ਪਹਿਲੇ ਦਿਨ ਹੋਏ ਰੋਸ਼ਨੀ ਤੇ ਆਵਾਜ਼ ਪ੍ਰੋਗਰਾਮ ਨੇ ਸੰਗਤਾਂ ਨੂੰ ਅਧਿਆਤਮਕ ਰੰਗ ਵਿੱਚ ਰੰਗਿਆ
5 Dariya News
5 Dariya News
ਫਰੀਦਕੋਟ , 24 Jan 2020
Last updated on: Jan 24, 2020, 00:00 IST
ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਰੀਦਕੋਟ ਦੀ ਨਵੀਂ ਦਾਣਾ ਮੰਡੀ ਵਿਖੇ ਅੱਜ ਸ਼ਾਮੀ ਸ਼ੁਰੂ ਹੋਏ ਲਾਈਟ ਐਂਡ ਸਾਊਂਡ ਸ਼ੋਅ ਨੇ ਇਥੋਂ ਦੀਆਂ ਸੰਗਤਾਂ ਨੂੰ ਪੂਰੀ ਤਰ੍ਹਾਂ ਅਧਿਆਤਮਕਤਾ ਦੇ ਰੰਗ ਵਿੱਚ ਰੰਗ ਦਿੱਤਾ। ਸ਼ਾਮ ਕਰੀਬ 6 ਵਜੇ ਸ਼ੁਰੂ ਹੋਏ ਲਾਈਟ ਐਂਡ ਸਾਊਂਡ ਸ਼ੋਅ ਦੇ ਪਹਿਲੇ ਦਿਨ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਅਤਿ ਆਧੁਨਿਕ ਡਿਜ਼ੀਟਲ ਤਕਨੀਕਾਂ ਅਤੇ ਲੇਜ਼ਰ ਸ਼ੋਅ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ, ਵਿਸ਼ਵ ਸ਼ਾਂਤੀ, ਸਰਬੱਤ ਦੇ ਭਲੇ ਦੇ ਸੁਨੇਹੇ ਨੂੰ ਰੂਪਮਾਨ ਹੁੰਦੇ ਦੇਖਿਆ।ਕ੍ਰਇਏਟਿਵ ਸਾਊਂਡ ਟਰੈਕ, ਵਿਜੂਅਲ ਪ੍ਰੋਜੈਕਸ਼ਨ ਅਤੇ ਐਡਵਾਂਸ ਲੇਜ਼ਰ ਵਾਲੇ ਸ਼ੋਅ ਨੂੰ ਸਥਾਨਕ ਲੋਕਾਂ ਅਤੇ ਲਾਗਲੇ ਪਿੰਡਾਂ ਤੋਂ ਆਈਆਂ ਸੰਗਤਾਂ ਨੇ ਵੀ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਵੇਖਿਆ ਅਤੇ ਬਹੁਤ ਸਾਰੇ ਲੋਕ ਤਾਂ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ ਲਾਈਟ ਐਂਡ ਸਾਊਂਡ ਦਾ ਆਨੰਦ ਮਾਣਿਆ। ਇਸ ਸ਼ੋਅ ਦਾ ਆਨੰਦ ਮਾਣ ਰਹੇ ਲੋਕਾਂ ਨੇ ਸ਼ੋਅ ਵੇਖਣ ਉਪਰੰਤ ਦੱਸਿਆ ਕਿ ਇਹ ਪ੍ਰੋਗਰਾਮ ਉਨ੍ਹਾਂ ਲਈ ਯਾਦਗਾਰ ਹੋ ਨਿਬੜਿਆ ਹੈ, ਜਿਸ ਤੋਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ, ਉਦਾਸੀਆਂ ਅਤੇ ਉਪਦੇਸ਼ਾਂ ਦੀ ਭਰਪੂਰ ਜਾਣਕਾਰੀ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਅਤਿ ਆਧੁਨਿਕ ਤਕਨੀਕਾਂ ਰਾਹੀਂ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਪੀੜ੍ਹੀ ਨੂੰ ਗੁਰੂ ਜੀ ਦੇ ਜੀਵਨ, ਫਲਸਫੇ ਅਤੇ ਸਿੱਖਿਆਵਾਂ ਦੀ ਜਾਣਕਾਰੀ ਲਈ ਕਰਵਾਏ ਜਾ ਰਹੇ ਸ਼ੋਅ ਉਨ੍ਹਾਂ ਨੂੰ ਆਪਣਾ ਗੌਰਵਮਈ ਇਤਿਹਾਸ ਅਤੇ ਵਿਰਸੇ ਅਤੇ ਗੁਰੂ ਜੀ ਦੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਨਾਲ ਜੋੜਨ ਵਿੱਚ ਸਹਾਈ ਸਿੱਧ ਹੋਵੇਗਾ।ਇਸ ਮੌਕੇ ਸ਼ੋਅ ਨੂੰ ਵੇਖਣ ਲਈ ਵਿਸ਼ੇਸ਼ ਤੌਰ ਤੇ ਪੁੱਜੇ ਸ: ਪਰਮਦੀਪ ਸਿੰਘ ਖਹਿਰਾ ਐਸ.ਡੀ.ਐਮ.ਫਰੀਦਕੋਟ ਨੇ ਕਿਹਾ ਕਿ ਇਹ ਸ਼ੋਅ ਗੁਰੂ ਨਾਨਕ ਦੇਵ ਜੀ ਵੱਲੋਂ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਅਤੇ ਉਨ੍ਹਾਂ ਦੇ ਜੀਵਨ, ਫਲਸਫੇ ਤੇ ਅਧਾਰਿਤ ਸੀ ਜਿਸ ਵਿੱਚ ਅਹਿੰਸਾ, ਸ਼ਾਂਤੀ ਭਾਈਚਾਰਕ ਸਾਂਝ, ਮਹਿਲਾ ਸ਼ਸਕਤੀਕਰਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਬਹੁਤ ਉੱਚ ਤਕਨੀਕਾਂ ਨਾਲ ਰੂਪਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਵੱਲੋਂ ਸਮਾਜਿਕ ਬਰਾਬਰਤਾ ਲਈ ਕੀਤੇ ਗਏ ਯਤਨਾਂ ਨੂੰ ਵੀ ਬਹੁਤ ਹੀ ਬਾਖੂਬੀ ਨਾਲ ਪ੍ਰਸਤੁੱਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਵਿਲੱਖਣ ਧੁਨੀਆ ਵਾਲਾ ਲਾਈਟ ਐਂਡ ਸਾਊਂਡ ਸ਼ੋਅ ਪ੍ਰੋਗਰਾਮ 25 ਜਨਵਰੀ ਨੂੰ ਵੀ ਸ਼ਾਮ 6 ਵਜੇਂ ਅਤੇ ਦੂਜਾ ਸ਼ੋੋਅ 7 ਵਜੇ ਸ਼ੁਰੂ ਹੋਵੇਗਾ। ਉਨ੍ਹਾਂ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸ਼ੋੋਅ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਧਾਰਮਿਕ ਵਿਰਸੇ ਨਾਲ ਜੁੜ੍ਹਨ ਲਈ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕਰਨ।