ਆਮ ਆਦਮੀ ਪਾਰਟੀ (ਆਪ) ਦੁਆਰਾ ਚੰਡੀਗੜ੍ਹ ਦੇ ਸੈਕਟਰ 17 ਵਿੱਚ ਨਗਰ ਨਿਗਮ ਦੇ ਦਫ਼ਤਰ ਸਾਹਮਣੇ ਅੱਜ ਸੱਤਵੇਂ ਦਿਨ ਵੀ ਭੁੱਖ ਹੜਤਾਲ ਕਰਕੇ 30 ਜਨਵਰੀ ਨੂੰ ਨਗਰ ਨਿਗਮ ਚੰਡੀਗੜ੍ਹ ਦੇ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਵਿੱਚ ਆਪ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਕੁਮਾਰ ਦੀਆਂ 8 ਵੋਟਾਂ ਰੱਦ ਕਰਨ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ।
ਅੱਜ ਕੌਂਸਲਰ ਨੇਹਾ ਮੁਸਾਤਵ, ਐਡਵੋਕੇਟ ਹੀਰਾ ਲਾਲ ਕੁੰਦਰਾ, ਐਡਵੋਕੇਟ ਰਵੀ ਮਣੀ, ਲੱਕੀ ਅਤੇ ਮਨਦੀਪ ਕਾਲਰਾ ਵਲੋਂ ਭੁੱਖ ਹੜਤਾਲ ਕੀਤੀ ਗਈ। ਇਸ ਭੁੱਖ ਹੜਤਾਲ ਵਿੱਚ ਆਪ ਦੇ ਸੀਨੀਅਰ ਆਗੂ ਪੀਪੀ ਘਈ, ਵਿਜੇਪਾਲ, ਮੀਨਾ ਸ਼ਰਮਾਂ, ਆਭਾ ਬੰਸਲ, ਸੁਖਰਾਜ ਸੰਧੂ, ਕੌਂਸਲਰ ਸੁਮਨ ਸ਼ਰਮਾਂ, ਜਸਵਿੰਦਰ ਕੌਰ ਅਤੇ ਪ੍ਰੇਮ ਲਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਲੰਟੀਅਰ ਵੀ ਸ਼ਾਮਿਲ ਹੋਏ।
ਇਸ ਮੌਕੇ ਉਤੇ ਕੌਂਸਲਰ ਨੇਹਾ ਮੁਸਾਵਤ ਨੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿ ਬੀਜੇਪੀ ਦੇ ਨੌਮੀਨੇਟਿਡ ਕੌਂਸਲਰ ਅਤੇ ਪ੍ਰੀਜਾਇਡਿੰਗ ਅਫ਼ਸਰ ਅਨਿਲ ਮਸ਼ੀਹ ਖਿਲਾਫ਼ ਐਫਆਈਆਰ ਦਰਜ ਕਰਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਤੇ ਨਗਰ ਨਿਗਮ ਵਿੱਚ ਬੀਜੇਪੀ ਵਲੋਂ ਬਿਠਾਏ ਗਏ ਨਕਲੀ ਮੇਅਰ ਨੂੰ ਕੁਰਸੀ ਤੋਂ ਉਤਾਰਿਆ ਨਹੀਂ ਜਾਂਦਾ।ਉਨ੍ਹਾਂ ਕਿਹਾ ਬੀਜੇਪੀ ਸ਼ੁਰੂ ਤੋਂ ਹੀ ਨਗਰ ਨਿਗਮ ਦੇ ਵਿੱਚ ਧੱਕਾ ਕਰਦੀ ਆਈ ਹੈ, ਪਰ ਹੁਣ ਕੈਮਰਿਆਂ ਦੇ ਰਾਂਹੀ ਸਭ ਕੁੱਝ ਸਾਰਿਆਂ ਦੇ ਸਾਹਮਣੇ ਆ ਚੁੱਕਾ ਹੈ।
ਇਸ ਲਈ ਹੁਣ ਬੀਜੇਪੀ ਦੇ ਕੌਂਸਲਰ ਸਮੇਤ ਸਾਰਿਆਂ ਉਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਲੋਕਤੰਤਰ ਦਾ ਮਜ਼ਾਕ ਨਾ ਬਣਾ ਸਕੇ।ਇਸ ਮੌਕੇ ਉਤੇ ਕੌਂਸਲਰ ਜਸਵਿੰਦਰ ਕੌਰ ਨੇ ਬੋਲਦੇ ਹੋਏ ਕਿਹਾ ਜਿਸ ਤਰ੍ਹਾਂ ਨਾਲ 30 ਜਨਵਰੀ ਵਾਲੇ ਦਿਨ ਬੀਜੇਪੀ ਵਲੋਂ ਇੱਕ ਪਹਿਲਾਂ ਰਚੀ ਗਈ ਸਾਜਿਸ਼ ਦੇ ਤਹਿਤ ਲੋਕਤੰਤਰ ਦੀ ਹੱਤਿਆ ਕੀਤੀ ਗਈ, ਇਸਦੀ ਪੂਰੇ ਦੇਸ਼ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਸਾਜਿਸ਼ ਦੇ ਵਿੱਚ ਐਮਪੀ ਕਿਰਣ ਖੇਰ ਸਮੇਤ ਬੀਜੇਪੀ ਦੇ ਸਾਰੇ ਕੌਂਸਲਰ ਅਤੇ ਅਨਿਲ ਮਸ਼ੀਹ ਸ਼ਾਮਿਲ ਹਨ। ਇਨਾਂ ਸਾਰਿਆਂ ਉਤੇ ਛੇਤੀ ਤੋਂ ਛੇਤੀ ਕਾਰਵਾਈ ਕਰਕੇ ਇਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਚਾਹੀਦਾ ਹੈ।ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਬੀਜੇਪੀ ਵਲੋਂ ਪੂਰੇ ਦੇਸ਼ ਵਿੱਚ ਧੋਖਾਧੜੀ ਵਾਲੀ ਰਾਜਨੀਤੀ ਕੀਤੀ ਜਾ ਰਹੀ ਹੈ।
ਜੋ ਕਿ ਨਗਰ ਨਿਗਮ ਚੋਣਾਂ ਵਾਲੇ ਦਿਨ ਕੈਮਰਿਆਂ ਵਿੱਚ ਕੈਦ ਹੋਏ ਅਨਿਲ ਮਸ਼ੀਹ ਦੁਆਰਾ ਕੁਲਦੀਪ ਕੁਮਾਰ ਦੀਆਂ ਪੈਨੱ ਚਲਾ ਕੇ ਰੱਦ ਕੀਤੀਆਂ 8 ਵੋਟਾਂ ਰਾਂਹੀ ਪੂਰੇ ਦੇਸ਼ ਦੇ ਸਾਹਮਣੇ ਆ ਚੁੱਕਾ ਹੈ। ਪਰ ਹੁਣ ਦੇਸ਼ ਵਾਸੀ ਬੀਜੇਪੀ ਦੀ ਧੋਖਾਧੜੀ ਵਾਲੀ ਰਾਜਨੀਤੀ ਤੋਂ ਜਾਣੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਵਿੱਚ ਮੇਅਰ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਦੇਸ਼ ਵਾਸੀ ਬੀਜੇਪੀ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ।