ਪੰਤਾਂਜਲੀ ਯੋਗ ਸੰਮਤੀ ਚੰਡੀਗੜ੍ਹ ਵਲੋਂ ਰਾਮਲੀਲਾ ਮੈਦਾਨ ਸੈਕਟਰ-27 ਚੰਡੀਗੜ੍ਹ ਵਿਚ ਸ਼ਹੀਦਾਂ ਦੇ ਬਲਿਦਾਨ ਦਿਵਸ 'ਤੇ ਯੋਗ ਮਹਾਉਤਸਵ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਚੰਡੀਗੜ੍ਹ ਸ਼ਹਿਰ ਤੋਂ ਲੋਕ ਸਭਾ ਸੀਟ ਦੀ ਭਾਜਪਾ ਉਮੀਦਵਾਰ ਸ਼੍ਰੀਮਤੀ ਕਿਰਨ ਖੇਰ, ਸਾਬਕਾ ਕੇਂਦਰੀ ਮੰਤਰੀ ਸ਼੍ਰੀ ਹਰਮੋਹਨ ਧਵਨ, ਸਾਬਕਾ ਸੰਸਦ ਮੈਂਬਰ ਸ਼੍ਰੀ ਸੱਤਿਆਪਾਲ ਜੈਨ, ਭਾਜਪਾ ਪ੍ਰਧਾਨ ਸ਼੍ਰੀ ਸੰਜੇ ਟੰਡਨ ਵਿਸ਼ੇਸ ਤੌਰ 'ਤੇ ਹਾਜ਼ਰ ਸਨ। ਇਨ੍ਹਾਂ ਦੇ ਇਲਾਵਾ ਸਮਾਜ ਦੇ ਹਰ ਵਰਗ ਅਤੇ ਉਮਰ ਦੇ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਦੇ ਨਾਲ-ਨਾਲ ਸਮਾਜ ਵਿਚੋਂ ਜੁੜੀਆਂ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਭਾਰੀ ਸੰਖਿਆ ਵਿਚ ਮੌਜੂਦ ਸਨ। ਇਹ ਪ੍ਰੋਗਰਾਮ ਸ਼ਾਮ 4 ਵਜੇ 'ਓਮ' ਦੀ ਧੁੰਨ ਨਾਲ ਆਰੰਭ ਹੋਇਆ ਅਤੇ ਸ਼ਾਮ 6 ਵਜੇ 'ਸ਼ਾਂਤੀ ਪਾਠ' ਨਾਲ ਸਮਾਪਤ ਹੋਇਆ। ਪ੍ਰੋਗਰਾਮ ਦੇ ਸ਼ੁਰੂ ਵਿਚ ਹੀ ਸ਼੍ਰੀ ਵਿਨੋਦ ਭਾਰਦਵਾਜ ਸੂਬਾ ਇੰਚਾਰਜ, ਅਨਿਲ ਕੁਮਾਰ ਯੁਵਾ ਸੂਬਾ ਇੰਚਾਰਜ, ਮਿਲਖ ਰਾਜ, ਕਮਲ ਸ਼ਰਮਾ, ਅਨਿਲ ਸ਼ਰਮਾ ਜ਼ਿਲਾ ਇੰਚਾਰਜ, ਭੈਣ ਅੰਜਲੀ, ਨਿਰਮਲ, ਰਜਨੀ, ਸ਼੍ਰੀ ਰਾਕੇਸ਼ ਸ਼ਰਮਾ ਅਤੇ ਪੀ. ਡੀ. ਟੰਡਨ ਨੇ ਦੀਪ ਜਲਾਕੇ ਪ੍ਰੋਗਰਾਮ ਦਾ ਆਰੰਭ ਕੀਤਾ। ਸ਼੍ਰੀ ਵਿਨੋਦ ਨੇ ਉਤਸਵ ਵਿਚ ਆਏ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸ਼੍ਰੀ ਨਰਿੰਦਰ ਗੋਇਲ ਮਹਾਂ ਮੰਤਰੀ ਜ਼ਿਲਾ ਦੱਖਣੀ ਨੇ ਪੰਤਾਂਜਲੀ ਯੋਗ ਪੀਠ ਵਲੋਂ ਯੋਗ ਅਤੇ ਆਯੁਰਵੈਦ ਦੇ ਅਨੁਸੰਧਾਨ ਸੇਵਾ ਨੂੰ ਸਮਰਪਿਤ 20 ਸਾਲਾਂ ਦਾ ਉਲੇਖ ਕੀਤਾ।
