ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਰਾਜ ਭਰ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਪਾਇਟੈਕਸ ਗਰਾਉਡ ਰਣਜੀਤ ਐਵੀਨਿਉ ਵਿਖੇ ਸਥਾਪਿਤ ਕੀਤੇ ਗਏ ਮੋਬਾਇਲ ਡਿਜ਼ੀਟਲ ਮਿਊਜ਼ੀਅਮ ਦੀ ਰਸਮੀ ਸ਼ੁਰੂਆਤ ਸ਼੍ਰੀ ਸੁਨੀਲ ਦੱਤੀ ਹਲਕਾ ਵਿਧਾਇਕ ਉਤਰੀ ਵਲੋ ਕੀਤੀ ਗਈ।ਇਸ ਮੌਕੇ ਸ਼੍ਰੀ ਸੁਨੀਲ ਦੱਤੀ, ਐਸ ਡੀ ਐਮ ਬਾਬਾ ਬਕਾਲਾ ਸ਼੍ਰੀਮਤੀ ਸੁਮਿਤ ਮੁੱਧ, ਨਾਇਬ ਤਹਿਸੀਲਦਾਰ ਸ਼ੀ੍ਰਮਤੀ ਅਰਚਨਾ ਸ਼ਰਮਾ ਅਤੇ ਸ਼ਹਿਰ ਦੇ ਹੋਰ ਪਤਵੰਤਿਆਂ ਤੇ ਸਕੂਲੀ ਅਤੇ ਕਾਲਜ ਵਿਦਿਆਰਥੀਆਂ ਨੇ ਮਲਟੀ ਮੀਡੀਆ ਤਕਨੀਕਾਂ ਨਾਲ ਤਿਆਰ ਸਮੁੱਚੇ ਸ਼ੋਅ ਦਾ ਨਾਲ ਆਨੰਦ ਮਾਣਿਆ ਅਤੇ ਪੰਜਾਬ ਸਰਕਾਰ ਦੇ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਨੂੰ ਮਲਟੀ ਮੀਡੀਆ ਤਕਨੀਕ ਸਹਾਰੇ ਮੌਜੂਦਾ ਪੀੜੀ ਤੱਕ ਪਹੁੰਚਾਉਣ ਦੇ ਉਪਰਾਲੇ ਨੂੰ ਸਲਾਹਿਆ।ਸ਼੍ਰੀ ਦੱਤੀ ਨੇ ਕਿਹਾ ਕਿ 7 ਵਿਸ਼ਾਲ ਐਲ. ਈ. ਡੀ. ਸਕਰੀਨਾਂ ਰਾਹੀਂ ਅਤੇ ਹੈੱਡਫ਼ੋਨ 'ਚ ਮਿੱਠੀ ਅਵਾਜ਼ ਰਾਹੀਂ ਗੁਰ ਨਾਨਕ ਦੇਵ ਜੀ ਦੇ ਇਤਿਹਾਸ ਨੂੰ ਸਰਵਣ ਕਰਨਾ ਇੱਕ ਅਲੌਕਿਕ ਨਜ਼ਾਰਾ ਹੈ। ਉਨਾਂਹ ਨੇ ਮਿਊਜ਼ੀਅਮ ਦੇਖਣ ਆਏ ਸਕੂਲੀ ਵਿਦਿਆਰਥੀਆਂ ਲਈ ਇਸ ਮਿਊਜ਼ੀਅਮ ਨੂੰ ਮਾਨਵਤਾ ਦੇ ਪੈਗੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਵਤਾਰੀ ਸਖਸ਼ੀਅਤ ਨਾਲ ਜਾਣੂ ਹੋਣ ਦਾ ਵਧੀਆ ਅਵਸਰ ਕਰਾਰ ਦਿੱਤਾ।ਉਨਾਂ ਕਿਹਾ ਕਿ ਇਹ ਮਿਊਜ਼ੀਅਮ ਅਤੇ ਲਾਈਟ ਤੇ ਸਾਊਂਡ ਸ਼ੋਅ ਪੰਜਾਬ ਸਰਕਾਰ ਵੱਲੋਂ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਨਾਨਕ ਦੇ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪ੍ਰੋਗਰਾਮ ਸਮੁੱਚੇ ਪੰਜਾਬ ਦੇ ਜ਼ਿਲਾ ਹੈੱਡਕੁਆਰਟਰਾਂ ਅਤੇ ਸਤਲੁਜ ਤੇ ਬਿਆਸ ਦਰਿਆਵਾਂ ਕੰਢੇ ਵੀ ਕਰਵਾਏ ਗਏ ਹਨ। ਸ਼੍ਰੀ ਦੱਤੀ ਨੇ ਕਿਹਾ ਕਿ ਉਹ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ 10 ਫਰਵਰੀ ਤੱਕ ਰੋਜ਼ਾਨਾ ਸਵੇਰੇ 7 ਵਜੇ ਤੋਂ ਸ਼ਾਮ 5:00 ਵਜੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਜਾਵੇ। ਉਨਾਂ ਕਿਹਾ ਕਿ ਵਰਚੂਅਲ ਰਿਆਲਟੀ ਤਕਨੀਕ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਜੀਵਨ 'ਤੇ ਤਿਆਰ ਸੰਗੀਤਮਈ ਲੇਜ਼ਰ ਸ਼ੋਅ ਇਸ ਡਿਜ਼ੀਟਲ ਮਿਊਜ਼ੀਅਮ ਦਾ ਸਿਖਰ ਹੋ ਨਿੱਬੜਦਾ ਹੈ।ਇਸ ਮੌਕੇ ਸ਼੍ਰੀਮਤੀ ਸੁਮਿਤ ਮੁੱਧ ਐਸ ਡੀ ਐਮ ਬਾਬਾ ਬਕਾਲਾ ਨੇ ਦੱਸਿਆ ਕਿ 10 ਫਰਵਰੀ ਤੱਕ ਡਿਜੀਟਲ ਮਿਊਜ਼ੀਅਮ ਦਿਖਾਏ ਜਾਣ ਤੋਂ ਇਲਾਵਾ 9 ਫਰਵਰੀ ਅਤੇ 10 ਫਰਵਰੀ ਨੂੰ ਸ਼ਾਮ 6:30 ਤੋਂ 7:15 ਵਜੇ ਤੱਕ ਅਤੇ ਰਾਤ 7:30 ਵਜੇ ਤੋਂ 8:15 ਵਜੇ ਤੱਕ ਲਾਈਟ ਅਤੇ ਸਾਊਂਡ ਸ਼ੋਅ ਅਧਿਆਤਮਕਤਾ ਦੀ ਛਹਿਬਰ ਲਾਏਗਾ ਜੋ ਕਿ ਰੌਸ਼ਨੀ ਅਤੇ ਅਵਾਜ਼ ਦਾ ਅਲੌਕਿਕ ਸੁਮੇਲ ਹੋਵੇਗਾ। ਉਨਾਂ੍ਹ ਦੱਸਿਆ ਕਿ 9 ਫਰਵਰੀ ਨੂੰ ਕੈਬਿਨਟ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਰੋਸ਼ਨੀ ਤੇ ਅਵਾਜ਼ ਪ੍ਰੋਗਰਾਮ ਵਿਚ ਵਿਸ਼ੇਸ ਤੌਰ ਤੇ ਸ਼ਾਮਲ ਹੋਣਗੇ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਇਹ ਸ਼ੋਅ ਵੇਖਣ ਦਾ ਹਾਰਦਿਕ ਸੱਦਾ ਵੀ ਦਿੱਤਾ।