ਚੰਦਰਮਾ ਦੇ ਦੱਖਣੀ ਧਰੁਵੀ ਖੇਤਰ 'ਤੇ ਚੰਦਰਯਾਨ-3 ਦੇ ਸਫਲ ਲੈਂਡਿੰਗ ਦੀ ਯਾਦ ਵਿਚ ਪਹਿਲੇ ਰਾਸ਼ਟਰੀ ਪੁਲਾੜ ਦਿਵਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਵਿਖੇ ਆਯੋਜਿਤ ਖਾਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪਿੰਡ ਘੁੱਦਾ ਦੇ ਨੇੜਲੇ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਆਯੋਜਿਤ ਇਸ ਸਮਾਗਮ ਵਿਚ ਲਾਈਵ ਸਕ੍ਰੀਨਿੰਗ, ਮਾਹਰ ਲੈਕਚਰ ਅਤੇ ਪ੍ਰਤੀਯੋਗੀ ਮੁਕਾਬਲੇ ਕਰਵਾਏ ਗਏ।
ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਦਾ ਸਿੱਧਾ ਪ੍ਰਸਾਰਣ ਦੇਖਿਆ। ਆਪਣੇ ਭਾਸ਼ਣ ਵਿੱਚ ਰਾਸ਼ਟਰਪਤੀ ਨੇ ਚੰਦਰਯਾਨ-3 ਮਿਸ਼ਨ ਨੂੰ ਭਾਰਤ ਦੀ ਸਭ ਤੋਂ ਵੱਡੀ ਵਿਗਿਆਨਕ ਪ੍ਰਾਪਤੀਆਂ ਵਿੱਚੋਂ ਇੱਕ ਦੱਸਿਆ ਅਤੇ ਪੁਲਾੜ ਖੋਜ ਵਿੱਚ ਇਸਰੋ ਦੀ ਅਸਾਧਾਰਣ ਤਰੱਕੀ ਦੀ ਸ਼ਲਾਘਾ ਕੀਤੀ।
ਪ੍ਰੋਗਰਾਮ ਦੇ ਦੂਜੇ ਪੜਾਅ ਵਿੱਚ ਸੀਯੂ ਪੰਜਾਬ ਦੇ ਭੌਤਿਕ ਵਿਗਿਆਨ ਵਿਭਾਗ ਨੇ ਆਈ.ਆਈ.ਸੀ. ਦੇ ਸਹਿਯੋਗ ਨਾਲ ਦੋ ਲੈਕਚਰ ਕਰਵਾਏ। ਪਹਿਲੇ ਲੈਕਚਰ ਵਿੱਚ ਇਸਰੋ ਦੇ ਸੈਟੇਲਾਈਟ ਨੇਵੀਗੇਸ਼ਨ ਸੈਂਟਰ,ਬੰਗਲੌਰ ਦੇ ਸਤੀਸ਼ ਧਵਨ ਪ੍ਰੋਫੈਸਰ ਡਾ. ਐਸ.ਪਾਲ ਨੇ ਪੁਲਾੜ ਖੋਜ ਵਿੱਚ ਭਾਰਤ ਦੀ ਵਧਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਸ਼ੁਰੂਆਤੀ ਸੈਟੇਲਾਈਟ ਲਾਂਚ ਤੋਂ ਲੈ ਕੇ ਸੈਟੇਲਾਈਟ ਨੇਵੀਗੇਸ਼ਨ ਅਤੇ ਪੁਲਾੜ ਸੰਚਾਰ ਤਕਨਾਲੋਜੀ ਵਿੱਚ ਨਵੀਨਤਾਵਾਂ ਤੇ ਚਾਨਣਾ ਪਾਇਆ।
ਦੂਜੇ ਲੈਕਚਰ ਵਿੱਚ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਦੇ ਉੱਘੇ ਪ੍ਰੋਫੈਸਰ ਪੀ.ਕੇ. ਆਹਲੂਵਾਲੀਆ ਨੇ ਭਾਰਤ ਦੀ ਸਵੈ-ਨਿਰਭਰ ਪੁਲਾੜ ਯਾਤਰਾ ਬਾਰੇ ਗੱਲ ਕੀਤੀ। ਪ੍ਰੋਗਰਾਮ ਦੇ ਤੀਜੇ ਪੜਾਅ ਵਿੱਚ ਪੁਲਾੜ ਵਿਗਿਆਨ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਯੋਗੀ ਸਮਾਗਮਾਂ ਵਿਚ ਕੁਇਜ਼ ਮੁਕਾਬਲੇ, ਲੇਖ ਲਿਖਣ ਮੁਕਾਬਲੇ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸੀਰਿਕਾ ਨੇ ਕਿਹਾ ਕਿ ਸੀਯੂ ਪੰਜਾਬ ਵਿਖੇ ਆਯੋਜਿਤ ਰਾਸ਼ਟਰੀ ਪੁਲਾੜ ਦਿਵਸ ਸਮਾਰੋਹ ਨੇ ਨਾ ਸਿਰਫ ਵਿਦਿਆਰਥੀਆਂ ਨੂੰ ਭਾਰਤ ਦੀਆਂ ਅਸਧਾਰਨ ਪੁਲਾੜ ਪ੍ਰਾਪਤੀਆਂ ਨਾਲ ਜਾਣੂ ਕਰਵਾਇਆ, ਬਲਕਿ ਨੌਜਵਾਨ ਪੀੜ੍ਹੀ ਨੂੰ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਖੇਤਰ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।