ਇਸ ਮੌਕੇ 'ਤੇ ਮਾਨਯੋਗ ਵਿਜੇ ਸ਼ਾਸ਼ਤਰੀ ਨੇ ਦੇਸ਼ ਭਗਤੀ ਦੇ ਭਜਨਾਂ ਨਾਲ ਵਾਤਾਵਰਨ ਸੰਗੀਤਮਈ ਬਣਾ ਦਿੱਤਾ।ਯੁਵਾ ਮੋਰਚਾ ਵਲੋਂ 'ਮੇਰਾ ਰੰਗ ਦੇ ਬਸੰਤੀ ਚੋਲਾ...' ਗੀਤ ਗਾਇਆ ਗਿਆ ਅਤੇ ਪੂਰਾ ਪੰਡਾਲ ਮੰਤਰਮੁਗਤ ਹੋ ਗਿਆ। ਸ਼੍ਰੀ ਜਨਕ ਮਗੋਤਰਾ ਸਹਾਇਕ ਸੂਬਾ ਇੰਚਾਰਜ ਨੇ ਕਰੀਬ 15 ਤਰ੍ਹਾਂ ਦੇ ਵੱਖ-ਵੱਖ ਆਸਣਾਂ ਨੂੰ ਬਹੁਤ ਸੁੰਦਰ ਢੰਗ ਨਾਲ ਪ੍ਰਦਰਸ਼ਿਤ ਕੀਤਾ ਅਤੇ ਲੋਕਾਂ ਨੇ ਹਰੇਕ ਆਸਣ ਨੂੰ ਬਹੁਤ ਹੀ ਉਤਸੁਕਤਾ ਨਾਲ ਦੇਖਿਆ। ਇਸ ਉਪਰੰਤ ਚੰਡੀਗੜ੍ਹ ਸੰਮਤੀ ਦੇ ਇੰਚਾਰਜ ਸ੍ਰੀ ਆਰ. ਆਰ. ਪਾਸੀ ਨੇ ਦੱਸਿਆ ਕਿ ਯੋਗ ਨਾਲ ਕਿਸ ਪ੍ਰਕਾਰ ਬਿਨਾਂ ਕੋਈ ਖਰਚ ਕੀਤੇ ਹੀ ਇਨਸਾਨ ਆਪਣੇ-ਆਪ ਨੂੰ, ਸਮਾਜ ਨੂੰ ਅਤੇ ਪੂਰੇ ਰਾਸ਼ਟਰ ਨੂੰ ਸੁਖੀ ਬਣਾ ਸਕਦਾ ਹੈ। ਉਨ੍ਹਾਂ ਨੇ ਯੋਗ ਅਤੇ ਪ੍ਰਾਣਾਯਮ ਦੇ ਲਾਭ ਤੇ ਸਾਵਧਾਨੀਆਂ ਦੱਸਦੇ ਹੋਏ 8 ਪ੍ਰਾਣਾਯਮਾਂ (ਭਸਤ੍ਰਿਕਾ, ਕਪਾਲਭਾਤੀ, ਵਾਹਯੇ, ਉਜਾਂਈ, ਅਨੁਲੋਮ-ਵਿਲੋਮ, ਬ੍ਰਹਮਰੀ, ਉਦਗੀਤ ਅਤੇ ਪ੍ਰਣਵ ਪ੍ਰਾਣਾਯਾਮ) ਨੂੰ ਬਹੁਤ ਹੀ ਵਿਸਥਾਰ ਤੇ ਕੁਸ਼ਲ ਢੰਗ ਨਾਲ ਸਿਖਾਇਆ। ਇਸ ਮੌਕੇ ਵਿਸ਼ੇਸ ਗੱਲ ਇਹ ਸੀ ਕਿ ਕਿਸ ਬੀਮਾਰੀ ਲਈ ਕਿਹੜਾ ਪ੍ਰਾਣਾਯਾਮ ਕਿੰਨੀ ਦੇਰ ਕਰਨਾ ਹੈ ਤੇ ਦੇਸੀ ਨੁਕਸੇ ਵੀ ਦੱਸੇ ਗਏ।
ਇਸ ਪ੍ਰੋਗਰਾਮ ਵਿਚ ਚੰਡੀਗੜ੍ਹ ਸ਼ਹਿਰ ਤੋਂ ਲੋਕ ਸਭਾ ਸੀਟ ਦੀ ਉਮੀਦਵਾਰ ਸ੍ਰੀਮਤੀ ਕਿਰਨ ਖੇਰ ਨੇ ਦੇਸ਼ ਦੇ ਵੀਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਕਿਹਾ ਕਿ ਅਸੀਂ ਭਾਰਤ ਵਾਸੀ ਉਨ੍ਹਾਂ ਵੀਰ ਸ਼ਹੀਦਾਂ ਦੇ ਰਿਣੀ ਹਾਂ ਜਿਨਾਂ ਨੇ ਸ਼ਹੀਦੀ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ। ਹੁਣ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ 'ਚ ਸੁਖ-ਸ਼ਾਂਤੀ ਬਣਾਈ ਰੱਖੀਏ।ਪ੍ਰੋਗਰਾਮ ਦੇ ਅੰਤ ਵਿਚ ਸ਼੍ਰੀ ਦੇਵਿੰਦਰ ਸ਼ਰਮਾ ਖੇਤੀ ਤੇ ਆਰਥਿਕ ਵਿਸ਼ਿਆਂ ਦੇ ਮਾਹਰ ਨੇ ਸਾਰੇ ਮਹਿਮਾਨਾਂ, ਦਾਨੀਆਂ, ਸਹਿਯੋਗੀਆਂ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ। ਚੰਡੀਗੜ੍ਹ ਵਿਚ ਇਸ ਪ੍ਰੋਗਰਾਮ ਦੇ ਇਲਾਵਾ ਯੋਗ ਮਹਾਉਤਸਵ ਚਮਨ ਲਾਲ ਡੀ. ਏ.ਵੀ. ਸੀਨੀਅਰ ਸੈਕੰਡਰੀ ਸਕੂਲ ਸੈਕਟਰ-11 ਪੰਚਕੁਲਾ, ਪੰਜਾਂਜਲੀ ਦਵਾਖਾਨੇ ਦੇ ਸਾਹਮਣੇ, ਕਲਗੀਧਰ ਇੰਕਲੇਵ ਬਲਟਾਨਾ, ਜੀਰਕਪੁਰ, ਆਰੀਆ ਸਮਾਜ ਕਾਲਜ (ਵੂਮੈਨ) ਖਰੜ, ਬੱਸ ਸਟੈਂਡ ਦੇ ਕੋਲ ਦਾ ਮੈਦਾਨ, ਰਾਏਪੁਰ ਰਾਣੀ ਵਿਚ ਵੀ ਮਨਾਇਆ ਗਿਆ ਜਿਥੇ ਲੋਕਾਂ ਨੇ ਭਾਰੀ ਸੰਖਿਆ ਵਿਚ ਹਿੱਸਾ ਲਿਆ। ਪੰਚਕੁਲਾ ਦੇ ਪ੍ਰੋਗਰਾਮ ਵਿਚ ਭੈਣ ਅੰਜਲੀ ਮਰਰੀਆ, ਪ੍ਰਿੰਸੀਪਲ ਡੀ. ਏ. ਵੀ. ਸਕੂਲ ਮੁਖ ਤੌਰ 'ਤੇ ਸ਼ਾਮਿਲ ਹੋਈ। ਪ੍ਰੋਗਰਾਮ ਵਿਚ ਬੱਚਿਆਂ ਨੇ ਰਾਸ਼ਟਰੀ ਗੀਤ ਤੇ ਯੋਗ-ਪ੍ਰਾਣਾਯਾਮ ਕੀਤੇ। ਇਸੇ ਤਹਿਤ ਰਾਏਪੁਰ ਰਾਣੀ ਵਿਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਮੁਬਾਰਕਪੁਰ ਜਿੱਥੇ ਬ੍ਰਿਟਿਸ਼ ਸਰਕਾਰ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸ਼ਿਮਲਾ ਆਉਂਦੇ ਜਾਂਦੇ ਸਮੇਂ ਜੇਲ ਵਿਚ ਰੱਖਿਆ ਸੀ ਉਸ ਸਥਾਨ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।