ਨਗਰ ਕੌਂਸਲ ਡੇਰਾਬੱਸੀ ਵਿਖੇ ਸੋਮਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਧਾਰਮਿਕ ਅਤੇ ਸਾਦਗੀ ਭਰੇ ਸਮਾਗਮ ਦੌਰਾਨ ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਆਸ਼ੂ ਉਪਨੇਜਾ ਅਤੇ ਸੀਨੀਅਰ ਵਾਈਸ ਪ੍ਰਧਾਨ ਦਵਿੰਦਰ ਸੈਣੀ ਵੱਲੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਅਹੁਦੇ ਸੰਭਾਲੇ ਗਏ।ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਪ੍ਰਭਜੋਤ ਕੌਰ ਨੇ ਦੋਵਾਂ ਦਾ ਮੂੰਹ ਮਿੱਠਾ ਕਰਵਾਇਆ, ਸਿਰੋਪੇ ਭੇਟ ਕੀਤੇ ਅਤੇ ਰਸਮੀ ਤੌਰ 'ਤੇ ਉਨ੍ਹਾਂ ਨੂੰ ਕੁਰਸੀ 'ਤੇ ਬਿਠਾਇਆ।
ਸਮਾਗਮ ਦੌਰਾਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਜ਼ੀਰਕਪੁਰ ਅਤੇ ਲਾਲੜੂ ਤੋਂ ਬਾਅਦ ਹੁਣ ਡੇਰਾਬੱਸੀ ਵਿੱਚ ਵੀ ਨਗਰ ਕੌਂਸਲ ਦੀ ਨਵੀਂ ਟੀਮ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੂਰੀ ਟੀਮ ਇਕਜੁੱਟ ਹੋ ਕੇ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ ਅਤੇ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਕਿਸੇ ਵੀ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਸਾਰੇ ਐਮ.ਸੀ. ਅਤੇ ਅਹੁਦੇਦਾਰ ਲੋਕਾਂ ਦੀ ਸੇਵਾ ਲਈ ਹਰ ਸਮੇਂ ਤਿਆਰ ਹਨ।
ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਅਤੇ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ 'ਤੇ ਜੋ ਭਰੋਸਾ ਜਤਾਇਆ ਹੈ, ਉਹ ਉਸ 'ਤੇ ਪੂਰੀ ਤਰ੍ਹਾਂ ਖਰਾ ਉਤਰਨ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ ਅਤੇ ਜੋ ਕੰਮ ਲੰਬੇ ਸਮੇਂ ਤੋਂ ਰੁਕੇ ਹੋਏ ਹਨ, ਜਿਵੇਂ ਨਵੇਂ ਬੱਸ ਸਟੈਂਡ ਦਾ ਨਿਰਮਾਣ, ਗਲੀਆਂ-ਨਾਲੀਆਂ ਦੀ ਉਸਾਰੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਪ੍ਰੋਜੈਕਟ, ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਵਾਇਆ ਜਾਵੇਗਾ।
ਸੀਨੀਅਰ ਵਾਈਸ ਪ੍ਰਧਾਨ ਦਵਿੰਦਰ ਸੈਣੀ ਨੇ ਵੀ ਭਰੋਸਾ ਦਿੱਤਾ ਕਿ ਉਹ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਪ੍ਰਧਾਨ ਅਤੇ ਸਮੁੱਚੀ ਟੀਮ ਨਾਲ ਮਿਲ ਕੇ ਪਾਰਦਰਸ਼ੀ ਅਤੇ ਲੋਕ-ਹਿਤੈਸ਼ੀ ਢੰਗ ਨਾਲ ਕੰਮ ਕਰਨਗੇ ਅਤੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ।ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰ, ਮੰਡਲ ਪ੍ਰਧਾਨ, ਵੱਖ-ਵੱਖ ਪਿੰਡਾਂ ਦੇ ਸਰਪੰਚ, ਜ਼ੀਰਕਪੁਰ ਅਤੇ ਲਾਲੜੂ ਨਗਰ ਕੌਂਸਲਾਂ ਦੇ ਪ੍ਰਧਾਨ ਅਤੇ ਕੌਂਸਲਰ, ਪਾਰਟੀ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।