾਂਝੇ ਡਿਜੀਟਲ ਪਲੇਟਫਾਰਮ ‘ਤੇ ਜੋੜਨ ਦਾ ਕੰਮ ਕਰ ਰਿਹਾ ਹੈ।
ਆਰਤੀ ਸਿੰਘ ਰਾਓ ਨੇ ਦੱਸਿਆ ਕਿ ਇਸ ਐਪ 'ਤੇ ਹੁਣ ਤੱਕ ਕੁੱਲ ਰਜਿਸਟ੍ਰੇਸ਼ਨਾਂ ਦੀ ਗਿਣਤੀ 32,643 ਤੱਕ ਪਹੁੰਚ ਗਈ ਹੈ, ਜਿਸ ਨਾਲ ਹਰਿਆਣਾ ਕੁੱਲ ਰਜਿਸਟ੍ਰੇਸ਼ਨ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ ਦੂਜੇ ਸਥਾਨ 'ਤੇ ਆ ਗਿਆ ਹੈ। ਇਸ ਐਪ 'ਤੇ ਹਰਿਆਣਾ ਦੇ 22,266 ਵਲੰਟੀਅਰਾਂ ਨੇ ਮਰੀਜ਼ਾਂ ਨੂੰ ਭੋਜਨ ਦੀ ਟੋਕਰੀ (ਪੋਸ਼ਣ ਕਿੱਟ) ਦੀ ਵੰਡ ਅਤੇ ਮਾਨਸਿਕ-ਸਮਾਜਿਕ ਸਹਾਇਤਾ ਪ੍ਰਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ, ਜਦਕਿ 1,997 ਨਵੇਂ ਨਿਕਸ਼ੈ ਮਿੱਤਰਾਂ ਨੇ ਮਰੀਜ਼ਾਂ ਨੂੰ ਗੋਦ ਲੈਣ ਅਤੇ ਉਨ੍ਹਾਂ ਨੂੰ ਪੋਸ਼ਣ ਸੰਬੰਧੀ ਤੇ ਨਿਦਾਨਕ (ਡਾਇਗਨੌਸਟਿਕ) ਸਹਾਇਤਾ ਦੇਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ।
ਸਿਹਤ ਮੰਤਰੀ ਨੇ ਐਪ ਦੀਆਂ ਵਿਸ਼ੇਸ਼ਤਾਵਾਂ 'ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਸ ਐਪ ਵਿੱਚ 'ਖੁਸ਼ੀ ਈ-ਸੰਗਿਨੀ' ਨਾਮ ਨਾਲ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਚੈਟਬੋਟ ਸ਼ਾਮਲ ਹੈ, ਜੋ 12 ਭਾਸ਼ਾਵਾਂ ਵਿੱਚ ਉਪਲਬਧ ਹੈ। ਇਹ ਚੈਟਬੋਟ ਟੀਬੀ ਦੇ ਲੱਛਣਾਂ ਅਤੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਜੀਪੀਐਸ ਰਾਹੀਂ ਉਪਭੋਗਤਾਵਾਂ ਨੂੰ ਨੇੜਲੇ ਜਾਂਚ ਕੇਂਦਰ ਲੱਭਣ ਵਿੱਚ ਵੀ ਮਦਦ ਕਰਦਾ ਹੈ।
ਇਹ ਐਪ ਪੂਰੀ ਤਰ੍ਹਾਂ ਮਰੀਜ਼-ਕੇਂਦਰਿਤ ਹੈ, ਜਿੱਥੇ ਟੀਬੀ ਦੇ ਮਰੀਜ਼ ਆਪਣੀ 'ਨਿਕਸ਼ੈ ਆਈਡੀ' ਦੀ ਵਰਤੋਂ ਕਰਕੇ ਲੌਗ ਇਨ ਕਰ ਸਕਦੇ ਹਨ ਅਤੇ ਆਪਣਾ ਨਿੱਜੀ ਇਲਾਜ ਚਾਰਟ ਦੇਖ ਸਕਦੇ ਹਨ। ਇਸ ਦੇ ਨਾਲ ਹੀ, ਮਰੀਜ਼ਾਂ ਨੂੰ ਸਮੇਂ ਸਿਰ ਦਵਾਈ ਲੈਣ ਲਈ ਪ੍ਰੇਰਿਤ ਕਰਨ ਲਈ ਇਸ ਵਿੱਚ ਰੋਜ਼ਾਨਾ ਦਵਾਈ ਰੀਮਾਈਂਡਰ (ਅਲਾਰਮ) ਦੀ ਵਿਸ਼ੇਸ਼ ਸਹੂਲਤ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਵਿਚਾਲੇ ਨਾ ਛੁੱਟੇ।
