ਪਟਿਆਲਾ ਪੁਲਿਸ ਨੇ 'ਪੁਲਿਸ ਸ਼ਹੀਦੀ ਦਿਵਸ' ਮੌਕੇ ਲਗਾਇਆ ਖੂਨਦਾਨ ਕੈਂਪ
ਆਈ.ਜੀ. ਤੇ ਐਸ.ਐਸ.ਪੀ ਸਮੇਤ ਵੱਡੀ ਗਿਣਤੀ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਕੀਤਾ ਖੂਨਦਾਨ
Web Admin
5 Dariya News
ਪਟਿਆਲਾ , 21 Oct 2020
Last updated on: Oct 21, 2020, 00:00 IST
ਹਰ ਸਾਲ 21 ਅਕਤੂਬਰ ਨੂੰ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੇ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਏ ਜਾਂਦੇ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਅੱਜ ਪੁਲਿਸ ਲਾਈਨ ਪਟਿਆਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਆਈ.ਜੀ. ਪਟਿਆਲਾ ਰੇਂਜ ਸ. ਜਤਿੰਦਰ ਸਿੰਘ ਔਲਖ ਅਤੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਸਮੇਤ ਵੱਡੀ ਗਿਣਤੀ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਖੂਨ ਦਾਨ ਕੀਤਾ ਗਿਆ।ਇਸ ਮੌਕੇ 60 ਵਾਰ ਤੋਂ ਜ਼ਿਆਦਾ ਵਾਰ ਖੂਨਦਾਨ ਕਰ ਰਹੇ ਆਈ.ਜੀ. ਪਟਿਆਲਾ ਰੇਂਜ ਸ. ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਪੁਲਿਸ ਜਵਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਦੌਰਾਨ ਖੂਨ ਦਾਨ ਕੈਂਪ ਲਗਾਉਣ ਸ਼ਲਾਘਾਯੋਗ ਕਦਮ ਹੈ ਅਤੇ ਇਸ ਨਾਲ ਹੋਰਨਾਂ ਨੂੰ ਵੀ ਸਮਾਜ ਭਲਾਈ ਦੇ ਕੰਮਾਂ 'ਚ ਹਿੱਸਾ ਪਾਉਣ ਦੀ ਪ੍ਰੇਰਨਾ ਮਿਲੇਗੀ।13ਵੀਂ ਵਾਰ ਖੂਨਦਾਨ ਕਰਨ ਮੌਕੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਪਟਿਆਲਾ ਪੁਲਿਸ ਵੱਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ 'ਚ ਵੱਧ ਚੜਕੇ ਹਿੱਸਾ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਦੇ ਕਰੋਨਾ 'ਤੇ ਜਿੱਤ ਪਾਉਣ ਵਾਲੇ 19 ਪੁਲਿਸ ਅਧਿਕਾਰੀਆਂ ਵੱਲੋਂ ਰਜਿੰਦਰਾ ਹਸਪਤਾਲ ਵਿਖੇ ਪਲਾਜ਼ਮਾ ਦਾਨ ਕਰਨ ਲਈ ਸੈਂਪਲ ਦਿੱਤਾ ਗਿਆ ਸੀ, ਜਿਸ ਵਿਚੋਂ 5 ਪੁਲਿਸ ਅਧਿਕਾਰੀ ਪਲਾਜ਼ਮਾ ਦੇਣ ਲਈ ਤੰਦਰੁਸਤ ਅਤੇ ਫਿੱਟ ਪਾਏ ਗਏ ਹਨ।ਕੋਵਿਡ ਹਦਾਇਤਾਂ ਦੀ ਪਾਲਣਾ ਕਰਦਿਆ ਅੱਜ ਪੁਲਿਸ ਹਸਪਤਾਲ ਵਿਖੇ ਡਾਕਟਰ ਸਜੀਲਾ ਖਾਨ ਦੀ ਨਿਗਰਾਨੀ ਹੇਠ ਆਈ.ਪੀ.ਐਸ. ਟਰੇਨੀ ਸ੍ਰੀ ਮੁਹੰਮਦ ਸਰਫਰਾਜ ਆਲਮ ਸਮੇਤ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਖੂਨ ਦਾਨ ਕੀਤੇ ਗਏ 42 ਯੂਨਿਟਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਇਕੱਤਰ ਕੀਤਾ ਗਿਆ।