ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਇਦਾਦ ਅਤੇ ਜ਼ਮੀਨ ਦੀ ਰਜਿਸਟ੍ਰੇਸ਼ਨ ਵਿੱਚ ਵਰਤੀ ਜਾਂਦੀ ਭਾਸ਼ਾ ਨੂੰ ਆਮ ਲੋਕਾਂ ਲਈ ਸਰਲ ਅਤੇ ਸਮਝਣਯੋਗ ਬਣਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਲੋਕ-ਪੱਖੀ ਅਤੇ ਇਤਿਹਾਸਕ ਕਦਮ ਕਰਾਰ ਦਿੱਤਾ ਹੈ। ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਮਾਲ ਵਿਭਾਗ ਵਿੱਚ ਲੰਬੇ ਸਮੇਂ ਤੋਂ ਵਰਤੇ ਜਾਂਦੇ 35 ਔਖੇ ਅਤੇ ਗੁੰਝਲਦਾਰ ਸ਼ਬਦਾਂ ਦੀ ਥਾਂ ਹੁਣ ਸੌਖੇ ਅਤੇ ਆਮ ਪੰਜਾਬੀ ਸ਼ਬਦਾਂ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਆਮ ਲੋਕਾਂ ਨੂੰ ਜਾਇਦਾਦ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਸਮਝਣ ਵਿੱਚ ਆਸਾਨੀ ਹੋਵੇਗੀ ਅਤੇ ਬੇਲੋੜੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਹਮੇਸ਼ਾ ਲੋਕਾਂ ਨੂੰ ਸਰਕਾਰੀ ਸੇਵਾਵਾਂ ਸੌਖੀਆਂ, ਪਾਰਦਰਸ਼ੀ ਅਤੇ ਲੋਕਾਂ ਦੀ ਪਹੁੰਚ ਵਿੱਚ ਉਪਲਬਧ ਕਰਵਾਉਣ ਦੀ ਰਹੀ ਹੈ। ਇਸੇ ਸੋਚ ਤਹਿਤ ਮਾਲ ਵਿਭਾਗ ਵਿੱਚ ਵਰਤੀ ਜਾਂਦੀ ਔਖੀ ਅਤੇ ਪੁਰਾਣੀ ਭਾਸ਼ਾ ਨੂੰ ਬਦਲ ਕੇ ਆਮ ਲੋਕਾਂ ਦੀ ਬੋਲੀ ਦੇ ਸੌਖੇ ਸ਼ਬਦ ਅਪਣਾਉਣ ਦਾ ਫੈਸਲਾ ਕੀਤਾ ਗਿਆ ਹੈ।
ਸ੍ਰੀਮਤੀ ਜੀਵਨਜੋਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਮਾਲ ਅਤੇ ਮੁੜ-ਵਸੇਬਾ ਵਿਭਾਗ ਵੱਲੋਂ ਗਠਿਤ ਵਿਸ਼ੇਸ਼ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਜਾਇਦਾਦ ਰਜਿਸਟ੍ਰੇਸ਼ਨ ਨਾਲ ਸਬੰਧਤ 35 ਔਖੇ ਸ਼ਬਦਾਂ ਦੀ ਥਾਂ 35 ਸੌਖੇ ਪੰਜਾਬੀ ਸ਼ਬਦ ਵਰਤਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਆਮ ਨਾਗਰਿਕ ਆਪਣੀ ਜ਼ਮੀਨ ਅਤੇ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਬਿਨਾਂ ਕਿਸੇ ਵਾਧੂ ਸਹਾਇਤਾ ਦੇ ਆਸਾਨੀ ਨਾਲ ਸਮਝ ਸਕਣਗੇ।
ਉਨ੍ਹਾਂ ਕਿਹਾ ਕਿ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਵੱਲੋਂ ਇੰਸਪੈਕਟਰ ਜਨਰਲ ਆਫ਼ ਰਜਿਸਟ੍ਰੇਸ਼ਨ ਅਤੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਨਵੇਂ ਸ਼ਬਦਾਂ ਦੀ ਵਰਤੋਂ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਤਾਂ ਜੋ ਜਾਇਦਾਦ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਦਸਤਾਵੇਜ਼ਾਂ ਵਿੱਚ ਇਨ੍ਹਾਂ ਸੌਖੇ ਸ਼ਬਦਾਂ ਦੀ ਵਰਤੋਂ ਨੂੰ ਤਰਜੀਹੀ ਤੌਰ ’ਤੇ ਯਕੀਨੀ ਬਣਾਇਆ ਜਾ ਸਕੇ।
ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਸੋਚ ਦਾ ਪ੍ਰਤੀਕ ਹੈ ਅਤੇ ਇਸ ਨਾਲ ਲੋਕਾਂ ਦਾ ਸਰਕਾਰੀ ਪ੍ਰਕਿਰਿਆਵਾਂ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਕਿਸੇ ਵੀ ਨਾਗਰਿਕ ਨੂੰ ਆਪਣੀ ਜ਼ਮੀਨ ਜਾਂ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਸਮਝਣ ਲਈ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ ਇਸ ਲੋਕ-ਪੱਖੀ ਅਤੇ ਇਤਿਹਾਸਕ ਉਪਰਾਲੇ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਅਤੇ ਸਮੁੱਚੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਫੈਸਲੇ ਸੂਬੇ ਵਿੱਚ ਸੁਸ਼ਾਸਨ ਅਤੇ ਲੋਕ-ਕੇਂਦਰਿਤ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨਗੇ।
ਪੁਰਾਣੇ ਸ਼ਬਦਾਂ ਦੀ ਥਾਂ ਸਿਫਾਰਿਸ਼ ਕੀਤੇ ਗਏ ਨਵੇਂ ਸੌਖੇ ਸ਼ਬਦ
ਉਜਰ ਦੀ ਥਾਂ ਇਤਰਾਜ਼,
ਉਜਰਤ ਦੀ ਥਾਂ ਫ਼ੀਸ,
ਅਰਾਜ਼ੀ ਦੀ ਥਾਂ ਜ਼ਮੀਨ,
ਸਾਕਿਨ ਦੀ ਥਾਂ ਵਸਨੀਕ,
ਸਾਕਿਨ ਦੇਹ ਦੀ ਥਾਂ ਪਿੰਡ ਦਾ ਵਸਨੀਕ,
ਹਸਬ ਜ਼ਾਬਤਾ ਦੀ ਥਾਂ ਕਾਨੂੰਨ ਅਨੁਸਾਰ,
ਹਿੱਬਾ ਦੀ ਥਾਂ ਦਾਨ,
ਕੈਫ਼ੀਅਤ ਦੀ ਥਾਂ ਵਿਸ਼ੇਸ਼ ਕਥਨ,
ਗ਼ੈਰ ਮਜਰੂਆ ਦੀ ਥਾਂ ਅਣਵਾਹਿਆ ਖੇਤ,
ਗਰਿੰਦਾ ਦੀ ਥਾਂ ਲੈਣ ਵਾਲਾ,
ਜ਼ਰ ਦੀ ਥਾਂ ਰਕਮ,
ਤਾਬੇ ਦੀ ਥਾਂ ਅਨੁਸਾਰ/ਮੁਤਾਬਿਕ/ਅਧੀਨ,
ਤਕਾਵੀ ਦੀ ਥਾਂ ਖੇਤੀ ਕਰਜ਼ਾ,
ਤਰਮੀਮ ਦੀ ਥਾਂ ਸੋਧ/ਦਰੁਸਤੀ,
ਤਸੱਬਰ/ਤਸੱਵਰ ਦੀ ਥਾਂ ਮੰਨ ਲੈਣਾ,
ਤਲਬਾਨਾ ਦੀ ਥਾਂ ਖ਼ਰਚਾ,
ਦੇਹ ਦੀ ਥਾਂ ਪਿੰਡ,
ਦਾਖ਼ਲ ਖਾਰਜ ਦੀ ਥਾਂ ਇੰਤਕਾਲ,
ਫਕ ਉਲ ਰਹਿਨ ਦੀ ਥਾਂ ਗਹਿਣੇ ਪਈ ਸੰਪਤੀ ਨੂੰ ਛਡਾਉਣਾ,
ਫ਼ੌਤ ਦੀ ਥਾਂ ਮੌਤ,
ਫ਼ਰਦ ਦੀ ਥਾਂ ਨਕਲ ਜਮ੍ਹਾਂਬੰਦੀ,
ਫ਼ਰੀਕ ਦੀ ਥਾਂ ਧਿਰ,
ਫ਼ਰੀਕ ਅੱਵਲ ਦੀ ਥਾਂ ਪਹਿਲੀ ਧਿਰ,
ਫ਼ਰੀਕ ਦੋਮ ਦੀ ਥਾਂ ਦੂਜੀ ਧਿਰ,
ਬਦਸਤੂਰ ਦੀ ਥਾਂ ਪਹਿਲਾਂ ਦੀ ਤਰ੍ਹਾਂ,
ਬੈਨਾਮਾ ਦੀ ਥਾਂ ਵਿਕਰੀ ਨਾਮਾ,
ਬਜ਼ਰੀਆ ਦੀ ਥਾਂ ਰਾਹੀਂ,
ਬਾਇਆ ਦੀ ਥਾਂ ਵੇਚਣ ਵਾਲਾ,
ਮਖ਼ਸੂਸ ਦੀ ਥਾਂ ਖ਼ਾਸ,
ਮੁਸ਼ਤਰਕਾ ਦੀ ਥਾਂ ਸਾਂਝਾ,
ਮੁੰਤਕਿਲ ਦੀ ਥਾਂ ਤਬਦੀਲ,
ਮਜ਼ਕੂਰ ਦੀ ਥਾਂ ਉਪਰੋਕਤ,
ਮਨਸੂਖ ਕਰਨਾ ਦੀ ਥਾਂ ਰੱਦ ਕਰਨਾ/ਖਾਰਜ ਕਰਨਾ,
ਮੁਸ਼ਤਰੀ ਹੁਸ਼ਿਆਰਬਾਸ਼ ਦੀ ਥਾਂ ਖ਼ਰੀਦਦਾਰ ਚੁਕੰਨਾ ਰਹੇ, ਮੁਰਤਹਿਨ ਦੀ ਥਾਂ ਜ਼ਮੀਨ ਗਹਿਣੇ ਲੈਣ ਵਾਲਾ