ਦੇਸ਼ ਭਰ ਵਿੱਚ 2 ਤੋਂ 19 ਸਾਲ ਦੇ ਵਿਅਕਤੀਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਮੁੱਖ ਮਹਿਮਾਨ ਵਜੋਂ ਪੁੱਜੇ। ਸਕੂਲ ਦੇ ਪ੍ਰਿੰ. ਤੋਤਾ ਸਿੰਘ ਚਹਿਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤੀਆਂ ਅਤੇ ਸਰਕਾਰ ਦੀਆਂ ਸਿਹਤ ਸੰਭਾਲ ਸਬੰਧੀ ਮੁਹਿੰਮਾਂ 'ਚ ਉਨ੍ਹਾਂ ਦੇ ਸਕੂਲ ਦੀ ਸ਼ਮੂਲੀਅਤ ਸਬੰਧੀ ਜਾਣਕਾਰੀ ਦਿੱਤੀ।ਇਸ ਮੌਕੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਪ੍ਰਿੰ. ਤੋਤਾ ਸਿੰਘ ਚਹਿਲ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਦੇ ਖਾਤਮੇ ਲਈ ਅਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਉਣ ਦੀ ਸ਼ੁਰੂਆਤ ਕੀਤੀ। ਪ੍ਰਿੰ. ਤੋਤਾ ਸਿੰਘ ਚਹਿਲ ਤੇ ਡਿਪਟੀ ਡੀ.ਈ.ਓ. ਮਨਜੀਤ ਸਿੰਘ ਖੁਦ ਗੋਲੀਆਂ ਖਾ ਕੇ, ਵਿਦਿਆਰਥੀਆਂ ਲਈ ਮਾਰਗਦਰਸ਼ਕ ਬਣੇ।ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਭਰ 'ਚ 35 ਕਰੋੜ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਜਾ ਰਹੀਆਂ ਹਨ। ਜਿਸ ਦਾ ਮਕਸਦ ਨਵੀਂ ਪੀੜ੍ਹੀ ਨੂੰ ਤੰਦਰੁਸਤ ਤੇ ਸਿਹਤਮੰਦ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਹਨ ਜਿੰਨ੍ਹਾਂ ਦਾ ਅਸੀਂ ਥੋੜ੍ਹੀਆਂ ਜਿਹੀਆਂ ਸਾਵਧਾਨੀਆਂ ਵਰਤ ਕੇ, ਇਲਾਜ ਕਰ ਸਕਦੇ ਹਾਂ। ਡਾ. ਮਲਹੋਤਰਾ ਨੇ ਕਿਹਾ ਕਿ ਪੇਟ ਦੇ ਕੀੜਿਆਂ ਦੀ ਮੁਕਤੀ ਸਬੰਧੀ 17 ਫਰਵਰੀ ਨੂੰ ਵੀ ਉਕਤ ਗੋਲੀਆਂ ਖਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਸਾਲ 'ਚ ਦੋ ਵਾਰ ਫਰਵਰੀ ਤੇ ਅਗਸਤ 'ਚ ਚਲਾਈ ਜਾਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਿਹਤ ਤੇ ਆਲੇ-ਦੁਆਲੇ ਦੀ ਸਵੱਛਤਾ ਲਈ ਉਹ ਵੱਧ-ਚੜ੍ਹ ਕੇ ਯੋਗਦਾਨ ਪਾਉਣ।ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਸੁਧਾ ਗਰੋਵਰ ਨੇ ਦੱਸਿਆ ਕਿ ਖੂੁਨ ਦੀ ਕਮੀ, ਕੁਪੋਸ਼ਨ, ਜੀਅ ਕੱਚਾ ਹੋਣਾ, ਪੇਟ ਦਰਦ, ਉਲਟੀਆਂ ਦਸਤ ਤੇ ਥਕਾਵਟ ਹੋਣਾ, ਪੇਟ ਦੇ ਕੀੜਿਆਂ ਦੀ ਨਿਸ਼ਾਨੀ ਹੁੰਦੀ ਹੈ। ਇੰਨ੍ਹਾਂ ਲੱਛਣਾਂ ਨੂੰ ਦੇਖਦੇ ਹੋਏ ਸਾਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ 'ਚ ਜਾਣਾ ਚਾਹੀਦਾ ਹੈ, ਜਿੱਥੇ ਇਸ ਦਾ ਢੁਕਵਾਂ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਨਵਜਿੰਦਰ ਸੋਢੀ, ਸਕੂਲ ਮੈਡੀਕਲ ਹੈਲਥ ਅਫਸਰ ਡਾ. ਮਨਜੀਤ ਕੌਰ, ਕ੍ਰਿਸ਼ਨ ਕੁਮਾਰ, ਹਰਿੰਦਰ ਕੌਰ, ਵਰਿੰਦਰ ਵਾਲੀਆ, ਡਾ. ਅਮਰਜੀਤ ਕਾਉਂਕੇ, ਡਾ. ਸੁਖਦਰਸ਼ਨ ਸਿੰਘ ਚਹਿਲ, ਨਵਦੀਪ ਕੌਰ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ ਤੇ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ।