ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਚ ਅੰਤਰਰਾਸ਼ਟਰੀ ਡਿਪਲੋਮੈਟ ਮੀਟ-2021 ਦਾ ਆਯੋਜਨ ਕੀਤਾ ਗਿਆ। ਇਸ ਈਵੈਂਟ ਵਿਚ ਜ਼ਿੰਬਾਬਵੇ,ਕੀਨੀਆ, ਸੁਡਾਨ, ਨਾਮੀਬੀਆ, ਜ਼ੈਂਬੀਆ, ਅਫ਼ਗ਼ਾਨਿਸਤਾਨ, ਰੋਆਨ, ਆਈਵਰੀਕੋਸਟ ਸਮੇਤ ਕੁੱਲ ਗਿਆਰਾਂ ਦੇਸ਼ਾਂ ਦੇ ਡਿਪਲੋਮੈਟ ਨੇ ਸ਼ਿਰਕਤ ਸੀ। ਇਸ ਮੀਟ ਦਾ ਮੁੱਖ ਉਦੇਸ਼ ਕੌਮਾਂਤਰੀ ਪੱਧਰ ਤੇ ਸਿੱਖਿਆਂ ਦੇ ਪੱਧਰ ਵਿਚ ਆ ਰਹੇ ਬਦਲਾਵਾਂ ਤੇ ਚਰਚਾ ਕਰਨਾ ਸੀ। ਇਸ ਦੇ ਨਾਲ ਹੀ ਇਹ ਵੀ ਚਰਚਾ ਦਾ ਪ੍ਰਮੁੱਖ ਵਿਸ਼ਾ ਰਿਹਾ ਕਿ ਝੰਜੇੜੀ ਕੈਂਪਸ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ।ਜਦ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਭਾਰਤ ਵਿਚ ਆਉਣ ਵਾਲੀਆਂ ਤਕਲੀਫ਼ਾਂ ਤੇ ਵੀ ਚਰਚਾ ਕੀਤੀ ਗਈ। ਵਿਦਿਆਰਥੀ ਜ਼ਿਕਰੇਖਾਸ ਹੈ ਕਿ ਝੰਜੇੜੀ ਕੈਂਪਸ ਵਿਚ ਏਸ਼ੀਆ, ਅਫ਼ਰੀਕਾ ਅਤੇ ਯੂਰਪ ਦੇ ਕਈ ਵਿਦਿਆਰਥੀ ਸਿੱਖਿਆਂ ਹਾਸਿਲ ਕਰ ਰਹੇ ਹਨ। ਇਸ ਦੌਰਾਨ ਦੂਜੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਵੱਡੇ ਪੱਧਰ ਤੇ ਇਸ ਮੀਟ ਵਿਚ ਹਿੱਸਾ ਲਿਆ। ਜਿਸ ਨਾਲ ਝੰਜੇੜੀ ਕੈਂਪਸ ਕਿਸੇ ਵਿਦੇਸ਼ੀ ਕੈਂਪਸ ਵਾਂਗ ਨਜ਼ਰ ਆ ਰਿਹਾ ਸੀ। ਡਿਪਲੋਮੈਟਸ ਦੇ ਕੈਂਪਸ ਪਹੁੰਚਣ ਤੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਤੇ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਘੱਟ ਗਿਣਤੀਆਂ ਭਲਾਈ, ਨਵੇਂ ਅਤੇ ਗੈਰ-ਨਵਿਆਉਣਯੋਗ ਊਰਜਾ ਸਰੋਤ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਰਾਜ ਕੁਮਾਰ ਵੇਰਕਾ ਮੁੱਖ ਮਹਿਮਾਨ ਸਨ। ਜਦ ਕਿ ਬੱਸੀ ਪਠਾਣਾਂ ਦੇ ਐਮ ਐਲ ਏ ਜੀ ਪੀ ਸਿੰਘ ਖ਼ਾਸ ਮਹਿਮਾਨ ਸਨ।