ਜ਼ਿਲ੍ਹਾ ਸਿਹਤ ਵਿਭਾਗ ਨੇ ਅੱਜ ਕੁਸ਼ਟ ਰੋਗ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਵਿਚ ਜਾਗਰੂਕਤਾ ਰੈਲੀ ਕੱਢੀ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਿਵਲ ਸਰਜਨ ਨੇ ਅਪਣੇ ਸੰਬੋਧਨ ਵਿਚ ਆਖਿਆ ਕਿ ਰੈਲੀ ਦਾ ਮਕਸਦ ਲੋਕਾਂ ਨੂੰ ਕੁਸ਼ਟ ਰੋਗ ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਸ ਰੋਗ ਬਾਰੇ ਕਈ ਤਰ੍ਹਾਂ ਦੀਆਂ ਗ਼ਲਤਫ਼ਹਿਮੀਆਂ ਵੀ ਹਨ, ਜਿਨ੍ਹਾਂ ਨੂੰ ਜਾਗਰੂਕਤਾ ਜ਼ਰੀਏ ਦੂਰ ਕੀਤਾ ਜਾ ਸਕਦਾ ਹੈ। ਕੁੁਝ ਲੋਕ ਸਮਝਦੇ ਹਨ ਕਿ ਕੁਸ਼ਟ ਰੋਗ ਛੂਆ-ਛਾਤ ਵਾਲਾ ਰੋਗ ਹੈ ਅਤੇ ਕੁਸ਼ਟ ਰੋਗ ਪੀੜਤਾਂ ਕੋਲੋਂ ਦੂਰ ਰਹਿਣਾ ਤੇ ਉਨ੍ਹਾਂ ਦੇ ਅੰਗਾਂ ਨੂੰ ਛੂਹਣਾ ਨਹੀਂ ਚਾਹੀਦਾ ਪਰ ਇਹ ਬਿਲਕੁਲ ਹੀ ਗ਼ਲਤ ਧਾਰਨਾ ਹੈ ਕਿਉਂਕਿ ਇਹ ਛੂਤ ਦਾ ਰੋਗ ਨਹੀਂ ਹੈ ਅਤੇ ਇਸ ਬੀਮਾਰੀ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ।
ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਪੀੜਤਾਂ ਦੇ ਨੇੜੇ ਜਾਣ ਜਾਂ ਉਨ੍ਹਾਂ ਨਾਲ ਹੱਥ ਮਿਲਾਉਣ ਨਾਲ ਕੁਝ ਨਹੀਂ ਹੁੰਦਾ। ਕੁਸ਼ਟ ਰੋਗ ਵੀ ਹੋਰਨਾਂ ਬੀਮਾਰੀਆਂ ਜਿਹਾ ਹੀ ਹੈ ਅਤੇ ਇਸ ਦਾ ਡਾਕਟਰੀ ਇਲਾਜ ਕੀਤਾ ਜਾ ਸਕਦਾ ਹੈ ਜਿਸ ਨਾਲ ਹੁਣ ਤਕ ਲੱਖਾਂ ਮਰੀਜ਼ ਠੀਕ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮਕਸਦ ਲੋਕਾਂ ਨੂੰ ਇਹੋ ਸੁਨੇਹਾ ਦੇਣਾ ਹੈ ਕਿ ਕੋਹੜ ਪੀੜਤ ਲੋਕ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਨਾਲ ਕਿਸੇ ਵੀ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ।
ਰੈਲੀ ਵਿਚ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਨਾਹਰੇ ਲਾਉਂਦਿਆਂ ਲੋਕਾਂ ਨੂੰ ਕੁਸ਼ਟ ਰੋਗ ਬਾਰੇ ਜਾਣਕਾਰੀ ਦਿਤੀ। ਚਮੜੀ ਰੋਗਾਂ ਦੇ ਮਾਹਰ ਡਾ. ਜੈਯਤੀ ਬੱਤਰਾ ਨੇ ਕੁਸ਼ਟ ਰੋਗ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵਿਸਥਾਰ ਨਾਲ ਸਮਝਾਇਆ।
ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਪੀੜਤਾਂ ਨੂੰ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ ਜਿਵੇਂ ਪੀੜਤਾਂ ਨੂੰ ਅਪਣੇ ਹੱਥ ਗਰਮ ਭਾਂਡਿਆਂ ਜਾਂ ਹੋਰ ਗਰਮ ਚੀਜ਼ਾਂ ਤੋਂ ਦੂਰ ਰਖਣੇ ਚਾਹੀਦੇ ਹਨ, ਪੈਰਾਂ ਵਿਚ ਜੁੱਤੀ ਪਾਉਣੀ ਚਾਹੀਦੀ ਹੈ, ਪੌਸ਼ਟਿਕ ਖ਼ੁਰਾਕ ਖਾਣੀ ਚਾਹੀਦੀ ਹੈ। ਕੁਸ਼ਟ ਰੋਗ ਦੇ ਬਾਰੇ ਛੇਤੀ ਪਤਾ ਲੱਗ ਜਾਣ ’ਤੇ ਇਸ ਦਾ ਇਲਾਜ ਸੌਖਾ ਹੋ ਜਾਂਦਾ ਹੈ।
ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਸ ਬੀਮਾਰੀ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਬੀਮਾਰੀ ਦਾ ਇਲਾਜ ਛੇ ਮਹੀਨੇ ਤੋਂ ਇਕ ਸਾਲ ਅੰਦਰ ਹੋ ਜਾਂਦਾ ਹੈ। ਇਸ ਮੌਕੇ ਐਸ.ਐਮ.ਓ. ਡਾ. ਐਚ.ਐਸ.ਚੀਮਾ, ਡਾ. ਪਰਮਿੰਦਰਜੀਤ ਸਿੰਘ, ਡਾ. ਰਾਜਮਮਿਤਾ ਭੱਟਾਚਾਰਜੀ, ਡਾ. ਮਨੀਸ਼ ਗੁਪਤਾ, ਡਾ. ਸ਼ਾਲਿਨ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਹਰਚਰਨ ਸਿੰਘ ਬਰਾੜ, ਐਨ.ਐਸ.ਐਸ. ਗੁਰਜਿੰਦਰ ਸਿੰਘ ਆਦਿ ਮੌਜੂੂਦ ਸਨ।
ਕੁਸ਼ਟ ਰੋਗ ਦੇ ਲੱਛਣ
ਚਮੜੀ ਉਤੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ। ਸੁੰਨਾਪਣ ਚਮੜੀ ਹੇਠਲੀਆਂ ਨਸਾਂ ਦੀ ਖ਼ਰਾਬੀ ਕਾਰਨ ਹੁੰਦਾ ਹੈ। ਨਸਾਂ ਮੋਟੀਆਂ ਅਤੇ ਸਖ਼ਤ ਹੋ ਜਾਂਦੀਆਂ ਹਨ। ਪ੍ਰਭਾਵਤ ਹਿੱਸੇ ਨੂੰ ਠੰਢੇ ਤੱਤੇ ਜਾਂ ਕਿਸੇ ਸੱਟ ਦਾ ਪਤਾ ਨਹੀਂ ਲੱਗਦਾ ਜਿਸ ਕਾਰਨ ਸਰੀਰ ਦੀ ਕਰੂਪਤਾ ਜਾਂ ਅੰਗਹੀਣਤਾ ਹੋ ਜਾਂਦੀ ਹੈ। ਨਸਾਂ ਦੀ ਖ਼ਰਾਬੀ ਕਾਰਨ ਮਾਸਪੇਸ਼ੀਆਂ ਕੰਮ ਨਹੀਂ ਕਰਦੀਆਂ ਜਿਸ ਕਾਰਨ ਸਰੀਰ ਦੇ ਅੰਗ ਮੁੜ ਜਾਂਦੇ ਹਨ।
ਤੱਤੇ ਠੰਢੇ ਦਾ ਪਤਾ ਨਾ ਲੱਗਣ ਕਾਰਨ ਜ਼ਖ਼ਮ ਹੋ ਜਾਂਦੇ ਹਨ। ਅੱਖਾਂ ਵਿਚ ਇਹ ਬਿਮਾਰੀ ਹੋਣ ’ਤੇ ਅੱਖ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀ ਜਿਸ ਕਾਰਨ ਅੱਖਾਂ ਵਿਚ ਚਿੱਟਾ ਪੈ ਜਾਂਦਾ ਹੈ ਤੇ ਮਰੀਜ਼ ਦੀ ਨਿਗ੍ਹਾ ਉਤੇ ਅਸਰ ਪੈਂਦਾ ਹੈ।