ਵਾਤਾਵਰਨ ਦੀ ਸੰਭਾਲ ਲਈ ‘ਨੀਲੇ ਅਸਮਾਨ ਲਈ ਸਾਫ਼ ਹਵਾ‘ ਦਾ ਅੰਤਰਰਾਸ਼ਟਰੀ ਦਿਵਸ 7 ਸਤੰਬਰ ਨੂੰ ਮਨਾਇਆ ਜਾਂਦਾ ਹੈ ਤਾਂ ਕਿ ਸਾਫ ਤੇ ਪ੍ਰਦੂਸ਼ਣ ਰਹਿਤ ਹਵਾ ਲੋਕਾਂ ਲਈ ਤੰਦਰੁਸਤ ਅਤੇ ਬਿਹਤਰ ਜ਼ਿੰਦਗੀ ਜਿਊਣ ਵਿਚ ਸਹਾਈ ਹੋਵੇ। ਇਸੇ ਤਹਿਤ ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ 7 ਤੋਂ 13 ਸਤੰਬਰ ਤੱਕ ਵਾਤਾਵਰਨ ਦੀ ਸੰਭਾਲ ਲਈ ਵਾਤਾਵਰਨ ਨੂੰ ਸਾਫ ਤੇ ਸੁਰੱਖਿਅਤ ਰੱਖਣ ਦੀ ਮੁਹਿੰਮ ਚਲਾਈ ਗਈ ਹੈ।
ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਦੀ ਸ਼ਮੂਲਿਅਤ ਕਰਵਾਉਣ ਲਈ ਇੱਕ ਵਿਸੇ਼ਸ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਰੁਣ ਕੁਮਾਰ ਸ਼ਰਮਾ ਨੇ ਮੀਟਿੰਗ ਵਿੱਚ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸਕੂਲਾਂ ਤੇ ਕਾਲਜਾਂ ਵਿੱਚ ਹਵਾ ਪ੍ਰਦੂਸ਼ਣ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਏ ਜਾਣ।
ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਦਾ ਵਿਸ਼ਾ ਸਿਹਤ ਵਿਭਾਗ ਨਾਲ ਸਿੱਧੇ ਤੌਰ ਤੇ ਸਬੰਧਤ ਹੋਣ ਸਦਕਾ ਇਸ ਤਰ੍ਹਾਂ ਦੀ ਵਿਲੱਖਣ ਮੁਹਿੰਮ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਹਰ ਸਰਕਾਰੀ ਇਮਾਰਤ ਵਿਖੇ ਬਿਜਲੀ ਦੇ ਦੁਰਉਪਯੋਗ ਅਤੇ ਬਰਬਾਦੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਰੁੱਖ ਲਗਾਉਣ ਅਤੇ ਪ੍ਰਦੁਸ਼ਿਤ ਹਵਾ ਦੀ ਰੋਕਥਾਮ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ।
ਉਨ੍ਹਾਂ ਪੁਲਿਸ ਵਿਭਾਗ ਦੇ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਹਵਾ ਪ੍ਰਦੂਸ਼ਣ ਵਿਚ ਵਾਧਾ ਹੋਣ ਦਾ ਮੁੱਖ ਕਾਰਨ ਪੁਰਾਣੇ ਵਾਹਨਾਂ ਦਾ ਹੈ ਇਸ ਲਈ ਵਾਹਨਾਂ ਦਾ ਪ੍ਰਦੂਸ਼ਣ ਸਰਟੀਫਿਕੇਟ ਚੈੱਕ ਕਰਨ ਤੇ ਜ਼ੋਰ ਦਿੱਤਾ ਜਾਵੇ। ਸਿੱਖਿਆ ਵਿਭਾਗ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਿੱਖਿਆ ਵਿਭਾਗ ਦਾ ਅਹਿਮ ਯੋਗਦਾਨ ਰਹੇਗਾ ਇਸ ਲਈ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਵਿੱਚ ਇਸ ਸਬੰਧੀ ਸੈਮੀਨਾਰ , ਵਿਚਾਰ ਵਟਾਂਦਰਾ ਅਤੇ ਪੇਟਿੰਗ ਕੰਪੀਟੀਸ਼ਨ ਕਰਵਾਏ ਜਾਣ।
ਇਸ ਮੌਕੇ ਜਿਲ੍ਹਾ ਸਿਹਤ ਅਫਸਰ, ਡਾ. ਹਰਕਿਰਤ ਸਿੰਘ ਅਤੇ ਇਸਤਰੀ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਇਸਤਰੀ ਅਤੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੇ ਘਰ ਦੇ ਅੰਦਰ ਹੋਣ ਵਾਲੇ ਹਵਾ ਦੇ ਪ੍ਰਦੁਸ਼ਣ ਬਾਰੇ ਜਾਗਰੂਕ ਕੀਤਾ ਜਾਵੇ। ਇਸ ਮੌਕੇ ਜਿਲ੍ਹਾ ਐਪੀਡੀਮਾਲੋਜਿਸਟ-ਕਮ-ਨੋਡਲ ਅਫਸਰ ਡਾ. ਸਮਿੰਦਰਪਾਲ ਕੋਰ ਵੱਲੋ ਮੀਟਿੰਗ ਵਿੱਚ ਆਏ ਸਮੂਹ ਵਿਭਾਗਾਂ ਦੇ ਮੁੱਖੀਆ ਨੂੰ ਦੱਸਿਆ ਕਿ ਇਸ ਸਾਲ ਇਹ ਦਿਵਸ ‘ਟੂਗੈਦਰ ਫਾਰ ਕਲੀਨ ਏਅਰ‘ ਦੀ ਥੀਮ ਤੇ ਕੇਂਦਰਿਤ ਹੋਵੇਗਾ।
ਥੀਮ ਦਾ ਉਦੇਸ਼ ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਮਜ਼ਬੂਤ ਸਾਂਝੇਦਾਰੀ, ਸਰਕਾਰਾਂ ਵੱਲੋਂ ਨਿਵੇਸ਼ ਅਤੇ ਸਾਂਝੀ ਜ਼ਿੰਮੇਵਾਰੀ ਦੀ ਤੁਰੰਤ ਲੋੜ ਨੂੰ ਉਜਾਗਰ ਕਰਨਾ ਹੈ। ਇਹ ਮਨੁੱਖੀ ਅਤੇ ਈਕੋਸਿਸਟਮ ਦੀ ਸਿਹਤ ਤੇ ਹਵਾ ਪ੍ਰਦੂਸ਼ਣ ਦੇ ਸਿੱਧੇ ਪ੍ਰਭਾਵ ਨੂੰ ਵੀ ਰੇਖਾਂਕਿਤ ਕਰਦਾ ਹੈ ਅਤੇ ਵਾਯੂਮੰਡਲ ਦੀ ਸੁਰੱਖਿਆ ਅਤੇ ਹਰੇਕ ਲਈ ਸਿਹਤਮੰਦ ਹਵਾ ਨੂੰ ਯਕੀਨੀ ਬਣਾਉਣ ਦੀ ਸਾਂਝੀ ਜ਼ਿੰਮੇਵਾਰੀ ਨੂੰ ਵੀ ਦਰਸਾਉਂਦਾ ਹੈ।
ਇਸ ਵਿਸ਼ੇ ਤੇ ਗੱਲ ਕਰਦੇ ਹੋਏ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇਸ ਅਧੀਨ ਕੀਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਵਾਤਾਵਰਣ ਨੂੰ ਬਚਾਉਣ ਲਈ ਹਰੇਕ ਵਿਅਕਤੀ ਆਪਣੀ ਜ਼ਿੰਮੇਵਾਰੀ ਨਿਭਾਏ। ਕੁਦਰਤੀ ਸਰੋਤਾਂ ਨੂੰ ਬਾਲਣ ਦੇ ਤੌਰ ‘ਤੇ ਊਰਜਾ ਲਈ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਇਸਤੇਮਾਲ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਹਵਾ ਵਿਚ ਵਧਾ ਰਿਹਾ ਹੈ ਜਿਸ ਨਾਲ ਧਰਤੀ ਦੇ ਔਸਤ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਮੌਸਮੀ ਚੱਕਰ ਵਿੱਚ ਤਬਦੀਲੀ ਆ ਰਹੀ ਹੈ।
ਇਸ ਮੌਕੇ ਸਮੂਹ ਐਸ.ਐਮ.ਓ ਅਤੇ ਵੱਖ-ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।