ਹਰਿਆਣਾ ਦੇ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਟੀਚਾ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਗੁਣਵੱਤਾਪੂਰਣ ਸਿੱਖਿਆ ਪ੍ਰਦਾਨ ਕਰਨਾ ਹੈ, ਤਾਂ ਜੋ ਸੂਬੇ ਦੇ ਨੌਜਵਾਨ ਦੇਸ਼ ਦੀਆਂ ਮੋਹਰੀ ਅਤੇ ਪ੍ਰਤਿਸ਼ਠਤ ਉਦਯੋਗਿਕ ਕੰਪਨੀਆਂ ਦੀਆਂ ਲੋੜਾਂ ਅਨੁਸਾਰ ਤਿਆਰ ਹੋ ਕੇ ਉਨ੍ਹਾਂ ਨਾਲ ਜੁੜ ਸਕਣ। ਇਸੇ ਦਿਸ਼ਾ ਵਿੱਚ ਕਦਮ ਚੁੱਕਦਿਆਂ ਸੂਬੇ ਦੀਆਂ ਆਈ.ਟੀ.ਆਈ. ਵਿੱਚ ਅੱਤਆਧੁਨਿਕ ਮਸ਼ੀਨਰੀ ਅਤੇ ਨਵੇਂ ਉਪਕਰਨ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਨੌਜਵਾਨਾਂ ਨੂੰ ਉਦਯੋਗਾਂ ਦੀ ਮੌਜੂਦਾ ਮੰਗ ਅਨੁਸਾਰ ਆਧੁਨਿਕ ਵਿਧੀਆਂ ਵਿੱਚ ਪੂਰੀ ਤਰ੍ਹਾਂ ਨਿਪੁੰਨ ਬਣਾਇਆ ਜਾ ਸਕੇ।
ਹਰਿਆਣਾ ਸਿਵਲ ਸਕੱਤਰੇਤ ਵਿੱਚ ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀ ਉੱਚ ਪੱਧਰੀ ਖਰੀਦ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਰਾਜ ਮੰਤਰੀ ਨੇ ਵਿਭਾਗੀ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਮੀਟਿੰਗ ਦੌਰਾਨ ਆਈ.ਟੀ.ਆਈ. ਵਿੱਚ ਸਿਖਲਾਈ ਦੇ ਗੁਣਵੱਤਾ ਨੂੰ ਹੋਰ ਸੁਧਾਰਨ ਅਤੇ ਨਵੇਂ ਜ਼ਮਾਨੇ ਦੇ ਤਕਨੀਕੀ ਸਾਧਨਾਂ ਨੂੰ ਜਲਦੀ ਤੋਂ ਜਲਦੀ ਉਪਲਬਧ ਕਰਵਾਉਣ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ।
ਡਿਗਰੀ ਦੇ ਨਾਲ ਹੁਨਰ ਯੁਕਤ ਨੌਜਵਾਨ ਹੀ ਹਨ ਅਸਲ ਤਾਕਤ
ਇਸ ਦੌਰਾਨ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਸਿਰਫ ਵਿਦਿਅਕ ਡਿਗਰੀ ਹੋਣਾ ਹੀ ਕਾਫ਼ੀ ਨਹੀਂ ਹੈ, ਸਗੋਂ ਵਿਹਾਰਕ ਹੁਨਰ ਨਾਲ ਯੁਕਤ ਨੌਜਵਾਨ ਹੀ ਸਭ ਤੋਂ ਵੱਡੀ ਤਾਕਤ ਹਨ। ਕੇਂਦਰ ਅਤੇ ਰਾਜ ਸਰਕਾਰ ਦਾ ਸਾਂਝਾ ਅਤੇ ਸਪੱਸ਼ਟ ਟੀਚਾ ਹੈ ਕਿ ਪ੍ਰਦੇਸ਼ ਦੇ 'ਹਰ ਹੱਥ ਨੂੰ ਹੁਨਰ' ਮਿਲੇ। ਜਦੋਂ ਨੌਜਵਾਨ ਹੁਨਰ ਸੰਪੰਨ ਹੋਣਗੇ, ਤਦ ਹੀ ਉਹ ਆਤਮਨਿਰਭਰ ਬਣਨਗੇ ਅਤੇ ਇੱਕ ਵਿਕਸਿਤ ਤੇ ਸ਼ਕਤੀਸ਼ਾਲੀ ਭਾਰਤ ਦੇ ਨਿਰਮਾਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਣਗੇ।
ਆਈ.ਟੀ.ਆਈ. ਵਿੱਚ ਮਿਲੇਗੀ ਹੋਰ ਬਿਹਤਰ ਸਿਖਲਾਈ
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਆਈ.ਟੀ.ਆਈ. ਵਿੱਚ ਆਧੁਨਿਕ ਤਕਨੀਕਾਂ ਦੇ ਸਮਾਵੇਸ਼ ਨਾਲ ਵਿਦਿਆਰਥੀਆਂ ਨੂੰ ਨਾ ਸਿਰਫ਼ ਬਿਹਤਰ ਸਿਖਲਾਈ ਮਿਲੇਗੀ, ਸਗੋਂ ਉਹ ਸਿੱਧੇ ਤੌਰ 'ਤੇ ਉਦਯੋਗਿਕ ਖੇਤਰ ਦੀ ਮੰਗ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਣਗੇ। ਇਸ ਨਾਲ ਸੂਬੇ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਮੀਟਿੰਗ ਵਿੱਚ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਰਾਜੀਵ ਰੰਜਨ, ਕੌਸ਼ਲ ਨਿਗਮ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਸ੍ਰੀ ਸਿਤੇਂਦਰ ਦੂਹਨ ਅਤੇ ਹੋਰ ਅਧਿਕਾਰੀ ਮੌਜੂਦ ਸਨ।