ਪੰਜਾਬ ਸਰਕਾਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਵਿੱਚ ਸੁਰੂ ਕੀਤੀਆਂ ਗਈਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਇਨਾਂ ਸਕੀਮਾਂ ਦਾ ਆਮ ਲੋਕ ਵੱਧ-ਵੱਧ ਤੋਂ ਫਾਇਦਾ ਉਠਾ ਸਕਣ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਯੋਜਨਾ ਕਮੇਟੀ ਐਸ.ਏ.ਐਸ.ਨਗਰ ਦੇ ਨਵਨਿਯੁਕਤ ਚੇਅਰਮੈਨ ਹਰਭਜਨ ਮਾਨ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਸਥਿਤ ਜ਼ਿਲਾ ਯੋਜਨਾ ਕਮੇਟੀ ਦੇ ਮੀਟਿੰਗ ਹਾਲ ਵਿਖੇ ਜ਼ਿਲੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੋਰਾਨ ਕੀਤਾ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰਦੀਪ ਸਿੰਘ ਕਾਲੇਕਾ, ਉਪ ਅਰਥ ਤੇ ਅੰਕੜਾ ਸਲਾਹਕਾਰ ਅਮਰਜੀਤ ਕੌਰ, ਗੁਲਜਾਰ ਇੰਦਰ ਚਾਹਿਲ, ਬੀ.ਡੀ.ਪੀ.ਓ ਖਰੜ ਨਿਸ਼ਾਨ ਸਿੰਘ, ਬੀ.ਡੀ.ਪੀ.ਓ ਡੇਰਾਬੱਸੀ ਅਰੁਣ ਸ਼ਰਮਾ, ਬੀ.ਡੀ.ਪੀ.ਓ ਮਾਜਰੀ ਡੀ.ਕੇ ਸਾਲਦੀ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੁਦ ਸਨ। ਮਾਨ ਨੇ ਇਸ ਮੌਕੇ ਸਮੂਹ ਬਲਾਕ ਅਤੇ ਪੰਚਾਇਤ ਅਫ਼ਸਰਾਂ ਨੂੰ ਆਖਿਆ ਕਿ ਉਹ ਪਿੰਡਾਂ ਵਿੱਚ ਚਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਤੇ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਅਤੇ ਵਿਕਾਸ ਕਾਰਜਾਂ ਦੇ ਕੰਮਾਂ ਦੀ ਖੁਦ ਨਿਗਰਾਨੀ ਕਰ ਕੇ ਉਨਾਂ ਦੇ ਮਿਆਰੀ ਹੋਣ ਨੂੰ ਯਕੀਨੀ ਬਣਾਉਣ। ਉਨਾਂ ਅਧਿਕਾਰੀਆਂ ਨੂੰ ਆਖਿਆ ਕਿ ਉਹ ਜ਼ਿਲੇ ਦੀ ਤਰੱਕੀ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਹਮੇਸ਼ਾਂ ਯਤਨਸੀਲ ਰਹਿਣ ਕਿਉਂਕਿ ਅਧਿਕਾਰੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਰਕਾਰ ਦੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ। ਉਨਾਂ ਕਿਹਾ ਕਿ ਉਹ ਪਿੰਡ ਪੱਧਰ ਤੇ ਹੋਣ ਵਾਲੇ ਵਿਕਾਸ ਕਾਰਜਾਂ ਦੀ ਸੁੱਚੀ ਤਿਆਰ ਕਰਨ ਤਾਂ ਜੋ ਪਹਿਲ ਦੇ ਅਧਾਰ ਤੇ ਹੋਣ ਵਾਲੇ ਕੰਮਾਂ ਨੂੰ ਪਹਿਲੇ ਪੜਾਅ ਦੋਰਾਨ ਮੁਕੰਮਲ ਕੀਤਾ ਜਾ ਸਕੇ। ਉਨਾਂ ਕਿਹਾ ਕਿ ਉਹ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦੇਣਗੇ।