ਲੋਕ ਸਭਾ ਮੈਂਬਰ ਸ੍ਰੀ ਸ਼ੇਰ ਸਿੰਘ ਘੁਬਾਇਆ ਨੇ ਅੱਜ ਇੱਥੇ ਕੇਂਦਰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦੀ ਸਮੀਖਿਆ ਲਈ ਤਿਮਾਹੀ ਬੈਠਕ ਕੀਤੀ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਸਰਕਾਰੀ ਸਕੀਮਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਲੋੜਵੰਦ ਲੋਕਾਂ ਤੱਕ ਸਰਕਾਰ ਦੀਆਂ ਸਕੀਮਾਂ ਦਾ ਲਾਭ ਪਹੁੰਚੇ।
ਉਨ੍ਹਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਨੂੰ ਤੈਅ ਸਮਾਂ ਹੱਦ ਅੰਦਰ ਉਚ ਗੁਣਵਤਾ ਮਿਆਰਾਂ ਅਨੁਸਾਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਸਾਂਸਦ ਨਿਧੀ ਫੰਡ ਤੋਂ ਜਿ਼ਲ੍ਹੇ ਵਿਚ 38 ਕੰਮਾਂ ਦੀ ਚੋਣ ਕੀਤੀ ਗਈ ਹੈ ਜਿਸਦੇ ਅਨੁਮਾਨ ਜਲਦ ਤਿਆਰ ਕੀਤੇ ਜਾਣ।
ਬੈਠਕ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਸਾਰੇ ਵਿਭਾਗਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਕੰਮ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਲੋਕਾਂ ਨੂੰ ਸਕੀਮਾਂ ਦਾ ਲਾਭ ਮਿਲੇ। ਬੈਠਕ ਦੌਰਾਨ ਮੰਡੀ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ 4 ਸੜਕਾਂ ਤੇ ਇਕ ਪੁਲ ਦੇ ਕੰਮ ਸਬੰਧੀ ਟੈਂਡਰ ਜਲਦ ਲਗਾਏ ਜਾਣੇ ਹਨ।
ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਘਰਾਂ ਤੱਕ ਪੀਣ ਦਾ ਪਾਣੀ ਪੁੱਜਦਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਵਿਭਾਗ ਵੱਲੋਂ 81 ਪਿੰਡਾਂ ਵਿਚ ਸਾਮੁਦਾਇਕ ਪਖਾਨੇ ਬਣਾਏ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਅਵਾਸ ਯੋਜਨਾ ਤਹਿਤ ਜ਼ਿਲ੍ਹੇ ਵਿਚ 1273 ਮਕਾਨ ਬਣਾਏ ਜਾਣੇ ਹਨ।
ਉਨ੍ਹਾਂ ਨੇ ਕਿਹਾ ਕਿ ਮਗਨਰੇਗਾ ਤਹਿਤ ਵੀ ਮੰਗ ਅਨੁਸਾਰ ਲੋਕਾਂ ਨੂੰ ਕੰਮ ਮੁਹਈਆ ਕਰਵਾਇਆ ਜਾ ਰਿਹਾ ਹੈ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਪ੍ਰੋਗਰਾਮ ਠੀਕ ਤਰੀਕੇ ਨਾਲ ਚਲਾਏ ਜਾ ਰਹੇ ਹਨ। ਇਸ ਤਰਾਂ ਰੂਰਲ ਲਾਇਵਲੀ ਹੁੱਡ ਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ 2254 ਸਵੈ ਸਹਾਇਤਾ ਸਮੂਹ ਕੰਮ ਕਰ ਰਹੇ ਹਨ।
ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਮਿੱਟੀ ਪਰਖ ਸਬੰਧੀ ਸੋਇਲ ਹੈਲਥ ਕਾਰਡ ਬਣਾਉਣ ਲਈ ਜ਼ਿਲ੍ਹੇ ਵਿਚ 15000 ਸੈਂਪਲ ਲਏ ਗਏ ਹਨ। ਜਨਰਲ ਮੈਨੇਜਰ ਜਿਲ਼੍ਹਾ ਉਦਯੋਗ ਕੇਂਦਰ ਨੇ ਦੱਸਿਆ ਕਿ ਪੀਐਮਈਜੀਪੀ ਸਕੀਮ ਤਹਿਤ ਜਿਲ਼੍ਹੇ ਵਿਚ 78 ਅਰਜੀਆਂ ਆਈਆਂ ਸਨ ਜਿੰਨ੍ਹਾਂ ਵਿਚੋਂ 50 ਦੇ ਬੈਂਕ ਕੇਸ ਪਾਸ ਹੋ ਗਏ ਹਨ ਅਤੇ 35 ਨੂੰ ਕਰਜ ਮਿਲ ਵੀ ਗਿਆ ਹੈ।
ਇਸ ਮੌਕੇ ਸਾਬਕਾ ਵਿਧਾਇਕ ਸ੍ਰੀ ਹੰਸ ਰਾਜ ਜੋਸਨ ਤੇ ਸ੍ਰੀ ਦਵਿੰਦਰ ਸਿੰਘ ਘੁਬਾਇਆ, ਸ: ਸੁਖਵੰਤ ਸਿੰਘ ਬਰਾੜ ਵੀ ਹਾਜਰ ਸਨ।