ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਵਿਭਾਗ ਵਿਖੇ ਦੋ ਦਿਨਾ ਸ਼ੋਧ ਪ੍ਰਵਿਧੀ ਵਰਕਸ਼ਾਪ ਦਾ ਆਗਾਜ਼ ਹੋਇਆ। ਵਾਈਸ ਚਾਂਸਲਰ ਪ੍ਰੋਫੈਸਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਆਯੋਜਿਤ ਇਸ ਵਰਕਸ਼ਾਪ ਵਿੱਚ ਮੁੱਖ ਵਕਤਾ ਵਜੋਂ ਭਾਰਤ ਦੇ ਨਾਮਵਰ ਸ਼ਾਸਤਰੀ ਸੰਗੀਤ ਕਲਾਕਾਰ ਤੇ ਸ਼ੋਧ ਮਾਹਿਰ ਪ੍ਰੋ. ਰਵੀ ਸ਼ਰਮਾ ਨੂੰ ਸੱਦਾ ਦਿੱਤਾ ਗਿਆ ਸੀ।
ਵਰਕਸ਼ਾਪ ਦੀ ਸ਼ੁਰੂਆਤ ਸ਼ੰਮਾ ਰੌਸ਼ਨ ਕਰਨ ਦੀ ਰਸਮ ਨਾਲ ਹੋਈ, ਜਿਸ ਵਿੱਚ ਵਿਭਾਗ ਮੁਖੀ ਡਾ. ਰਾਜੇਸ਼ ਸ਼ਰਮਾ, ਮੁੱਖ ਵਕਤਾ ਪ੍ਰੋ. ਰਵੀ ਸ਼ਰਮਾ, ਡੀਨ ਅਕੈਡਮਿਕ ਅਫੇਅਰਜ਼ ਪ੍ਰੋ. ਪਲਵਿੰਦਰ ਸਿੰਘ, ਮਕੈਨੀਕਲ ਇੰਜੀਨੀਅਰਿੰਗ ਵਿਭਾਗ ਮੁਖੀ ਡਾ. ਹਰਮਿੰਦਰ ਸਿੰਘ (ਰੂਸਾ ਕੋਆਰਡੀਨੇਟਰ), ਪੰਜਾਬੀ ਵਿਭਾਗ ਮੁਖੀ ਪ੍ਰੋ. ਮਨਜਿੰਦਰ ਸਿੰਘ, ਹਿੰਦੀ ਵਿਭਾਗ ਮੁਖੀ ਪ੍ਰੋ. ਸੁਨੀਲ ਕੁਮਾਰ ਤੇ ਵਿਭਾਗ ਦੇ ਹੋਰ ਅਧਿਆਪਕਾਂ ਨੇ ਹਿੱਸਾ ਲਿਆ। ਇਸ ਤੋਂ ਬਾਅਦ ਵਿਭਾਗ ਦੇ ਰਿਸਰਚ ਸਕਾਲਰ ਹਰਸਿਮਰਤ ਸਿੰਘ ਨੇ ਸ਼ਬਦ ਗਾਇਨ ਨਾਲ ਸਭ ਨੂੰ ਮੰਤਰਮੁਗਧ ਕਰ ਦਿੱਤਾ।
ਪਹਿਲੇ ਸੈਸ਼ਨ ਵਿੱਚ ਪ੍ਰੋ. ਰਵੀ ਸ਼ਰਮਾ ਨੇ ‘ਸ਼ੋਧ ਅਤੇ ਇਸ ਦੇ ਪ੍ਰਕਾਰ’ ਵਿਸ਼ੇ ਤੇ ਚਾਨਣਾ ਪਾਇਆ ਤੇ ਸ਼ੋਧ ਦੀ ਬਾਰੀਕ ਬਣਤਰ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਦੂਜੇ ਸੈਸ਼ਨ ਵਿੱਚ ‘ਵਿਸ਼ਾ ਨਿਰਵਾਚਨ ਪ੍ਰਕਿਰਿਆ ਦੇ ਘਟਕ’ ਤੇ ਗੱਲਬਾਤ ਹੋਈ ਤੇ ਵਿਸ਼ਾ ਚੋਣ ਦੇ ਅਹਿਮ ਪਹਿਲੂਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਦੋਵੇਂ ਸੈਸ਼ਨਾਂ ਦੌਰਾਨ ਮੁੱਖ ਵਕਤਾ ਨੇ ਸ਼ੋਧ ਨਾਲ ਜੁੜੀਆਂ ਬਾਰੀਕੀਆਂ ਨੂੰ ਡੂੰਘਾਈ ਨਾਲ ਸਮਝਾਇਆ, ਤਾਂ ਜੋ ਵਿਦਿਆਰਥੀ ਭਵਿੱਖ ਵਿੱਚ ਸ਼ੋਧ ਖੇਤਰ ਵਿੱਚ ਵੱਡਾ ਯੋਗਦਾਨ ਪਾ ਸਕਣ।
ਵਿਦਿਆਰਥੀਆਂ ਨੇ ਇਸ ਨੂੰ ਬਹੁਤ ਫਾਇਦੇਮੰਦ ਦੱਸਿਆ। ਪੂਰੀ ਵਰਕਸ਼ਾਪ ਦੌਰਾਨ ਮੰਚ ਸੰਚਾਲਨ ਵਿਭਾਗ ਵਿਦਿਆਰਥੀ ਯੋਗੇਸ਼ ਨੇ ਬਾਖੂਬੀ ਨਿਭਾਹਿਆ। ਅੰਤ ਵਿੱਚ ਵਿਭਾਗ ਮੁਖੀ ਡਾ. ਰਾਜੇਸ਼ ਸ਼ਰਮਾ ਨੇ ਮੁੱਖ ਵਕਤਾ, ਅਧਿਆਪਕਾਂ, ਰਿਸਰਚ ਸਕਾਲਰਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਸ਼ੁਪ੍ਰੀਤ ਸਿੰਘ, ਡਾ. ਪ੍ਰਿਯੰਕਾ, ਡਾ. ਰਮਨਦੀਪ ਕੌਰ, ਸਿੱਧਾਰਥ ਚੈਟਰਜੀ, ਡਾ. ਹਰਮੀਤ ਸਿੰਘ, ਡਾ. ਗੀਤੂ ਸਹਿਗਲ, ਗੌਰਵ ਕੋਹਲੀ, ਗੁਨਵੀਰ ਸਿੰਘ, ਪੀਐਚਡੀ ਸਕਾਲਰ ਸਤਨਾਮ, ਹਸਨ, ਕ੍ਰਿਸ਼ਨ, ਹਰਸਿਮਰਤ ਸਿੰਘ, ਅਜੈ, ਮੰਦੀਪ ਸਿੰਘ ਆਦਿ ਤੇ ਐਮਪੀਏ ਤੇ ਐਮਏ ਵੋਕਲ ਤੇ ਇੰਸਟਰੂਮੈਂਟਲ ਦੇ ਸਾਰੇ ਵਿਦਿਆਰਥੀ ਹਾਜ਼ਰ ਸਨ।