ਆਰਤੀ ਸਿੰਘ ਰਾਓ ਨੇ ਇਸ ਡਿਜੀਟਲ ਈਕੋਸਿਸਟਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਪੋਰੇਟ ਘਰਾਣੇ, ਗੈਰ-ਸਰਕਾਰੀ ਸੰਗਠਨ ਅਤੇ ਆਮ ਨਾਗਰਿਕ ਵੀ ਇਸ ਐਪ ਰਾਹੀਂ ਆਸਾਨੀ ਨਾਲ ਨਿਕਸ਼ੈ ਮਿੱਤਰ ਵਜੋਂ ਰਜਿਸਟ੍ਰੇਸ਼ਨ ਕਰਕੇ ਮਰੀਜ਼ਾਂ ਨੂੰ ਪੋਸ਼ਣ ਅਤੇ ਨਿਦਾਨਕ ਸਹਾਇਤਾ ਦੇ ਸਕਦੇ ਹਨ। ਵਲੰਟੀਅਰ ਭੋਜਨ ਦੇ ਪੈਕੇਟਾਂ ਦੀ ਭੌਤਿਕ ਵੰਡ ਦੀ ਜ਼ਿੰਮੇਵਾਰੀ ਚੁੱਕ ਸਕਦੇ ਹਨ ਅਤੇ ਪੂਰੀ ਪਾਰਦਰਸ਼ਤਾ ਬਣਾਈ ਰੱਖਣ ਲਈ ਡਿਲੀਵਰੀ ਦੇ ਸਮੇਂ ਜੀਓ-ਟੈਗਡ (ਸਥਾਨ ਦੀ ਜਾਣਕਾਰੀ ਯੁਕਤ) ਅਤੇ ਟਾਈਮ-ਸਟੈਂਪ (ਸਮੇਂ ਦੀ ਜਾਣਕਾਰੀ ਯੁਕਤ) ਵਾਲੀਆਂ ਤਸਵੀਰਾਂ ਅਪਲੋਡ ਕਰ ਸਕਦੇ ਹਨ।
ਇਸ ਤੋਂ ਇਲਾਵਾ ਆਮ ਜਨਤਾ ਵੀ ਇਸ ਐਪ ਦੀ ਵਰਤੋਂ ਟੀਬੀ ਦੇ ਲੱਛਣਾਂ, ਰੋਕਥਾਮ ਦੇ ਤਰੀਕਿਆਂ ਨੂੰ ਜਾਣਨ ਅਤੇ ਇਸ ਬਿਮਾਰੀ ਨਾਲ ਜੁੜੇ ਭਰਮਾਂ ਨੂੰ ਦੂਰ ਕਰਨ ਲਈ ਕਰ ਸਕਦੀ ਹੈ। ਨੈਸ਼ਨਲ ਹੈਲਥ ਮਿਸ਼ਨ ਹਰਿਆਣਾ ਦੇ ਮਿਸ਼ਨ ਨਿਰਦੇਸ਼ਕ ਡਾ: ਆਰ ਐਸ ਢਿੱਲੋਂ ਨੇ ਦੱਸਿਆ ਕਿ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਸਿਹਤ ਕਰਮਚਾਰੀਆਂ ਜਿਵੇਂ ਕਿ ਐਸ਼ ਟੀ ਐਸ, ਐਸ ਟੀ ਐਲ ਐਸ, ਟੀ ਬੀ ਐਚ ਵੀ ਅਤੇ ਸੀ ਐਚ ਓ ਨੂੰ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਉਹ ਮਰੀਜ਼ਾਂ ਦੇ ਮੋਬਾਈਲ ਵਿੱਚ ਐਪ ਡਾਊਨਲੋਡ ਕਰਵਾ ਕੇ ਉਨ੍ਹਾਂ ਦੇ ਰੋਜ਼ਾਨਾ ਦਵਾਈ ਰੀਮਾਈਂਡਰ ਨੂੰ ਸੈੱਟ ਕਰਨ ਵਿੱਚ ਮਦਦ ਕਰ ਸਕਣ।
ਡਾ: ਢਿੱਲੋਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਗੂਗਲ ਪਲੇ ਸਟੋਰ ਤੋਂ 'ਟੀਬੀ ਮੁਕਤ ਭਾਰਤ ਐਪ' ਨੂੰ ਜ਼ਰੂਰ ਡਾਊਨਲੋਡ ਕਰਨ। ਉਨ੍ਹਾਂ ਲੋਕਾਂ ਨੂੰ ਟੀਬੀ ਦੇ ਲੱਛਣਾਂ ਪ੍ਰਤੀ ਜਾਗਰੂਕ ਰਹਿਣ ਅਤੇ ਨਿਕਸ਼ੈ ਮਿੱਤਰ ਬਣ ਕੇ ਇਸ ਸਮਾਜਿਕ ਕਾਰਜ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਹੈ, ਤਾਂ ਜੋ ਸਰਗਰਮ ਜਨ ਭਾਗੀਦਾਰੀ ਰਾਹੀਂ ਹਰਿਆਣਾ ਦੇਸ਼ ਦਾ ਪਹਿਲਾ ਟੀਬੀ ਮੁਕਤ ਰਾਜ ਬਣਨ ਦੀ ਰਾਹ 'ਤੇ ਮੋਹਰੀ ਬਣਿਆ ਰਹੇ।