ਪੰਜਾਬ ਦੇ ਉਚੇਰੀ ਸਿੱਖਿਆ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਕਿ੍ਰਸਮਸ ਦੇ ਸ਼ੁੱਭ ਦਿਹਾੜੇ ਮੌਕੇ ਪੰਜਾਬ ਵਾਸੀਆਂ ਅਤੇ ਖਾਸ ਕਰਕੇ ਈਸਾਈ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਸਾਨੂੰ ਸ਼ਾਂਤੀ, ਪਿਆਰ, ਏਕਤਾ, ਦਇਆ ਅਤੇ ਮਿਲਵਰਤਣ ਦਾ ਸੰਦੇਸ਼ ਦਿੰਦੀਆਂ ਹਨ, ਜਿਨਾਂ ਦੀ ਮੌਜੂਦਾ ਸੰਦਰਭ ਵਿੱਚ ਵੀ ਓਨੀ ਹੀ ਸਾਰਥਕਤਾ ਹੈ। ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਅੱਜ ਕਿ੍ਰਸਮਸ ਦੇ ਦਿਹਾੜੇ ਮੌਕੇ ਵਿਸ਼ੇਸ਼ ਤੌਰ ’ਤੇ ਬਟਾਲਾ ਦੀ ਸੈਂਟਰਲ ਮੈਥੋਡਿਸਟ ਚਰਚ, ਸਾਲਵੇਸ਼ਨ ਆਰਮੀ ਚਰਚ ਅਤੇ ਇਪੀਫਨੀ ਚਰਚ ਵਿਖੇ ਈਸਾਈ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦੇਣ ਲਈ ਪਹੁੰਚੇ ਹੋਏ ਸਨ। ਸ. ਬਾਜਵਾ ਨੇ ਕਿਹਾ ਕਿ ਕਿ੍ਰਸਮਸ ਜੋ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਤੌਰ ’ਤੇ ਮਨਾਇਆ ਜਾਂਦਾ ਹੈ, ਨੂੰ ਦੁਨੀਆ ਭਰ ਵਿੱਚ ਸਿਰਫ ਈਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਹੀ ਨਹੀਂ, ਸਗੋਂ ਹਰ ਵਰਗ ਦੇ ਲੋਕਾਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਅਜਿਹੇ ਮੌਕੇ ਸਾਨੂੰ ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਪੀਡੀਆਂ ਕਰਨ ਦੇ ਨਾਲ-ਨਾਲ ਲੋਕਾਂ ਨੂੰ ਇਕ ਆਦਰਸ਼ ਸਮਾਜ ਦੇ ਸਿਰਜਣਾ ਲਈ ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ ਹੋਣ ਲਈ ਵੀ ਪ੍ਰੇਰਿਤ ਕਰਦੇ ਹਨ।ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਭਾਰਤ ਦੇਸ਼ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਇਥੇ ਸਭ ਧਰਮਾਂ ਅਤੇ ਬੋਲੀਆਂ ਦੇ ਲੋਕ ਮਿਲ-ਜੁਲ ਕੇ ਰਹਿੰਦੇ ਹਨ। ਉਨਾਂ ਕਿਹਾ ਕਿ ਈਸਾਈ ਭਾਈਚਾਰੇ ਦਾ ਦੇਸ਼ ਅਤੇ ਸੂਬੇ ਦੀ ਤਰੱਕੀ ਵਿੱਚ ਅਹਿਮ ਸਥਾਨ ਹੈ।
ਉਨਾਂ ਕਿਹਾ ਕਿ ਰਾਜ ਸਰਕਾਰ ਈਸਾਈ ਭਾਈਚਾਰੇ ਦੀ ਭਲਾਈ ਲਈ ਵਚਨਬੱਧ ਹੈ। ਇਸ ਮੌਕੇ ਸ. ਬਾਜਵਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਪੰਜਾਬ ਸਰਕਾਰ ਵਲੋਂ ਈਸਾਈ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਚਰਚ ਦੇ ਫਾਦਰ ਸਾਹਿਬਾਨ ਵਲੋਂ ਵਿਸ਼ਵ ਸ਼ਾਂਤੀ ਦੀ ਅਰਦਾਸ ਵੀ ਕੀਤੀ ਗਈ।ਇਸ ਮੌਕੇ ਸਾਬਕਾ ਮੰਤਰੀ ਸ਼੍ਰੀ ਅਸ਼ਵਨੀ ਸੇਖੜੀ ਨੇ ਵੀ ਈਸਾਈ ਭਾਈਚਾਰੇ ਨੂੰ ਕਿ੍ਰਸਮਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਭ ਧਰਮ ਆਪਸੀ ਭਾਈਚਾਰੇ ਅਤੇ ਪਿਆਰ ਦਾ ਰਸਤਾ ਦਿਖਾਉਂਦੇ ਹਨ। ਉਨਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਕੁੱਲ ਲੋਕਾਈ ਨੂੰ ਪ੍ਰੇਮ ਅਤੇ ਸੱਚ ਦਾ ਰਸਤਾ ਦਿਖਾਇਆ ਹੈ ਅਤੇ ਉਨਾਂ ਦੀਆਂ ਸਿਖਿਆਵਾਂ ਇਨਸਾਨ ਨੂੰ ਆਦਰਸ਼ ਇਨਸਾਨ ਬਣਨ ਦਾ ਰਸਤਾ ਦੱਸਦੀਆਂ ਹਨ। ਉਨਾਂ ਕਿਹਾ ਕਿ ਈਸਾਈ ਧਰਮ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ ਅਤੇ ਮਨੁੱਖਤਾ ਦੀ ਸੇਵਾ ਵਿੱਚ ਇਸਾਈ ਭਾਈਚਾਰੇ ਦਾ ਬਹੁਤ ਅਹਿਮ ਸਥਾਨ ਹੈ।ਇਸ ਮੌਕੇ ਸੈਂਟਰਲ ਮੈਥੋਡਿਸਟ ਚਰਚ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਕੈਬਨਿਟ ਮੰਤਰੀ ਸ. ਬਾਜਵਾ, ਅਸ਼ਵਨੀ ਸੇਖੜੀ, ਫਾਦਰ ਡੀ.ਐੱਸ. ਮੈਥਿਊ ਮਸੀਹ, ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰੋਸਨ ਜੋਸਫ ਵਲੋਂ ਮਿਲ ਕੇ ਕੇਕ ਕੱਟਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ.ਡੀ.ਐੱਮ. ਬਟਾਲਾ ਬਲਵਿੰਦਰ ਸਿੰਘ, ਚੇਅਰਮੈਨ ਨਗਰ ਸੁਧਾਰ ਟਰੱਸਟ ਕਸਤੂਰੀ ਲਾਲ ਸੇਠ, ਸੁਖਦੀਪ ਸਿੰਘ ਤੇਜਾ, ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਗੌਤਮ ਸੇਠ ਗੁੱਡੂ, ਕਮਲ ਖੋਖਰ, ਜਾਰਜ ਗਿੱਲ, ਮੁਸ਼ਤਾਕ ਮਸੀਹ, ਮੁਖਤਾਰ ਮਸੀਹ, ਰਮੇਸ਼ ਵਰਮਾਂ, ਸੁਨੀਲ ਸਰੀਨ, ਯਸਪਾਲ ਚੌਹਾਨ, ਤਰਸੇਮ ਸਹੋਤਾ ਆਦਿ ਵੀ ਹਾਜ਼ਰ ਸਨ।