ਇਸ ਦੌਰਾਨ ਭਾਰਤ ਵਿਚ ਰੋਯਾਨ ਦੇ ਰਾਜਦੂਤ ਨਭਿਤ ਕਪੂਰ, ਰਾਇਨ ਕੌਂਸਲੇਟ ਦੇ ਬੁਲਾਰੇ ਮਾਨ ਸਿੰਘ, ਨਾਰਵੇ ਦੇ ਮਵੀਤੁਮਵਾ, ਜ਼ਿਬਾਬਾਵੇਂ ਦੇ ਅਨੋਹ ਕੋਆਸੀ ਮਾਰਟਿਨ, ਆਈਵਟ ਕੋਸਟ ਦੇ ਡਿਜਾਨੋ ਮਾਰਟਿਨਰ, ਸੁਡਾਨ ਦੀ ਲੇਜ਼ਰ, ਕੀਨੀਆ ਦੀ ਐਸਥਰ ਕਰੇਮਾ ਮੁਟੂਆ, ਨਾਮੀਬੀਆ ਦੇ ਐਨੀ ਕੇ ਨੰਦਾ ਅਤੇ ਅਫ਼ਗ਼ਾਨਿਸਤਾਨ ਦੇ ਸਿਦੀਕੁੱਲਾ ਸ਼ਹਿਰ ਨੇ ਆਪਣੇ ਆਪਣੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਸਿੱਖਿਆਂ ਸਬੰਧੀ ਜ਼ਰੂਰਤਾਂ ਅਤੇ ਲੋੜੀਦੇ ਬਦਲਾਵਾਂ ਤੇ ਚਾਨਣਾ ਪਾਇਆ।
ਇਸ ਵਿਚਾਰ-ਵਟਾਂਦਰੇ ਵਿਚ ਭਾਰਤ ਵਿਚ ਪੜ੍ਹ ਰਹੇ ਅਫ਼ਰੀਕੀ ਵਿਦਿਆਰਥੀਆਂ ਨੂੰ ਭਾਸ਼ਾ ਦੀ ਰੁਕਾਵਟ, ਖਾਣ ਪੀਣ, ਵਾਤਾਵਰਨ ਵਿਚ ਬਦਲਾਵਾਂ, ਬਿਗਾਨੇ ਦੇਸ਼ ਵਿਚ ਸਮਾਜਿਕ ਸੁਰੱਖਿਆ, ਨਵੇਂ ਲੋਕਾਂ ਵਿਚ ਆਪਣੇ ਆਪ ਨੂੰ ਐਡਜਸਟ ਕਰਨਾ ਅਤੇ ਸਭਿਆਚਾਰਕ ਬਦਲਾਵਾਂ ਜਿਹੇ ਮੁੱਦੇ ਮੁੱਖ ਰਹੇ।ਅਫ਼ਰੀਕੀ ਡਿਪਲੋਮੈਟ ਦਾ ਕਹਿਣਾ ਸੀ ਕਿ ਕੌਮਾਂਤਰੀ ਵਿਦਿਆਰਥੀਆਂ ਦੇ ਸਭਿਆਚਾਰ, ਮੌਸਮ ਤੇ ਭਾਸ਼ਾ ਵੱਖ ਹੋਣ ਕਰਕੇ ਉਨ੍ਹਾਂ ਨੂੰ ਨਵੇਂ ਲੋਕਾਂ ਅਤੇ ਨਵੀ ਥਾਂ ਤੇ ਢਾਲਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ। ਇਸ ਦੇ ਨਾਲ ਹੀ ਅਫ਼ਰੀਕਣ ਦੇਸ਼ਾਂ ਦੇ ਵਿਦਿਆਰਥੀ ਗਰੀਬ ਹੁੰਦੇ ਹਨ ਇਸ ਲਈ ਭਾਰਤੀ ਸਿੱਖਿਆਂ ਦੇ ਸਿਸਟਮ ਥੋੜੇ ਸਸਤੇ ਹੋਣੇ ਚਾਹੀਦੇ ਹਨ ਤਾਂ ਕਿ ਭਾਰਤ ਵਿਚ ਵੱਧ ਤੋਂ ਵੱਧ ਅਫ਼ਰੀਕੀ ਵਿਦਿਆਰਥੀ ਸਿੱਖਿਆ ਹਾਸਿਲ ਕਰਨ ਆਉਣ। ਨਾਰਵੇ ਦੇ ਬੁਲਾਰੇ ਨੇ ਦੱਸਿਆਂ ਕਿ ਉਨ੍ਹਾਂ ਦੇ ਦੇਸ਼ ਦੀ 130 ਦੇ ਕਰੀਬ ਕੰਪਨੀਆਂ ਭਾਰਤ ਵਿਚ ਕੰਮ ਕਰਦੀਆਂ ਹਨ। ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਉਹ ਵਿਦਿਆਰਥੀ ਸਭ ਤੋਂ ਵੱਧ ਲੋੜੀਂਦੇ ਹਨ ਜਿਨ੍ਹਾਂ ਨੇ ਭਾਰਤ ਵਿਚ ਹੀ ਸਿੱਖਿਆਂ ਹਾਸਿਲ ਕੀਤੀ ਹੋਵੇ।ਇਸ ਤਰਾਂ ਨਾਰਵੇ ਦੇ ਵਿਦਿਆਰਥੀ ਭਾਰਤ ਵਿਚ ਹੀ ਸਿੱਖਿਆਂ ਹਾਸਿਲ ਕਰਕੇ ਬਿਹਤਰੀਨ ਨੌਕਰੀ ਦੇ ਮੌਕੇ ਲੱਭ ਸਕਦੇ ਹਨ। ਅਫ਼ਗ਼ਾਨਿਸਤਾਨ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਹੋਈ ਉਥੱਲ ਪਥੱਲ ਦੇ ਚੱਲਦਿਆਂ ਉਨ੍ਹਾਂ ਦੇ ਵਿਦਿਆਰਥੀ ਵੱਡੇ ਪੱਧਰ ਤੇ ਭਾਰਤ ਆ ਕੇ ਸਿੱਖਿਆ ਹਾਸਿਲ ਕਰਨਾ ਚਾਹੁੰਦੇ ਹਨ। ਜਦਕਿ ਪੁਰਾਣੇ ਵਿਦਿਆਰਥੀ ਵੀ ਸੁਰੱਖਿਆ ਪੱਖੋਂ ਵਾਪਸ ਨਾ ਜਾਕੇ ਇੱਥੇ ਹੀ ਹੋ ਸਿੱਖਿਆਂ ਹਾਸਿਲ ਕਰਨਾ ਚਾਹੁਦੇਂ ਹਨ।
ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਵੱਖ ਵੱਖ ਦੇਸ਼ਾਂ ਦੇ ਬੁਲਾਰਿਆਂ ਵੱਲੋਂ ਦਿਤੇ ਗਏ ਸੁਝਾਵਾਂ ਨੂੰ ਸੰਪੂਰਨ ਤੋਰ ਤੇ ਮੰਨਦੇ ਹੋਏ ਕਿਹਾ ਕਿ ਕਿਉਂਕਿ ਝੰਜੇੜੀ ਕੈਂਪਸ ਵਿਚ ਵੱਡੀ ਗਿਣਤੀ ਵਿਚ ਵਿਦੇਸ਼ੀ ਵਿਦਿਆਰਥੀ ਪੜਦੇ ਹਨ ਇਸ ਲਈ ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਦੇ ਹੋਏ ਛੇਤੀ ਤੋਂ ਛੇਤੀ ਨਿਬੇੜਿਆ ਜਾਂਦਾ ਹੈ। ਇਸ ਲਈ ਕੈਂਪਸ ਵਿਚ ਇਕ ਵੱਖਰਾ ਡਿਪਾਰਟਮੈਂਟ ਵੀ ਕੰਮ ਕਰਦਾ ਹੈ। ਇਸ ਦੇ ਨਾਲ ਕਮਜ਼ੋਰ ਪਰ ਪੜਾਈ ਵਿਚ ਚੰਗੀ ਪ੍ਰਤਿਭਾ ਦੇਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਾਲ ਵੀ ਪੰਜ ਕਰੋੜ ਦੀ ਸਕਾਲਰਸ਼ਿਪ ਵੰਡੀ ਗਈ। ਜਿਸ ਦਾ ਫ਼ਾਇਦਾ ਭਾਰਤੀ ਅਤੇ ਵਿਦੇਸ਼ੀ ਵਿਦਿਆਰਥੀਆਂ ਨੇ ਲਿਆ।ਮੁੱਖ ਮਹਿਮਾਨ ਕੈਬਿਨੇਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸੀ ਜੀ ਸੀ ਝੰਜੇੜੀ ਕੈਂਪਸ ਉੱਤਰੀ ਭਾਰਤ ਦੇ ਉਨ੍ਹਾਂ ਬਿਹਤਰੀਨ ਕਾਲਜਾਂ ਵਿਚੋਂ ਇਕ ਮੰਨਿਆ ਜਾਂਦਾ ਹੈ ਜਿਹਨੂੰ ਬਿਹਤਰੀਨ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀਆਂ ਲਈ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਨੌਕਰੀ ਦਿਵਾਉਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪੰਜਾਬ ਵਾਸੀਆਂ ਲਈ ਖ਼ੁਸ਼ਨਸੀਬੀ ਦੀ ਗੱਲ ਹੈ ਕਿ ਸੀ ਜੀ ਸੀ ਉਨ੍ਹਾਂ ਦੇ ਰਾਜ ਵਿਚ ਸਿੱਖਿਆਂ ਪ੍ਰਦਾਨ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਦੇਸ਼ੀ ਵਿਦਿਆਰਥੀਆਂ ਦਾ ਇੰਨੇ ਵੱਡੇ ਪੱਧਰ ਤੇ ਇੱਥੇ ਸਿੱਖਿਆਂ ਹਾਸਿਲ ਕਰਨ ਆਉਣਾ ਸਾਡੇ ਸੂਬੇ ਨੂੰ ਅੰਤਰਰਾਸ਼ਟਰੀ ਮਾਣ ਮਹਿਸੂਸ ਕਰਾਉਂਦਾ ਹੈ। ਉਨ੍ਹਾਂ ਪ੍ਰੈਜ਼ੀਡੈਂਟ ਧਾਲੀਵਾਲ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਰਾਹਨਾ ਕੀਤੀ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਭਾਰਤੀ ਕਲਾਸਿਕ ਡਾਂਸ, ਸਮਕਾਲੀ ਡਾਂਸ ਅਤੇ ਪੰਜਾਬ ਦੀ ਸ਼ਾਨ ਭੰਗੜੇ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ। ਇਸ ਦੌਰਾਨ ਮਾਣਯੋਗ ਕੈਬਿਨੇਟ ਮੰਤਰੀ ਰਾਜ ਕੁਮਾਰ ਵੇਰਕਾ, ਸਭ ਦੇਸ਼ਾਂ ਦੇ ਡਿਪਲੋਮੈਟਾਂ ਨੇ ਸਟੇਜ ਤੇ ਭੰਗੜਾ ਵੀ ਪਾਇਆ। ਅਖੀਰ ਵਿਚ ਪ੍ਰੈਜ਼ੀਡੈਂਟ ਧਾਲੀਵਾਲ ਵੱਲੋਂ ਮੁੱਖ ਮਹਿਮਾਨ ਅਤੇ ਵਿਦੇਸ਼ੀ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ।