ਮੋਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਚੰਡੀਗੜ੍ਹ ਅਤੇ ਮੋਹਾਲੀ ਦੀ ਸਰਹੱਦ ਨਾਲ ਲੱਗਦੇ ਪਿੰਡ ਕੰਡਾਲਾ ਦਾ ਦੌਰਾ ਕਰਕੇ ਪਿੰਡ ਵਾਸੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ, ਸਾਬਕਾ ਸਰਪੰਚਾਂ, ਪੰਚਾਇਤ ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਗਵਾਈ।
ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਚੰਡੀਗੜ੍ਹ ਅਤੇ ਮੋਹਾਲੀ ਵਰਗੇ ਵਿਕਸਤ ਸ਼ਹਿਰਾਂ ਦੇ ਨਾਲ ਲੱਗਣ ਦੇ ਬਾਵਜੂਦ ਕੰਡਾਲਾ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ। ਪਿੰਡ ਵਿੱਚ ਬਿਜਲੀ ਦੀ ਅਣਨਿਯਮਿਤ ਸਪਲਾਈ, ਟੁੱਟੀਆਂ ਗਲੀਆਂ, ਜਾਮ ਨਾਲੀਆਂ, ਸਫ਼ਾਈ ਦੀ ਮਾੜੀ ਵਿਵਸਥਾ ਅਤੇ ਕੂੜੇ ਦੇ ਢੇਰ ਲੋਕਾਂ ਲਈ ਵੱਡੀ ਸਮੱਸਿਆ ਬਣੇ ਹੋਏ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਾਰਟੀ ਵੱਲੋਂ ਮੌਕਾ ਮਿਲਦਾ ਹੈ ਅਤੇ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਚੰਡੀਗੜ੍ਹ ਏਅਰਪੋਰਟ ਨਾਲ ਲੱਗਦੇ ਪਿੰਡਾਂ ਨੂੰ ਪਹਿਲ ਦੇ ਆਧਾਰ 'ਤੇ ਵਿਕਾਸ ਯੋਜਨਾਵਾਂ ਵਿੱਚ ਸ਼ਾਮਲ ਕੀਤਾ ਜਾਵੇਗਾ।
ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕੰਡਾਲਾ ਸਮੇਤ ਇਲਾਕੇ ਦੇ ਪਿੰਡਾਂ ਵਿੱਚ ਸੜਕਾਂ, ਨਾਲੀਆਂ, ਸਫ਼ਾਈ, ਕੂੜਾ ਪ੍ਰਬੰਧਨ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਤਰਜੀਹ ਦੇ ਕੇ ਸੁਧਾਰਿਆ ਜਾਵੇਗਾ। ਬੇਦੀ ਨੇ ਇਹ ਵੀ ਕਿਹਾ ਕਿ ਇਲਾਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੋਵੇਗੀ ਤਾਂ ਜੋ ਨੌਜਵਾਨਾਂ ਨੂੰ ਸਿਰਫ਼ ਸੁਰੱਖਿਆ ਗਾਰਡ ਜਾਂ ਡਰਾਈਵਰੀ ਵਰਗੀਆਂ ਸੀਮਤ ਨੌਕਰੀਆਂ ਤੱਕ ਹੀ ਸੀਮਿਤ ਨਾ ਰਹਿਣਾ ਪਵੇ।
ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਕੁਲਜੀਤ ਸਿੰਘ ਬੇਦੀ ਨੂੰ ਮਿਸ਼ਨ 2027 ਲਈ ਆਪਣਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਉਮੀਦ ਜਤਾਈ ਕਿ ਭਵਿੱਖ ਵਿੱਚ ਇਸ ਇਲਾਕੇ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਪੱਕਾ ਹੱਲ ਕੀਤਾ ਜਾਵੇਗਾ। ਇਸ ਮੌਕੇ ਤੇ ਪਿੰਡ ਵਾਸੀ ਸੁਖਮਿੰਦਰ ਸਿੰਘ ਧੀਮਾਨ, ਗੁਰਮੀਤ ਸਿੰਘ ਸੰਧੂ, ਪ੍ਰਿੰਸ ਸੰਧੂ , ਸੁਰਿੰਦਰ ਕੁਮਾਰ, ਸੁਰਿੰਦਰ ਸਿੰਘ ਸਾਬਕਾ ਸਰਪੰਚ , ਸਵਰਨ ਸਿੰਘ ਸਾਬਕਾ ਸਰਪੰਚ , ਤਰਸੇਮ ਸਿੰਘ , ਜਗਮੀਤ ਸਿੰਘ , ਸੱਜਣ ਸਿੰਘ , ਕਰਮਦਾਸ ਮਹੰਤ ਜੀ , ਲਵਲੀ ਝਿਓਰਹੇਰੀ , ਦਵਿੰਦਰ ਸਿੰਘ , ਹਰਨੇਕ ਸਿੰਘ , ਸ਼ੇਰ ਸਿੰਘ , ਮੰਨਾ , ਗੁਰਮੀਤ ਸਿੰਘ ਮਿੱਤਾ , ਗੁਰਮੀਤ ਸਿੰਘ ਸਿਆਣ , ਅਜਾਇਬ ਸਿੰਘ ਬਾਕਰਪੁਰ ਅਤੇ ਗੁਰਪ੍ਰੀਤ ਸਿੰਘ ਹਾਜਰ ਸਨ I