ਲੁਧਿਆਣਾ ਵਿਖੇ ਮਿਤੀ 19 ਦਸੰਬਰ 2019 ਤੋਂ 24 ਦਸੰਬਰ 2019 ਤੱਕ ਹੋਈਆਂ 65ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਬਰਨਾਲਾ ਦੇ ਵਿਦਿਆਰਥੀਆਂ ਨੇ ਸੋਨੇ ਦਾ ਤਮਗਾ ਜਿੱਤਣ ਵਾਲੀ ਪੰਜਾਬ ਦੀ ਟੀਮ ਵਿਚ ਅਹਿਮ ਯੋਗਦਾਨ ਪਾ ਕੇ ਆਪਣਾ ਅਤੇ ਜ਼ਿਲੇ ਦਾ ਨਾਮ ਰੋਸ਼ਨ ਕੀਤਾ। ਜ਼ਿਕਰਯੋਗ ਹੈ ਕਿ ਇਨਾਂ ਖੇਡਾਂ ਵਿਚ ਨੈੱਟਬਾਲ ਦੀ ਅੰਡਰ-19 ਕੈਟੇਗਿਰੀ ਵਿਚ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੀਆਂ ਦੋਵਾਂ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ ਤਮਗੇ ਜਿੱਤੇ ਹਨ ਅਤੇ ਇਨਾਂ ਟੀਮਾਂ ਵਿਚ ਬਰਨਾਲਾ ਜ਼ਿਲੇ ਨਾਲ ਸਬੰਧਤ ਕੁੱਲ 11 ਖਿਡਾਰੀਆਂ ਨੇ ਭਾਗ ਲਿਆ। ਇਨਾਂ ਖਿਡਾਰੀਆਂ ਵਿਚ ਵੱਖ-ਵੱਖ ਸਕੂਲਾਂ ਦੀਆਂ 7 ਲੜਕੀਆਂ; ਨਵਦੀਪ ਨਵੀ, ਰੀਤਿਕਾ, ਜਸਲੀਨ ਕੌਰ, ਅਰਸ਼ਦੀਪ ਕੌਰ, ਸੁਖਮਨਪ੍ਰੀਤ ਕੌਰ, ਮਨਦੀਪ ਕੌਰ ਅਤੇ ਹਰਮਨਪ੍ਰੀਤ ਕੌਰ ਅਤੇ 4 ਲੜਕੇ; ਰਾਹੁਲ ਯਾਦਵ, ਜਸ਼ਨਵੀਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਹਰਜਿੰਦਰਜੀਤ ਸਿੰਘ ਸ਼ਾਮਲ ਹਨ।ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਖਿਡਾਰੀਆਂ, ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਬਰਨਾਲਾ ਵਰਗੇ ਛੋਟੇ ਜਿਹੇ ਜ਼ਿਲੇ ’ਚੋਂ ਖਿਡਾਰੀਆਂ ਦਾ ਪੰਜਾਬ ਦੀ ਰਾਸ਼ਟਰੀ ਪੱਧਰ ਦੀ ਟੀਮ ਲਈ ਇੰਨੀ ਵੱਡੀ ਗਿਣਤੀ ਵਿਚ ਸ਼ਾਮਲ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਇਨਾਂ ਖਿਡਾਰੀਆਂ ਵੱਲੋਂ ਕੀਤੇ ਗਏ ਚੰਗੇ ਪ੍ਰਦਰਸ਼ਨ ਸਦਕਾ ਸੂਬੇ ਦੀ ਟੀਮ ਨੇ ਅੱਵਲ ਰਹਿੰਦਿਆਂ ਸੋਨੇ ਦਾ ਤਮਗ਼ਾ ਵੀ ਹਾਸਲ ਕੀਤਾ ਹੈ ਜੋ ਬਾਕੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗਾ। ਉਨਾਂ ਕਿਹਾ ਕਿ ਇਨਾਂ ਖਿਡਾਰੀਆਂ ਵੱਲੋਂ ਮਾਰੀਆਂ ਮੱਲਾਂ ਨੂੰ ਵੇਖ ਕੇ ਜ਼ਿਲੇ ਦੇ ਬਾਕੀ ਵਿਦਿਆਰਥੀ ਵੀ ਉਤਸ਼ਾਹਿਤ ਹੋਣਗੇ ਅਤੇ ਆਪੋ ਆਪਣੀ ਖੇਡ ਪ੍ਰਤੀ ਇਮਾਨਦਾਰ ਤੇ ਵਫ਼ਦਾਰ ਹੋ ਕੇ ਭਵਿੱਖ ਵਿਚ ਵੱਡੀਆਂ ਮੱਲਾਂ ਮਾਰਨਗੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਬਚਾਇਆ ਜਾ ਸਕੇ। ਉਨਾਂ ਦੱਸਿਆ ਕਿ ਇਸ ਤਹਿਤ ਜ਼ਿਲੇ ਵਿਚ ਸਮੇਂ ਸਮੇਂ ’ਤੇ ਖੇਡ ਸਮਾਗਮ ਕਰਵਾਏ ਜਾਂਦੇ ਹਨ ਅਤੇ ਸਥਾਨਕ ਬਾਬਾ ਕਾਲਾ ਮਹਿਰ ਸਟੇਡੀਅਮ ਦੇ ਨਾਲ-ਨਾਲ ਸਕੂਲਾਂ ਵਿਚ ਵੀ ਖਿਡਾਰੀਆਂ ਨੂੰ ਵੱਖ ਵੱਖ ਖੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸਰਬਜੀਤ ਸਿੰਘ ਤੂਰ, ਸਿਮਰਦੀਪ ਸਿੰਘ ਸਿੱਧੂ, ਕੋਚ ਮਨਜੀਤ ਸਿੰਘ, ਕੋਚ ਲਲਿਤ ਸ਼ਰਮਾ, ਸਰਵਹਿੱਤਕਾਰੀ ਵਿੱਦਿਆ ਮੰਦਰ ਤੋਂ ਐਡਵੋਕੇਟ ਸੋਮਨਾਥ ਗਰਗ, ਅਨਿਲ ਸ਼ਰਮਾ, ਵਿੱਕੀ ਸ਼ਰਮਾਠ ਰੋਸ਼ਨ ਲਾਲ, ਵਾਈ.ਐਸ. ਸਕੂਲ ਹੰਡਿਆਇਆ ਤੋਂ ਜਤਿੰਦਰਜੀਤ ਸਿੰਘ ਅਤੇ ਖਿਡਾਰੀਆਂ ਦੇ ਮਾਪੇ ਵੀ ਹਾਜ਼ਰ ਸਨ।